ਪ੍ਰੋ. ਨਵ ਸੰਗੀਤ ਸਿੰਘ
ਬਾਸੂ ਚੈਟਰਜੀ ਨੂੰ ਫ਼ਿਲਮੀ ਦੁਨੀਆ ਵਿਚ ‘ਬਾਸੂ ਦਾ’ ਵਜੋਂ ਜਾਣਿਆ ਜਾਂਦਾ ਹੈ। ਉਹ ਹਿੰਦੀ ਅਤੇ ਬੰਗਾਲੀ ਫ਼ਿਲਮ-ਨਿਰਦੇਸ਼ਕ ਅਤੇ ਉੱਘਾ ਪਟਕਥਾ ਲੇਖਕ ਸੀ। ਉਸ ਨੇ ਹਿੰਦੀ ਫ਼ਿਲਮ ਉਦਯੋਗ ਨੂੰ ਲਗਾਤਾਰ ਕਈ ਸੱਚੀਆਂ ਕਹਾਣੀਆਂ ਦਾ ਤੋਹਫ਼ਾ ਦਿੱਤਾ। ਹਾਲਾਂਕਿ ਉਹਦੀ ਅਸਲੀ ਪ੍ਰਤਿਭਾ ਸ਼ਾਇਦ ਇਸ ਗੱਲ ਵਿਚ ਮੌਜੂਦ ਸੀ ਕਿ ਉਹ ਮੱਧ ਵਰਗ ਅਤੇ ਸ਼ਹਿਰੀ ਭਾਰਤ ਨੂੰ ਹਲਕੇ- ਫੁਲਕੇ ਅਤੇ ਯਥਾਰਥਵਾਦੀ ਅੰਦਾਜ਼ ਵਿਚ ਪੇਸ਼ ਕਰਨ ਵਿਚ ਹਮੇਸ਼ਾਂ ਕਾਮਯਾਬ ਰਹਿੰਦਾ ਸੀ।
ਬਾਸੂ ਚੈਟਰਜੀ ਦਾ ਜਨਮ 10 ਜਨਵਰੀ 1930 ਨੂੰ ਅਜਮੇਰ (ਰਾਜਸਥਾਨ) ਵਿਖੇ ਹੋਇਆ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੈਗਜ਼ੀਨ ‘ਬਲਿਟਜ਼’ ਵਿਚ ਬਤੌਰ ਇਲੱਸਟ੍ਰੇਟਰ ਅਤੇ ਕਾਰਟੂਨਿਸਟ ਕੀਤੀ, ਜਿੱਥੇ ਉਹਨੇ ਕਰੀਬ 18 ਸਾਲ ਕੰਮ ਕੀਤਾ; ਜਦੋਂਕਿ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 1966 ਵਿਚ ‘ਤੀਸਰੀ ਕਸਮ’ (ਰਾਜ ਕਪੂਰ ਅਤੇ ਵਹੀਦਾ ਰਹਿਮਾਨ) ਤੋਂ ਕੀਤੀ ਸੀ। ਇਸ ਵਿਚ ਉਸ ਨੇ ਬਾਸੂ ਭੱਟਾਚਾਰੀਆ ਦੇ ਸਹਾਇਕ ਵਜੋਂ ਕੰਮ ਕੀਤਾ ਸੀ। ਇਸ ਫ਼ਿਲਮ ਨੂੰ ਪਿੱਛੋਂ ਬਿਹਤਰੀਨ ਫੀਚਰ ਫ਼ਿਲਮ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ। ਉਦੋਂ ਹੀ ਉਸ ਨੇ ਫ਼ਿਲਮ ਨਿਰਦੇਸ਼ਕ ਬਣਨ ਦਾ ਫ਼ੈਸਲਾ ਕੀਤਾ ਅਤੇ ਆਖ਼ਿਰਕਾਰ ਉਸ ਨੇ 1969 ਵਿਚ ‘ਸਾਰਾ ਆਕਾਸ਼’ ਫ਼ਿਲਮ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ।
ਉਸ ਦੀਆਂ ਫ਼ਿਲਮਾਂ ਸ਼ਹਿਰੀ ਖੇਤਰ ਦੇ ਅਕਸਰ ਮੱਧ ਵਰਗੀ ਪਰਿਵਾਰਾਂ ਦੀਆਂ ਹਲਕੀਆਂ ਫੁਲਕੀਆਂ ਕਹਾਣੀਆਂ ਨਾਲ ਜੁੜੀਆਂ ਹੁੰਦੀਆਂ ਹਨ, ਜਿਸ ਵਿਚ ਵਿਆਹੁਤਾ ਅਤੇ ਪ੍ਰੇਮ ਸਬੰਧਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਂਦਾ। 1970 ਤੋਂ 1980 ਦੇ ਦਹਾਕੇ ਦੌਰਾਨ ਉਹ ਮੱਧ ਸਿਨਮਾ ਦੇ ਨਾਂ ਨਾਲ ਜਾਣੇ ਜਾਣ ਵਾਲੇ ਸਿਨਮਾ ਨਾਲ ਜੁੜਿਆ ਰਿਹਾ। ਉਸ ਨੇ ਆਪਣੀਆਂ ਕਈ ਸਾਧਾਰਨ ਫ਼ਿਲਮਾਂ ਵਿਚ ਵੱਡੇ ਸਿਤਾਰਿਆਂ ਨੂੰ ਪੇਸ਼ ਕੀਤਾ, ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਅਜਿਹੀਆਂ ਭੂਮਿਕਾਵਾਂ ਵਿਚ ਕਦੇ ਨਹੀਂ ਸੀ ਵੇਖਿਆ ਗਿਆ। ਉਸ ਨੇ ‘ਸ਼ੌਕੀਨ’ ਵਿਚ ਮਿਥੁਨ ਚੱਕਰਵਰਤੀ ਨੂੰ ਰਤੀ ਅਗਨੀਹੋਤਰੀ ਨਾਲ, ‘ਸ਼ੀਸ਼ਾ’ ਵਿਚ ਮਿਥੁਨ ਚੱਕਰਵਰਤੀ ਨੂੰ ਮੁਨਮੁਨ ਸੇਨ ਨਾਲ, ‘ਉਸ ਪਾਰ’ ਵਿਚ ਵਿਨੋਦ ਮਹਿਰਾ ਨੂੰ ਮੌਸਮੀ ਚੈਟਰਜੀ ਨਾਲ, ‘ਪ੍ਰਿਯਤਮਾ’ ਵਿਚ ਜਤਿੰਦਰ ਨੂੰ ਨੀਤੂ ਸਿੰਘ ਨਾਲ, ‘ਮਨਪਸੰਦ’ ਵਿਚ ਦੇਵ ਆਨੰਦ ਨੂੰ ਟੀਨਾ ਮੁਨੀਮ ਨਾਲ, ‘ਚੱਕਰਵਿਊ’ ਵਿਚ ਰਾਜੇਸ਼ ਖੰਨਾ ਨੂੰ ਨੀਤੂ ਸਿੰਘ ਨਾਲ ਅਤੇ ‘ਦਿਲਲਗੀ’ ਵਿਚ ਧਰਮਿੰਦਰ ਨੂੰ ਹੇਮਾ ਮਾਲਿਨੀ ਨਾਲ ਸਾਹਮਣੇ ਲਿਆਂਦਾ।
ਚੈਟਰਜੀ ਨੇ ਆਪਣੇ ਕਰੀਅਰ ’ਚ ਕਈ ਬੰਗਾਲੀ ਫ਼ਿਲਮਾਂ- ‘ਹੋਥਾਤ ਬ੍ਰਿਸ਼ਟੀ’, ‘ਹੋਚੇਚਤਾ ਕੀ’ ਅਤੇ ‘ਹੋਥਾਤ ਸ਼ੇਈ ਦਿਨ’ ਦੇ ਨਾਲ-ਨਾਲ ਦੂਰਦਰਸ਼ਨ ਲਈ ਟੀਵੀ ਸੀਰੀਅਲ ‘ਬਿਓਮਕੇਸ਼ ਬਖਸ਼ੀ’ ਅਤੇ ‘ਰਜਨੀ’ ਦਾ ਵੀ ਨਿਰਦੇਸ਼ਨ ਕੀਤਾ। ਉਹ 1977 ਵਿਚ 10ਵੇਂ ਮਾਸਕੋ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਵਿਚ ਜਿਊਰੀ ਦਾ ਮੈਂਬਰ ਅਤੇ ‘ਏਸ਼ੀਅਨ ਅਕੈਡਮੀ ਆਫ ਫ਼ਿਲਮ ਐਂਡ ਟੈਲੀਵਿਜ਼ਨ’ ਦੇ ‘ਇੰਟਰਨੈਸ਼ਨਲ ਫ਼ਿਲਮ ਐਂਡ ਟੈਲੀਵਿਜ਼ਨ ਕਲੱਬ’ ਦਾ ਮੈਂਬਰ ਵੀ ਰਿਹਾ।
ਉਸ ਦੀਆਂ ਫ਼ਿਲਮਾਂ ਵਿਚ ਸਮਾਜ ਦੀ ਨੈਤਿਕਤਾ ਅਤੇ ਰੀਤੀ-ਰਿਵਾਜਾਂ ਦੀ ਝਲਕ ਸਾਫ਼ ਵਿਖਾਈ ਦਿੰਦੀ ਹੈ, ਹਾਲਾਂਕਿ ਜਿਨ੍ਹਾਂ ਫ਼ਿਲਮਾਂ ਲਈ ਚੈਟਰਜੀ ਨੂੰ ਸਭ ਤੋਂ ਵਧੇਰੇ ਯਾਦ ਕੀਤਾ ਜਾਂਦਾ ਹੈ, ਉਹ ਕਲਾਸਿਕ ਫ਼ਿਲਮਾਂ ਹਨ, ਜਿਨ੍ਹਾਂ ਵਿਚ ਕਾਮੇਡੀ ਲਈ ਫ਼ਿਲਮ ਉਦਯੋਗ ਦੀ ਧਾਰਨਾ ਨੂੰ ਬਦਲ ਕੇ ਪੇਸ਼ ਕੀਤਾ ਗਿਆ ਹੈ ਅਤੇ ਇਹ ਆਪਣੇ ਆਪ ਵਿਚ ਪੂਰਨ ਮਨੋਰੰਜਨ ਵੀ ਬਣ ਗਿਆ। ਉਸ ਨੂੰ ਆਪਣੀਆਂ ਕਰੀਬ 32 ਫ਼ਿਲਮਾਂ, ਵਿਸ਼ੇਸ਼ ਕਰਕੇ ‘ਉਸ ਪਾਰ’, ‘ਛੋਟੀ ਸੀ ਬਾਤ’, ‘ਚਿਤਚੋਰ’, ‘ਰਜਨੀਗੰਧਾ’, ‘ਪੀਆ ਕਾ ਘਰ’, ‘ਖੱਟਾ-ਮੀਠਾ’, ‘ਚੱਕਰਵਿਊ’, ‘ਬਾਤੋਂ ਬਾਤੋਂ ਮੇਂ’, ‘ਪ੍ਰਿਯਤਮਾ’, ‘ਮਨਪਸੰਦ’, ‘ਹਮਾਰੀ ਬਹੂ ਅਲਕਾ’, ‘ਸ਼ੌਕੀਨ’ ਅਤੇ ‘ਚਮੇਲੀ ਕੀ ਸ਼ਾਦੀ’ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ‘ਚਮੇਲੀ ਕੀ ਸ਼ਾਦੀ’ ਉਸ ਵੱਲੋਂ ਲਿਖੀ ਆਖ਼ਰੀ ਫ਼ਿਲਮ ਸੀ, ਜੋ ਵਪਾਰਕ ਤੌਰ ’ਤੇ ਬਹੁਤ ਸਫਲ ਹੋਈ ਸੀ। ਉਸ ਨੇ ਬੰਗਲਾਦੇਸ਼ੀ ਫ਼ਿਲਮ ‘ਏਕ ਕੱਪ ਚਾਏ’ ਦੀ ਪਟਕਥਾ ਵੀ ਲਿਖੀ ਸੀ।
ਬਾਸੂ ਨੇ 4 ਜੂਨ 2020 ਨੂੰ 90 ਸਾਲ ਦੀ ਉਮਰ ਵਿਚ ਮੁੰਬਈ ਵਿਖੇ ਆਪਣੇ ਘਰ ਵਿਚ ਨੀਂਦ ਵਿਚ ਹੀ ਆਖਰੀ ਸਾਹ ਲਿਆ। ਉਸ ਨੇ ਹਿੰਦੀ ਫ਼ਿਲਮ ਉਦਯੋਗ ਨੂੰ ਕੁਝ ਖ਼ੂਬਸੂਰਤ ਕਹਾਣੀਆਂ ਦਾ ਤੋਹਫਾ ਦਿੱਤਾ ਹੈ, ਜੋ ਮੱਧਵਰਗ ਅਤੇ ਸ਼ਹਿਰੀ ਭਾਰਤ ਬਾਰੇ ਸਾਨੂੰ ਰੂਬਰੂ ਕਰਵਾਉਂਦੀਆਂ ਹਨ। ਉਸ ਨੂੰ ਕੁਝ ਮਹੱਤਵਪੂਰਨ ਸਨਮਾਨ ਵੀ ਮਿਲੇ, ਜਿਨ੍ਹਾਂ ਵਿਚ ‘ਸਾਰਾ ਆਕਾਸ਼’ ਲਈ (1972) ਫ਼ਿਲਮਫੇਅਰ ਬਿਹਤਰੀਨ ਸਕਰੀਨਪਲੇਅ ਐਵਾਰਡ, ‘ਰਜਨੀਗੰਧਾ’ ਲਈ (1975) ਬਿਹਤਰੀਨ ਫ਼ਿਲਮਫੇਅਰ ਕ੍ਰਿਟਿਕਸ ਐਵਾਰਡ, ‘ਛੋਟੀ ਸੀ ਬਾਤ’ ਲਈ (1976) ਬਿਹਤਰੀਨ ਫ਼ਿਲਮਫੇਅਰ ਸਕਰੀਨ ਪਲੇਅ ਐਵਾਰਡ, ‘ਸਵਾਮੀ’ ਲਈ (1978) ਬਿਹਤਰੀਨ ਫ਼ਿਲਮਫੇਅਰ ਨਿਰਦੇਸ਼ਕ ਐਵਾਰਡ, ‘ਜੀਨਾ ਯਹਾਂ’ ਲਈ (1980) ਫ਼ਿਲਮਫੇਅਰ ਬਿਹਤਰੀਨ ਕ੍ਰਿਟਿਕਸ ਐਵਾਰਡ ਆਦਿ ਸ਼ਾਮਲ ਹਨ।
ਉਸ ਦੀਆਂ ਫ਼ਿਲਮਾਂ ਸਮਾਜਿਕ ਅਤੇ ਨੈਤਿਕ ਮੁੱਦਿਆਂ ਬਾਰੇ ਵੀ ਗੱਲ ਕਰਦੀਆਂ ਹਨ। ਇਹ ਉਹ ਫ਼ਿਲਮਾਂ ਹਨ, ਜੋ ਲੋਕਾਂ ਦੇ ਦਿਲੋ-ਦਿਮਾਗ਼ ਵਿਚ ਉਸ ਦੇ ਕੰਮ ਨੂੰ ਹਮੇਸ਼ਾਂ ਤਾਜ਼ਾ ਰੱਖਣਗੀਆਂ। ਬਾਸੂ ਦੀਆਂ ਦਸ ਫ਼ਿਲਮਾਂ ਜੀਵਨ ਦਾ ਸਾਰ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ‘ਸਾਰਾ ਆਕਾਸ਼’ (1969), ‘ਰਜਨੀਗੰਧਾ’ (1974), ‘ਛੋਟੀ ਸੀ ਬਾਤ’ (1976), ‘ਚਿੱਤਚੋਰ’ (1976), ‘ਸਵਾਮੀ’ (1977), ‘ਖੱਟਾ-ਮੀਠਾ’ (1978),‘ਬਾਤੋਂ ਬਾਤੋਂ ਮੇਂ’ (1979), ‘ਸ਼ੌਕੀਨ’ (1982), ‘ਚਮੇਲੀ ਕੀ ਸ਼ਾਦੀ’ (1986) ਅਤੇ ‘ਕਮਲਾ ਕੀ ਮੌਤ’ (1989) ਸ਼ਾਮਲ ਹਨ।
ਸੰਪਰਕ: 94176-92015