ਸੁਰਜੀਤ ਜੱਸਲ
ਪੰਜਾਬੀ ਸਿਨਮਾ ਵਿੱਚ ਬਹੁਤ ਘੱਟ ਅਜਿਹੀਆਂ ਫਿਲਮਾਂ ਬਣਦੀਆਂ ਹਨ ਜੋ ਦਰਸ਼ਕਾਂ ਦੇ ਧੁਰ ਅੰਦਰ ਤੱਕ ਲਹਿ ਜਾਂਦੀਆਂ ਹਨ। ਰੁਮਾਂਸਮਈ ਫਿਲਮਾਂ ਦਾ ਦੌਰ ਸ਼ੁਰੂ ਕਰਨ ਵਾਲਾ ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਹੁਣ ਸੰਗੀਤਮਈ ਰੁਮਾਂਟਿਕ ਫਿਲਮ ‘ਮੋਹ’ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਿਹਾ ਹੈ। ਇਸ ਫਿਲਮ ਜ਼ਰੀਏ ਪੰਜਾਬੀ ਸਿਨਮਾ ਨੂੰ ਗੀਤਾਂਜ ਬਿੰਦਰੱਖੀਆ ਜਿਹਾ ਸੰਭਾਵਨਾਵਾਂ ਭਰਪੂਰ ਅਦਾਕਾਰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਲੰਮੀ ਹੇਕ ਵਾਲੇ ਗਾਇਕ ਸੁਰਜੀਤ ਬਿੰਦਰੱਖੀਆ ਦੇ ਬੇਟੇ ਗਿਤਾਂਜ ਦੀ ਇਹ ਪਹਿਲੀ ਫਿਲਮ ਹੈ ਜਿਸ ਵਿੱਚ ਉਸ ਨੇ ਰੱਬੀ ਦਾ ਕਿਰਦਾਰ ਨਿਭਾਇਆ ਹੈ।
ਇਹ ਇੱਕ ਅਜਿਹੀ ਲਵ ਸਟੋਰੀ ਹੈ ਜੋ ਪੰਜਾਬ ਦੀ ਧਰਾਤਲ ਨਾਲ ਜੁੜੀ ਸਮਾਜਿਕ ਦਾਇਰੇ ’ਚੋਂ ਉਪਜੀਆਂ ਘਟਨਾਵਾਂ ’ਤੇ ਆਧਾਰਿਤ ਸ਼ਾਇਰੀ ਨੁਮਾਂ ਗੀਤ ਸੰਗੀਤ ਦੀ ਅਨੋਖੀ ਪੇਸ਼ਕਾਰੀ ਹੈ। ਫਿਲਮ ਦਾ ਨਾਇਕ ਹੈ ਰੱਬੀ ਅਤੇ ਨਾਇਕਾ ਗੋਰੇ… ਜੋ ਇੱਕ ਦੂਜੇ ਨੂੰ ਜਾਨੋਂ ਵਧ ਕੇ ਚਾਹੁੰਦੇ ਹਨ। ਰੱਬੀ ਦਾ ਕਿਰਦਾਰ ਗੀਤਾਂਜ ਨੇ ਏਨਾ ਖੁਭ ਕੇ ਨਿਭਾਇਆ ਹੈ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਹੀ ਜਾ ਉਤਰਿਆ। ਗੋਰੇ ਦਾ ਕਿਰਦਾਰ ਸਰਗੁਣ ਮਹਿਤਾ ਨੇ ਨਿਭਾਇਆ ਹੈ। ਸ਼ਿਵ ਕੁਮਾਰ ਬਟਾਲਵੀ ਦੀਆਂ ਕਿਤਾਬਾਂ ਪੜ੍ਹਣ ਵਾਲਾ ਅੱਲ੍ਹੜ ਮੁੰਡਾ ਰੱਬੀ ਸਕੂਲ ਪੜ੍ਹਦੀ ਮੰਡੀਰ ’ਚੋਂ ਵਿਲੱਖਣ ਸੋਚ ਵਾਲਾ ਹੈ ਜੋ ਪਿਆਰ ਨੂੰ ਜਿਸਮਾਂ ਦੀ ਭੁੱਖ ਨਾਲੋਂ ਰੂਹ ਦੇ ਮੇਲ ਨੂੰ ਵਧੇਰੇ ਅਹਿਮੀਅਤ ਦਿੰਦਾ ਹੈ। ਨਾਨਕੇ ਪਿੰਡ ਪੜ੍ਹਨ ਗਿਆ ਰੱਬੀ ਗੁਆਂਢ ’ਚ ਰਹਿੰਦੀ ਵਿਆਹੁਤਾ ਔਰਤ ਗੋਰੇ ਦੇ ਮੋਹ ਵਿੱਚ ਭਿੱਜ ਜਾਂਦਾ ਹੈ। ਗੋਰੇ ਭਰ ਜੋਬਨ ਮੁਟਿਆਰ ਹੈ, ਜਿਸ ਦੀ ਗੋਦੀ ਇੱਕ ਜੁਆਕ ਵੀ ਹੈ। ਉਹ ਘਰੋਂ ਦੁਖੀ ਹੈ ਕਿਉਂਕਿ ਉਸ ਦਾ ਘਰਵਾਲਾ ਸ਼ਰਾਬੀ ਹੈ। ਗੋਰੇ ਦਾ ਅਤੀਤ ਇੱਕ ਨਾਚ ਗਰੁੱਪ ਨਾਲ ਜੁੜਿਆ ਹੋਇਆ ਹੈ, ਪਰ ਵਿਆਹ ਸਮਾਗਮਾਂ ’ਚ ਸ਼ਰਾਬੀਆਂ ਦੀਆਂ ਨਜ਼ਰਾਂ ਤੋਂ ਦੁਖੀ ਆਰਥਿਕ ਮਜਬੂਰੀਆਂ ਦੇ ਬਾਵਜੂਦ ਇਹ ਕੰਮ ਛੱਡ ਦਿੰਦੀ ਹੈ ਤੇ ਵਿਆਹ ਕਰਵਾ ਲੈਂਦੀ ਹੈ। ਉਸ ਦੇ ਘਰਵਾਲੇ ਨੂੰ ਜਦ ਉਸ ਦੇ ਨਚਾਰਪੁਣੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਸ ਨੂੰ ਨਫ਼ਰਤ ਕਰਨ ਲੱਗਦਾ ਹੈ। ਜਦ ਵੀ ਕਿਸੇ ਚੱਲਦੇ ਗੀਤ ’ਤੇ ਗੋਰੇ ਨੱਚਦੀ ਹੈ ਤਾਂ ਉਹ ਉਸ ਦੀ ਕੁੱਟਮਾਰ ਕਰਦਾ ਹੈ। ਪਤੀ ਦੀਆਂ ਵਧੀਕੀਆਂ ਤੋਂ ਤੰਗ ਆਈ ਗੋਰੇ ਦੀ ਜ਼ਿੰਦਗੀ ਵਿੱਚ ਜਦ ਰੱਬੀ ਆਉਂਦਾ ਹੈ ਤਾਂ ਉਸ ਦੇ ਚਿਹਰੇ ’ਤੇ ਨੂਰ ਆ ਜਾਂਦਾ ਹੈ। ਫਿਰ ਉਹ ਵਿੱਛੜ ਜਾਂਦੇ ਹਨ।
ਫਿਲਮ ਦੇ ਨਿਰਦੇਸ਼ਕ ਨੇ ਇਸ ਕਹਾਣੀ ਦੇ ਅੰਤ ਨੂੰ ਸੁਖਦ ਬਣਾਉਣ ਲਈ ਗੋਰੇ ਦੀ ਕੁੱਖੋਂ ਉਸ ਦੇ ਅਧੂਰੇ ਪਿਆਰ ਨੂੰ ਪੁੱਤਰ ਦੇ ਰੂਪ ਵਿੱਚ ਪੁਨਰ ਜਨਮ ਵਜੋਂ ਵਿਖਾਇਆ ਹੈ। ਫਿਲਮ ਦਾ ਕਲਾਈਮੈਕਸ ਲੋੜ ਤੋਂ ਵੱਧ ਲੰਮੇਰਾ ਅਤੇ ਆਮ ਦਰਸ਼ਕ ਦੀ ਸੋਚ ਤੋਂ ਪਰੇ ਹੈ। ਨਿਰਦੇਸ਼ਕ ਨੇ ਆਪਣੀ ਸੂਝਤਾ ਨਾਲ ਅਨੇਕਾਂ ਦ੍ਰਿਸ਼ਾਂ ਨੂੰ ਸੰਕੇਤਕ ਵਿਧੀ ਰਾਹੀਂ ਪੇਸ਼ ਕੀਤਾ ਹੈ। ਫਿਲਮ ਵਿੱਚ ਜਾਨੀ ਦੇ ਗੀਤ ਅਤੇ ਬੀ ਪਰਾਕ ਦੀ ਸੁਹਜ ਭਰੀ ਗਾਇਕੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ। ਕਾਮੇਡੀ ਵਿਸ਼ੇ ਤੋਂ ਬਿਲਕੁਲ ਹਟਵੀਂ ਇਹ ਫਿਲਮ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਬੰਨ੍ਹ ਕੇ ਰੱਖਦੀ ਹੈ। ਅਨੇਕਾਂ ਡਾਇਲਾਗ ਦਰਸ਼ਕਾਂ ਦੇ ਲੂੰ-ਕੰਡੇ ਖੜ੍ਹੇ ਕਰਦੇ ਹਨ। ਸਰਗੁਣ ਮਹਿਤਾ ਦਾ ਕਿਰਦਾਰ ਉਸ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਹੁਤ ਹਟ ਕੇ ਹੈ, ਜੋ ਉਸ ਨੇ ਰੂਹ ਨਾਲ ਨਿਭਾਇਆ ਹੈ। ਰਾਣੇ ਦੇ ਕਿਰਦਾਰ ਵਿੱਚ ਐਂਬੀ ਅ੍ਰੰਮਿਤ ਨੇ ਚੰਗੀ ਪਛਾਣ ਛੱਡੀ ਹੈ। ਪ੍ਰਕਾਸ਼ ਗਾਧੂ, ਅਨੀਤਾ ਮੀਤ, ਜਸ਼ਨਪ੍ਰੀਤ ਗੋਸ਼ਾ, ਪਰਮਿੰਦਰ ਬਰਨਾਲਾ ਦੇ ਕਿਰਦਾਰ ਵੀ ਪ੍ਰਭਾਵਸ਼ਾਲੀ ਹਨ। ਇਸ ਤੋਂ ਇਲਾਵਾ ਰੰਗਮੰਚ ਦੇ ਕਲਾਕਾਰ ਸੁਖਦੇਵ ਲੱਧੜ, ਬਲਰਾਜ ਸਿੱਧੂ, ਫਤਿਹ ਸਿਆਣ ਅਤੇ ਗਾਇਕ ਪ੍ਰਭ ਬੈਂਸ ਵੀ ਵੱਡੇ ਪਰਦੇ ’ਤੇ ਨਜ਼ਰ ਆਏ ਹਨ। ਫਿਲਮ ਦੀ ਕਹਾਣੀ ਸ਼ਿਵ ਤਰਸੇਮ ਅਤੇ ਗੋਵਿੰਦ ਸਿੰਘ ਦੀ ਲਿਖੀ ਹੈ ਜਦੋਂਕਿ ਡਾਇਲਾਗ ਤੇ ਸਕਰੀਨ ਪਲੇਅ ਸ਼ਿਵ ਤਰਸੇਮ, ਗੋਵਿੰਦ ਤੇ ਜਗਦੀਪ ਸਿੱਧੂ ਨੇ ਲਿਖਿਆ ਹੈ।
ਸੰਪਰਕ: 98146-07737