ਮੁੰਬਈ, 20 ਨਵੰਬਰ
ਬੰਗਾਲੀ ਫਿਲਮ ਨਿਰਮਾਤਾ ਬੁੱਧਾਦੇਵ ਦਾਸ ਗੁਪਤਾ ਵੱਲੋਂ ਬਣਾਈ ਗਈ ਨਵੀਂ ਫਿਲਮ ‘ਅਨਵਰ ਕਾ ਅਜਬ ਕਿੱਸਾ’ ਬਾਰੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਤੇ ਪੰਕਜ ਤ੍ਰਿਪਾਠੀ ਨੇ ਆਪਣੇ ਤਜਰਬੇ ਸਾਂਝੇ ਕੀਤੇ ਹਨ। ਸਿੱਦੀਕੀ ਨੇ ਫਿਲਮ ਵਿੱਚ ਨਿਭਾਏ ਆਪਣੇ ਹਾਸਰਸ ਕਿਰਦਾਰ ਬਾਰੇ ਦੱਸਿਆ ਕਿ ਇਸ ਫਿਲਮ ’ਚ ਉਸਨੇ ਅਜਿਹੇ ਜਾਸੂਸ ਦਾ ਕਿਰਦਾਰ ਨਿਭਾਇਆ ਹੈ, ਜੋ ਬਹੁਤ ਵੱਖਰੇ ਤਰੀਕੇ ਦੀ ਸੋਚ ਦਾ ਮਾਲਕ ਹੈ ਤੇ ਉਹ ਸੋਚ ਜੋ ਕਿ ਆਮ ਇਨਸਾਨ ਦੀ ਸਮਝ ਤੋਂ ਬਹੁਤ ਪਰ੍ਹੇ ਹੈ, ਉਹ ਆਪਣੀ ਹੀ ਦੁਨੀਆ ’ਚ ਮਸਤ ਰਹਿੰਦਾ ਹੈ ਤੇ ਆਪਣੇ ਦਿਲ ਦੀ ਜ਼ਿਆਦਾ ਸੁਣਦਾ ਹੈ। ਸਦੀਕੀ ਨੇ ਅੱਗੇ ਦੱਸਿਆ ਕਿ ਇਸ ਫਿਲਮ ਰਾਹੀਂ ਅਜਿਹੇ ਕਿਰਦਾਰ ਨੂੰ ਜਿਊਣਾ ਇੱਕ ਯਾਦਗਾਰ ਤਜਰਬਾ ਹੈ। ਉਸਨੇ ਅੱਗੇ ਇਹ ਵੀ ਕਿਹਾ ਕਿ ਉਸਨੂੰ ਭਰੋਸਾ ਹੈ ਕਿ ਜਾਸੂਸ ਦਾ ਇਹ ਅਲੱਗ ਤਰੀਕੇ ਵਾਲਾ ਕਿਰਦਾਰ ਸਾਰੇ ਦਰਸ਼ਕਾਂ ਦੇ ਦਿਲਾਂ ’ਚ ਮਕਬੂਲੀਅਤ ਹਾਸਲ ਕਰੇਗਾ। ਇਹ ਫਿਲਮ ਅਜਿਹੇ ਇਨਸਾਨ ਦੀ ਕਹਾਣੀ ਬਿਆਨ ਕਰਦੀ ਹੈ ਜੋ ਕਿ ਰੂਹ ਨੂੰ ਮਿਲਣ ਵਾਲੇ ਅਣਦੇਖੇ ਸਕੂਨ ਦੀ ਭਾਲ ਵਿੱਚ ਹੈ। ਇਸ ਫਿਲਮ ’ਚ ਅਹਿਮ ਰੋਲ ਅਦਾ ਕਰਨ ਵਾਲੇ ਪੰਕਜ ਤ੍ਰਿਪਾਠੀ ਨੇ ਦੱਸਿਆ ਕਿ ਇਹ ਫਿਲਮ ਇਨਸਾਨੀ ਦਿਮਾਗ ਅਤੇ ਕੁਦਰਤ ਦੀ ਖੂਬਸੂਰਤੀ ਨੂੰ ਬਾਖੂਬੀ ਬਿਆਨ ਕਰਦੀ ਹੈ।
ਤ੍ਰਿਪਾਠੀ ਨੇ ਇਹ ਵੀ ਕਿਹਾ ਕਿ ਉਸਨੂੰ ਫਿਲਮ ’ਚ ਕੰਮ ਕਰ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਤੇ ਜਦੋਂ ਫਿਲਮ ਦੀ ਕਹਾਣੀ ਦੇ ਵੱਖ-ਵੱਖ ਪਹਿਲੂ ਦਰਸ਼ਕਾਂ ਦੇ ਸਾਹਮਣੇ ਆਉਣਗੇ ਤਾਂ ਇਹ ਦਰਸ਼ਕਾਂ ਦੇ ਚਿਹਰੇ ’ਤੇ ਮੁਸਕਰਾਹਟ ਲੈ ਕੇ ਆਉਣਗੇ। ਇਸ ਫਿਲਮ ’ਚ ਨਿਹਾਰਕਾ ਸਿੰਘ ਨੇ ਵੀ ਅਦਾਕਾਰੀ ਕੀਤੀ ਹੈ। -ਆਈਏਐੱਨਐੱਸ