ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਆਪਣੀ ਪਹਿਲੀ ਐਕਸ਼ਨ ਫ਼ਿਲਮ ‘ਕੋਡ ਨੇਮ: ਤਿਰੰਗਾ’ ਦੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ਉਹ ਪੰਜਾਬੀ ਗਾਇਕ ਹਾਰਡੀ ਸੰਧੂ ਨਾਲ ਕੰਮ ਕਰ ਰਹੀ ਹੈ। ਪਰਿਨੀਤੀ ਨੇ ਦੱਸਿਆ ਕਿ ਇਹ ਫਿਲਮ ਭਾਰਤ ਦੀ ਰਾਖੀ ਕਰਨ ਵਾਲੇ ਨਾਇਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਸੁਰੱਖਿਅਤ ਹੈ। ਪਰਿਨੀਤੀ ਫਿਲਮ ਵਿੱਚ ਇੱਕ ਜਾਸੂਸ ਦਾ ਕਿਰਦਾਰ ਨਿਭਾ ਰਹੀ ਹੈ ਜੋ ਭਾਰਤ ਨੂੰ ਬਚਾਉਣ ਲਈ ਬੇਹੱਦ ਜੋਖਮ ਭਰੇ ਮਿਸ਼ਨ ’ਤੇ ਕੰਮ ਕਰਦੀ ਹੈ। ਪਰਿਨੀਤੀ ਨੇ ਕਿਹਾ ਕਿ ‘ਕੋਡ ਨੇਮ: ਤਿਰੰਗਾ’ ਭਾਰਤ ਦੇ ਸਾਰੇ ਅਣਗਿਣਤ ਰੱਖਿਅਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਬਹਾਦਰੀ ਤੇ ਕੁਰਬਾਨੀਆਂ ਜ਼ਰੀਏ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਤੇ ਉਸ ਦੇ ਦਿਲ ਵਿਚ ਇਨ੍ਹਾਂ ਬਹਾਦਰ ਯੋਧਿਆਂ ਲਈ ਖਾਸ ਥਾਂ ਹੈ। ਉਸ ਨੇ ਕਿਹਾ ਕਿ ਉਹ ਇਕ ਅਜਿਹੀ ਫਿਲਮ ਕਰਨਾ ਚਾਹੁੰਦੀ ਹੈ ਜਿਸ ਵਿਚ ਉਹ ਅਜਿਹੇ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕਰੇ। ਉਸ ਨੇ ਕਿਹਾ ਕਿ ਸਾਨੂੰ ਇਨ੍ਹਾਂ ਯੋਧਿਆਂ ’ਤੇ ਸਦਾ ਮਾਣ ਰਹੇਗਾ ਕਿਉਂਕਿ ਉਨ੍ਹਾਂ ਦੀ ਔਖੀ ਜ਼ਿੰਦਗੀ ਨੇ ਸਾਨੂੰ ਬਿਹਤਰ ਮਨੁੱਖ ਬਣਨ ਲਈ ਪ੍ਰੇਰਿਤ ਕੀਤਾ ਹੈ ਅਤੇ ਅਸੀਂ ਸਾਰੇ ਉਨ੍ਹਾਂ ਦੇ ਕਰਜ਼ਦਾਰ ਹਾਂ। ਫਿਲਮ ਦੇ ਨਿਰਦੇਸ਼ਕ ਰਿਭੂ ਦਾਸਗੁਪਤਾ ਹਨ ਜਿਨ੍ਹਾਂ ਇਸ ਤੋਂ ਪਹਿਲਾਂ ਓਟੀਟੀ ਪਲੇਟਫਾਰਮ ’ਤੇ ਆਈ ਫਿਲਮ ‘ਦਿ ਗਰਲ ਆਨ ਦਿ ਟਰੇਨ’ ਦਾ ਨਿਰਦੇਸ਼ਨ ਕੀਤਾ ਸੀ। ‘ਕੋਡ ਨੇਮ: ਤਿਰੰਗਾ’ 14 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। -ਆਈਏਐੱਨਐੱਸ