ਮੁੰਬਈ: ਅਦਾਕਾਰਾ ਵਾਮਿਕਾ ਗੱਬੀ ਹੁਣ ਤੱਕ ਕਈ ਵੱਡੇ ਪ੍ਰਾਜੈਕਟ ਕਰ ਚੁੱਕੀ ਹੈ ਤੇ ਉਸ ਦੇ ਕਈ ਪ੍ਰਾਜੈਕਟ ਇਸ ਵੇਲੇ ਓਟੀਟੀ ਪਲੈਟਫਾਰਮਾਂ ’ਤੇ ਸਫ਼ਲਤਾ ਨਾਲ ਦਿਖਾਏ ਵੀ ਜਾ ਰਹੇ ਹਨ। ਪ੍ਰਾਈਮ ਵੀਡੀਓਜ਼ ਆਫੀਸ਼ੀਅਲ ’ਤੇ ਵਿਸ਼ਾਲ ਭਾਰਦਵਾਜ ਵੱਲੋਂ ‘ਮਾਡਰਨ ਲਵ’ ਦੇ ਹਿੰਦੀ ਰੂਪਾਂਤਰਨ ‘ਖ਼ੁਫ਼ੀਆ’ ਵਿੱਚ ਅਤੇ ਨੈੱਟਫਲਿਕਸ ’ਤੇ ਵਿਕਰਮਾਦਿੱਤਿਆ ਮੋਟਵਾਨੀ ਦੀ ਵੈੱਬਸੀਰੀਜ਼ ‘ਸਟਾਰਡਸਟ’ ਤੇ ਅਤੁਲ ਮੌਂਗੀਆ ਦੀ ਵੈੱਬਸੀਰੀਜ਼ ‘ਮਾਈ’ ਵਿੱਚ ਵਾਮਿਕਾ ਨੇ ਭੂਮਿਕਾਵਾਂ ਅਦਾ ਕੀਤੀਆਂ ਹਨ। ਬੀਤੇ ਵਰ੍ਹੇ ਬਾਰੇ ਗੱਲ ਕਰਦਿਆਂ ਵਾਮਿਕਾ ਨੇ ਕਿਹਾ, ‘2021 ਮੇਰੇ ਲਈ ਬਹੁਤ ਹੀ ਮਸਰੂਫੀਅਤ ਭਰਿਆ ਰਿਹਾ ਹੈ ਜਿਸ ਵਿੱਚ ਕਬੀਰ ਖ਼ਾਨ ਦੀ ਫਿਲਮ ‘83’ ਨਾਲ ਮੈਂ ਹਿੰਦੀ ਫਿਲਮਾਂ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ। ਡਿਜੀਟਲ ਪਲੈਟਫਾਰਮ ਹੌਟਸਟਾਰ ’ਤੇ ਵੀ ਮੈਂ ‘ਗ੍ਰਹਿਣ’ ਸੀਰੀਜ਼ ਕੀਤੀ ਤੇ ਇਸ ਦੇ ਨਾਲ ਹੀ ਮੈਂ ਪੰਜਾਬੀ ਫਿਲਮਾਂ ਵਿੱਚ ਵੀ ਆਪਣਾ ਕੰਮ ਜਾਰੀ ਰੱਖਿਆ। ਇਸ ਸਾਲ ਮੇਰੇ ਕੋਲ ਹੋਰ ਵੀ ਵੱਡੇ ਪ੍ਰਾਜੈਕਟ ਅਤੇ ਯੋਜਨਾਵਾਂ ਹਨ। ਇਸ ਵਰ੍ਹੇ ਆਉਣ ਵਾਲੇ ਆਪਣੇ ਨਵੇਂ ਪ੍ਰਾਜੈਕਟਾਂ ਵਿੱਚ ਮੈਨੂੰ ਫਿਲਮ ਜਗਤ ਦੀਆਂ ਕੁਝ ਬਹੁਤ ਹੀ ਉੱਘੀਆਂ ਹਸਤੀਆਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ।’ ਵਾਮਿਕਾ ਨੇ ਕਿਹਾ ਕਿ ਉਹ ਸਦਾ ਤੋਂ ਹੀ ਵਿਸ਼ਾਲ ਅਤੇ ਵਿਕਰਮ ਦੇ ਕੰਮ ਦੀ ਪ੍ਰਸ਼ੰਸਕ ਰਹੀ ਹੈ ਤੇ ਉਨ੍ਹਾਂ ਨਾਲ ਇੰਨੇ ਵੱਡੇ ਪ੍ਰਾਜੈਕਟਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਣਾ ਉਸ ਲਈ ਵੱਡੀ ਗੱਲ ਹੈ। -ਆਈਏਐੱਨਐੱਸ