ਮੁੰਬਈ: ਓਟੀਟੀ ਪਲੈਟਫਾਰਮ ਨੈੱਟਫਲਿਕਸ ਵੱਲੋਂ ਆਪਣੇ ਟਵਿੱਟਰ ਅਕਾਊਂਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਐੱਸਐੱਸ ਰਾਜਾਮੌਲੀ ਦੀ ਹਿੰਦੀ ਫ਼ਿਲਮ ‘ਆਰਆਰਆਰ’ ਇਸ ਵੇਲੇ ਪਲੈਟਫਾਰਮ ਉੱਤੇ ਦੁਨੀਆ ਪੱਧਰ ’ਤੇ ਸਭ ਤੋਂ ਵੱਧ ਵੇਖੀ ਜਾ ਰਹੀ ਭਾਰਤੀ ਫ਼ਿਲਮ ਹੈ। ਮੂਲ ਰੂਪ ਵਿੱਚ ਤੇਲਗੂ ਭਾਸ਼ਾ ਵਿੱਚ ਬਣੀ ਇਸ ਫ਼ਿਲਮ ਦਾ ਹਿੰਦੀ ਰੂਪਾਂਤਰਨ ਨੈੱਟਫਲਿਕਸ ’ਤੇ 20 ਮਈ ਨੂੰ ਪਾਇਆ ਗਿਆ ਸੀ ਤੇ ਇਸ ਤੋਂ ਦੋ ਮਹੀਨੇ ਪਹਿਲਾਂ ਇਹ ਫਿਲਮ ਵਿਸ਼ਵ ਪੱਧਰ ’ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ ਸੀ। ਨੈੱਟਫਲਿਕਸ ਅਨੁਸਾਰ ਤਿੰਨ ਘੰਟੇ ਤੇ ਦੋ ਮਿੰਟ ਲੰਮੀ ਇਹ ਫਿਲਮ ਨੂੰ ਵਿਸ਼ਵ ਪੱਧਰ ’ਤੇ ਲਗਪਗ 45 ਲੱਖ ਘੰਟਿਆਂ ਤੱਕ ਵੇਖਿਆ ਗਿਆ ਹੈ, ਜਿਸ ਮਗਰੋਂ ਹੁਣ ‘ਆਰਆਰਆਰ’ ਨੈੱਟਫਲਿਕਸ ’ਤੇ ਸਭ ਤੋਂ ਵੱਧ ਪ੍ਰਸਿੱਧ ਹਿੰਦੀ ਫਿਲਮ ਬਣ ਗਈ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਨੇ ਸਿਨੇਮਾਘਰਾਂ ਵਿੱਚ 1200 ਕਰੋੜ ਰੁਪਏ ਨਾਲੋਂ ਵੀ ਵੱਧ ਦੀ ਕਮਾਈ ਕੀਤੀ ਹੈ। -ਪੀਟੀਆਈ