ਡਾ. ਹਰਭਜਨ ਸਿੰਘ
ਸੁਮਨ ਕਲਿਆਣਪੁਰ ਦੀ ਆਵਾਜ਼ ਵਿੱਚ ਸੰਗੀਤ ਦਾ ਹਰ ਬਾਰੀਕ ਅੰਮ੍ਰਿਤ ਕਣ ਵਿਦਮਾਨ ਸੀ, ਪਰ ਬੇਹੱਦ ਮਧੁਰ ਆਵਾਜ਼ ਦੀ ਮਾਲਕ ਹੋਣ ਦੇ ਨਾਤੇ, ਉਹ ਜ਼ਿਆਦਾ ਦੇਰ ਫ਼ਿਲਮ ਜਗਤ ਵਿੱਚ ਟਿਕੀ ਨਹੀਂ ਰਹਿ ਸਕੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਸ ਨੂੰ ਟਿਕਣ ਹੀ ਨਹੀਂ ਦਿੱਤਾ ਗਿਆ।
ਸੁਮਨ ਕਲਿਆਣਪੁਰ ਦਾ ਜਨਮ 28 ਜਨਵਰੀ 1937 ਨੂੰ ਸੈਂਟਰਲ ਬੈਂਕ ਆਫ਼ ਇੰਡੀਆ ਦੇ ਵੱਡੇ ਬਾਬੂ ਸ਼ੰਕਰ ਰਾਓ ਦੇ ਘਰ ਢਾਕਾ ਵਿੱਚ ਹੋਇਆ ਸੀ। 1943 ਵਿੱਚ ਬੱਚਿਆਂ ਦੀ ਬਿਹਤਰ ਪੜ੍ਹਾਈ ਵਾਸਤੇ ਸ਼ੰਕਰ ਬਾਬੂ ਪਰਿਵਾਰ ਸਮੇਤ ਮੁੰਬਈ ਆ ਗਏ। ਸੁਮਨ ਨੇ ਸਕੂਲ ਦੀ ਪੜ੍ਹਾਈ ਸੇਂਟ ਕੋਲੰਬੀਆ ਹਾਈ ਸਕੂਲ ਵਿੱਚੋਂ ਕਰਨ ਪਿੱਛੋਂ ਅਗਲੀ ਵਿਦਿਆ ਲਈ ਸਰ ਜੇ. ਜੇ. ਸਕੂਲ ਆਫ਼ ਆਰਟਸ ਵਿੱਚ ਪੜ੍ਹਾਈ ਕੀਤੀ। ਸੁਮਨ ਦੀ ਰੁਚੀ ਪੇਂਟਿੰਗ ਅਤੇ ਸੰਗੀਤ ਵਿੱਚ ਸੀ। ਪੇਂਟਰ ਬਣਨ ਦੀ ਖ਼ਾਹਿਸ਼ ਨਾਲ ਉਸ ਨੇ ਆਰਟਸ ਵਿੱਚ ਗ੍ਰੈਜੁਏਸ਼ਨ ਕੀਤੀ। ਪੁਣੇ ਸਥਿਤ ‘ਪ੍ਰਭਾਤ ਫਿਲਮਜ਼’ ਦੇ ਸੰਗੀਤ ਨਿਰਦੇਸ਼ਕ ਪੰਡਿਤ ਕੇਸ਼ਵ ਰਾਓ ਭੋਲੇ ਜੋ ਪਰਿਵਾਰ ਦੇ ਜਾਣਕਾਰ ਸਨ, ਦੀ ਪ੍ਰੇਰਣਾ ਨਾਲ ਸੁਮਨ ਨੇ ਉਨ੍ਹਾਂ ਤੋਂ ਸੰਗੀਤ ਸਿੱਖਣਾ ਸ਼ੁਰੂ ਕੀਤਾ। ਮਗਰੋਂ ਉਸਤਾਦ ਖ਼ਾਨ, ਅਬਦੁਲ ਰਹਿਮਾਨ, ਮਾਸਟਰ ਨਵਰੰਗ ਵਰਗੇ ਸੰਗੀਤਕਾਰਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਸਮਝੀਆਂ।
ਸੁਮਨ ਨੇ ਪਹਿਲੀ ਵਾਰ 1952 ਵਿੱਚ ਆਲ ਇੰਡੀਆ ਰੇਡੀਓ, ਮੁੰਬਈ ਤੋਂ ਪੇਸ਼ਕਾਰੀ ਦਿੱਤੀ। ਇਸ ਨਾਲ ਉਸ ਦੀ ਆਵਾਜ਼ ਦੀ ਮਧੁਰਤਾ ਇਸ ਕਦਰ ਛਾ ਗਈ ਕਿ ਉਸ ਨੂੰ 1953 ਵਿੱਚ ਰਿਲੀਜ਼ ਹੋਈ ਮਰਾਠੀ ਫ਼ਿਲਮ ‘ਸ਼ੁਕਰਾਚੀ ਚਾਂਦਨੀ’ ਵਿੱਚ ਗੀਤ ਗਾਉਣ ਦਾ ਅਵਸਰ ਮਿਲਿਆ।
ਸ਼ੈਖ਼ ਮੁਖ਼ਤਾਰ ਉਸ ਦੀ ਗਾਇਕੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਫ਼ਿਲਮ ‘ਮੰਗੂ’ ਲਈ ਸੁਮਨ ਦੇ ਤਿੰਨ ਗੀਤ ਰਿਕਾਰਡ ਕੀਤੇ। ਮਗਰੋਂ ਮੁਹੰਮਦ ਸ਼ਫ਼ੀ ਦੀ ਥਾਂ ਆਏ ਨਵੇਂ ਸੰਗੀਤ ਨਿਰਦੇਸ਼ਕ ਓ. ਪੀ. ਨਈਅਰ ਨੇ ਕੇਵਲ ਇੱਕ ਗੀਤ ‘ਕੋਈ ਪੁਕਾਰੇ ਧੀਰੇ ਸੇ’ ਨੂੰ ਹੀ ਫ਼ਿਲਮ ਵਿੱਚ ਸਥਾਨ ਦਿੱਤਾ। ਫ਼ਿਲਮ ‘ਮੰਗੂ’ 1954 ਵਿੱਚ ਰਿਲੀਜ਼ ਹੋਈ। ਇਸ ਤੋਂ ਬਾਅਦ ਨੌਸ਼ਾਦ ਦੇ ਨਿਰਦੇਸ਼ਨ ਵਿੱਚ ਉਸ ਨੇ ਇਸਮਤ ਚੁਗਤਾਈ ਦੀ ਫ਼ਿਲਮ ‘ਦਰਵਾਜ਼ਾ’ ਲਈ ਪੰਜ ਗੀਤ ਗਾਏ। 1954 ਵਿੱਚ ਹੀ ਉਸ ਨੇ ਮੁਹੰਮਦ ਰਫ਼ੀ ਅਤੇ ਗੀਤਾਦੱਤ ਨਾਲ ‘ਆਰ ਪਾਰ’ ਫ਼ਿਲਮ ਦਾ ਮਸ਼ਹੂਰ ਗੀਤ ‘ਮੁਹੱਬਤ ਕਰ ਲੋ ਜੀ ਭਰ ਲੋ’ ਗਾਇਆ। ਇਸੇ ਸਮੇਂ ਗੀਤਾਂ ਦੀ ਰਾਇਲਟੀ ਨੂੰ ਲੈ ਕੇ ਰਫ਼ੀ ਅਤੇ ਲਤਾ ਮੰਗੇਸ਼ਕਰ ਵਿੱਚ ਅਜਿਹਾ ਵਿਵਾਦ ਹੋਇਆ ਕਿ ਤਿੰਨ ਸਾਲ ਤੱਕ ਦੋਵੇਂ ਵੱਖ ਹੋ ਗਏ। ਲਤਾ ਜੀ ਉਸ ਵੇਲੇ ਇੱਕ ਗੀਤ ਰਿਕਾਰਡ ਕਰਾਉਣ ਦਾ ਘੱਟੋ ਘੱਟ 100 ਰੁਪਿਆ ਲੈਂਦੀ ਸੀ, ਜੋ ਛੋਟਾ ਨਿਰਮਾਤਾ ਨਹੀਂ ਸੀ ਦੇ ਸਕਦਾ। ਸੁਮਨ ਦੀ ਆਵਾਜ਼ ਨੇ ਲਤਾ ਦੀ ਘਾਟ ਪੂਰੀ ਕਰ ਦਿੱਤੀ। ਰਫ਼ੀ ਨਾਲ ਉਸ ਨੇ ਬਿਹਤਰੀਨ ਗੀਤ ਰਿਕਾਰਡ ਕਰਵਾਏ, ਜੋ ਲੋਕ ਲਤਾ ਦੇ ਹੀ ਸਮਝਦੇ ਹਨ।
ਉਸ ਸਮੇਂ ਦੇ ਪ੍ਰਸਿੱਧ ਗਾਇਕ ਤਲਤ ਮਹਿਮੂਦ ਨੇ 1953 ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸੁਮਨ ਦੀ ਆਵਾਜ਼ ਸੁਣੀ। ਉਹ ਬਹੁਤ ਪ੍ਰਭਾਵਿਤ ਹੋਇਆ ਅਤੇ ਐੱਚਐੱਮਵੀ ਕੰਪਨੀ ਨੂੰ ਸੁਮਨ ਦੇ ਗੀਤ ਰਿਕਾਰਡ ਕਰਨ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਨੇ ਖੁਦ ਵੀ ਸੁਮਨ ਨਾਲ ਕਈ ਗੀਤ ਰਿਕਾਰਡ ਕਰਵਾਏ। ਸੁਮਨ ਨੇ ਮੁਹੰਮਦ ਰਫ਼ੀ, ਮੁਕੇਸ਼, ਮੰਨਾ ਡੇਅ, ਕਿਸ਼ੋਰ ਕੁਮਾਰ, ਹੇਮੰਤ ਕੁਮਾਰ, ਤਲਤ ਮਹਿਮੂਦ, ਗੀਤਾ ਦੱਤ, ਸ਼ਮਸ਼ਾਦ ਬੇਗ਼ਮ ਵਰਗੇ ਆਪਣੇ ਕਾਲ ਦੇ ਸਭ ਕਲਾਕਾਰਾਂ ਨਾਲ ਗੀਤ ਰਿਕਾਰਡ ਕਰਵਾਏ। ਸ਼ੰਕਰ ਜੈ ਕਿਸ਼ਨ, ਰੋਸ਼ਨ, ਐੱਸ. ਡੀ. ਬਰਮਨ, ਮਦਨ ਮੋਹਨ, ਐੱਨ ਦੱਤਾ, ਹੇਮੰਤ ਕੁਮਾਰ, ਚਿਤਰਗੁਪਤ, ਨੌਸ਼ਾਦ, ਐੱਸ. ਐੱਨ. ਤ੍ਰਿਪਾਠੀ, ਗ਼ੁਲਾਮ ਮੁਹੰਮਦ, ਕਲਿਆਣਜੀ ਆਨੰਦਜੀ, ਲਕਸ਼ਮੀਕਾਂਤ ਪਿਆਰੇ ਲਾਲ ਕੋਈ ਵੀ ਅਜਿਹਾ ਮਹਾਨ ਸੰਗੀਤਕਾਰ ਨਹੀਂ, ਜਿਸ ਦੀਆਂ ਧੁਨਾਂ ਨੂੰ ਉਸ ਨੇ ਸੰਗੀਤ ਜਗਤ ਵਿੱਚ ਬੁਲੰਦੀਆਂ ’ਤੇ ਨਾ ਪਹੁੰਚਾਇਆ ਹੋਵੇ। ਉਸ ਨੇ ਹਿੰਦੀ, ਮਰਾਠੀ, ਪੰਜਾਬੀ, ਗੁਜਰਾਤੀ, ਅਸਾਮੀ, ਬੰਗਾਲੀ, ਉੜੀਆ, ਰਾਜਸਥਾਨੀ, ਕੰਨੜ, ਮੈਥਿਲੀ, ਭੋਜਪੁਰੀ ਭਾਸ਼ਾਵਾਂ ਵਿੱਚ ਗਾਇਆ ਹੈ। ਪੰਜਾਬੀ ਵਿੱਚ ‘ਰਾਤਾਂ ਨੇ ਹਨੇਰੀਆਂ ਚੰਨ ਮੈਥੋਂ ਦੂਰ ਵੇ’ (ਬਿਲੋ), ‘ਤੂੰ ਸਦਾ ਜਵਾਨੀਆਂ ਮਾਣੇਂ ਰੱਬ ਤੇਰੀ ਖ਼ੈਰ ਕਰੇ’, ‘ਇਹ ਗੱਲ ਕਿਸੇ ਨੂੰ ਦੱਸੀਂ ਨਾ’ (ਮਾਮਾ ਜੀ), ‘ਜਿਸ ਉੱਡ ਜਾਣਾ, ਉਸ ਨਹੀਂ ਆਉਣਾ’ (ਸਤਲੁਜ ਦੇ ਕੰਢੇ) ਵਰਗੇ ਅਨੇਕਾਂ ਗੀਤ ਸੁਮਨ ਦੇ ਨਾਮ ਹਨ। ਉਸ ਵੱਲੋਂ ਗਾਏ ‘ਗਿਰ ਗਈ ਰੇ ਮੋਰੇ ਮਾਥੇ ਕੀ ਬਿੰਦੀਆ’, ‘ਮਨਮੋਹਨ ਮਨ ਮੇਂ ਹੋ ਤੁਮਹੀ’ ਅਤੇ ‘ਮੇਰੇ ਸੰਗ ਗਾ ਗੁਨਗੁਨਾ’ ਵਰਗੇ ਗੀਤ ਸ਼ਾਸਤਰੀ ਸੰਗੀਤ ਆਧਾਰਿਤ ਹਨ।
ਸਾਲ 1958 ਵਿੱਚ ਸੁਮਨ ਦਾ ਵਿਆਹ ਰਾਮਾਨੰਦ ਕਲਿਆਣਪੁਰੀ ਨਾਲ ਹੋਇਆ ਅਤੇ ਸੁਮਨ ਉਸ ਮਗਰੋਂ ਕਲਿਆਣਪੁਰ ਹੋ ਗਈ। ਇਸ ਵਿਆਹ ਤੋਂ ਉਸ ਦੀ ਪੁੱਤਰੀ ਚਾਰੁਲ ਅਗਨੀ ਹੈ। ਗਾਇਨ ਤੋਂ ਪਰੇ, ਉਹ ਇੱਕ ਸੁਸ਼ੀਲ ਅਤੇ ਸਤਿਵੰਤੀ ਭਾਰਤੀ ਗ੍ਰਹਿਸਥੀ ਨਾਰੀ ਹੈ, ਜੋ ਹੁਣ 85 ਸਾਲ ਦੀ ਉਮਰ ਵਿੱਚ ਮੁੰਬਈ ਵਿਖੇ ਰਹਿੰਦੀ ਹੈ। ਉਸ ਨੇ ਕੁੁੱਲ 857 ਗੀਤ ਰਿਕਾਰਡ ਕਰਵਾਏ। ਮੁਹੰਮਦ ਰਫ਼ੀ ਨਾਲ ਉਸ ਦੇ 140 ਤੋਂ ਵੱਧ ਦੋਗਾਣੇ ਹਨ। ਮੁਕੇਸ਼ ਨਾਲ ਵੀ ਉਸ ਨੇ ਕਈ ਗੀਤ ਗਾਏ, ਜਿਨ੍ਹਾਂ ਵਿੱਚੋਂ ਸਾਥੀ ਫ਼ਿਲਮ ਦਾ ਗੀਤ ‘ਮੇਰਾ ਪਿਆਰ ਭੀ ਤੂ ਹੈ, ਯੇ ਬਹਾਰ ਭੀ ਤੂੰ ਹੈ’ ਸਦਾਬਹਾਰ ਹੈ। ਕਿਸ਼ੋਰ ਕੁਮਾਰ ਨਾਲ ਉਸ ਦਾ ਗਾਇਨ ਸਫ਼ਰ ‘ਗਾਈਡ’ ਫ਼ਿਲਮ ਦੇ ਗੀਤ ‘ਗਾਤਾ ਰਹੇ ਮੇਰਾ ਦਿਲ, ਤੂ ਹੀ ਮੇਰੀ ਮੰਜ਼ਿਲ’ ਨਾਲ ਸ਼ੁਰੂ ਹੋਇਆ ਅਤੇ ਕੁਲ 11 ਗੀਤ ਰਿਕਾਰਡ ਕਰਵਾਏ। 1961 ਵਿੱਚ ਸਰਵੋਤਮ ਪਿੱਠਵਰਤੀ ਗਾਇਕਾ ਹੋਣ ਕਾਰਨ ਉਸ ਨੂੰ ਪਹਿਲਾ ‘ਦਾਦਾ ਸਾਹਿਬ ਫਾਲਕੇ’ ਐਵਾਰਡ ਮਿਲਿਆ। ਇਸ ਤੋਂ ਇਲਾਵਾ ‘ਸੁਰ ਸ਼ਿੰਗਾਰ ਸੰਸਦ’ ਅਤੇ 2009 ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ‘ਲਤਾ ਮੰਗੇਸ਼ਕਰ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਸੁਮਨ ਦੇ ਗੀਤਾਂ ‘ਆਜ ਕਲ ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜ਼ੁਬਾਨ ਪਰ’ (ਬ੍ਰਹਮਚਾਰੀ), ‘ਨਾ ਨਾ ਕਰ ਕੇ ਪਿਆਰ ਤੁਮੀ ਸੇ ਕਰ ਬੈਠੇ’ (ਜਬ ਜਬ ਫੂਲ ਖਿਲੇ), ‘ਰਹੇਂ ਨਾ ਰਹੇਂ ਹਮ ਮਹਿਕਾ ਕਰੇਂਗੇ ਬਨ ਕੇ ਕਲੀ’ (ਮਮਤਾ), ‘ਮੇਰਾ ਪਿਆਰ ਭੀ ਤੂ ਹੈ ਯੇ ਬਹਾਰ ਭੀ ਤੂ ਹੈ’ (ਸਾਥੀ), ‘ਤੁਮ ਨੇ ਪੁਕਾਰਾ ਔਰ ਹਮ ਚਲੇ ਆਏ’ (ਰਾਜਕੁਮਾਰ) ਅਤੇ ‘ਦਿਲ ਨੇ ਫਿਰ ਯਾਦ ਕੀਆ’ ਵਰਗੇ ਗੀਤਾਂ ਦੇ ਚਰਚੇ ਹਰ ਇੱਕ ਦੀ ਜ਼ੁਬਾਨ ’ਤੇ ਸਦਾ ਰਹਿਣਗੇ।
ਨੂਰ ਜਹਾਂ ਦੇ ਗੀਤਾਂ ਦੀ ਇਸ ਪ੍ਰਸੰਸਕ ਨਾਲ ਜੱਗ ਤੋਂ ਵੱਖਰਾ ਹੋਇਆ ਹੈ। ਕਾਲਜ ਵਿੱਚ ਉਹ ਲਤਾ ਮੰਗੇਸ਼ਕਰ ਦੇ ਗੀਤ ਉਸ ਦੀ ਆਵਾਜ਼ ਵਿੱਚ ਗਾਉਂਦੀ ਸੀ, ਪਰ ਹਕੀਕਤ ਵਿੱਚ ਸੁਮਨ ਦੀ ਆਵਾਜ਼ ਨੂੰ ਲਤਾ ਨਾਲੋਂ ਵੱਖ ਕਰਨਾ ਅਸੰਭਵ ਹੈ। ਇਸ ਲਈ ਬਹੁਤੇ ਸਰੋਤੇ ਸੁਮਨ ਦੇ ਸਾਰੇ ਗੀਤ ਲਤਾ ਮੰਗੇਸ਼ਕਰ ਦੇ ਹੀ ਸਮਝਦੇ ਹਨ। ਇੰਨਾ ਹੀ ਨਹੀਂ, ਆਲ ਇੰਡੀਆ ਰੇਡੀਓ ’ਤੇ ਉਸ ਦੇ ਕਈ ਗੀਤਾਂ ਦੀ ਗਾਇਕਾ ਲਤਾ ਮੰਗੇਸ਼ਕਰ ਨੂੰ ਹੀ ਦੱਸਿਆ ਜਾਂਦਾ ਰਿਹਾ। ਗੀਤਾਂ ਦੀਆਂ ਐਲਬਮਾਂ ’ਤੇ ਸੁਮਨ ਦੀ ਥਾਂ ਲਤਾ ਲਿਖ ਦਿੱਤਾ ਜਾਂਦਾ। ਜੇ ਉਸ ਦੇ ਗੀਤ ਸੁਣੀਏ ਤਾਂ ਉਹ ਲਤਾ ਮੰਗੇਸ਼ਕਰ ਨਾਲੋਂ ਘੱਟ ਨਹੀਂ ਦਿਸਦੀ, ਜੇ ਹੁੰਦੀ ਤਾਂ ਲੋਕ ਫ਼ਰਕ ਜ਼ਰੂਰ ਕਰ ਲੈਂਦੇ। ਪਰ ਉਹ ਸੁਮਨ ਜੋ 1990ਵਿਆਂ ਦੇ ਦਹਾਕੇ ਤੱਕ ਮਹਾਨ ਗਾਇਕਾ ਹੋ ਸਕਦੀ ਸੀ, ਜਲਦ ਹੀ ਅਗਿਆਤਵਾਸ ਵਿੱਚ ਚਲੀ ਗਈ। 1971 ਵਿੱਚ ਆਈ ਫ਼ਿਲਮ ‘ਗੁੱਡੀ’ ਲਈ ਵਾਣੀ ਜੈ ਰਾਮ ਨੇ ਮਲਹਾਰ ਵਿੱਚ ‘ਬੋਲੇ ਰੇ ਪਪੀਹਰਾ’ ਐਸਾ ਗਾਇਆ ਕਿ ਉਸ ਦੀ ਗੁੱਡੀ ਸੰਗੀਤ ਦੇ ਸੱਤਵੇਂ ਆਕਾਸ਼ ਨੂੰ ਛੂਹ ਗਈ। ‘ਹਮ ਕੋ ਮਨ ਕੀ ਸ਼ਕਤੀ ਦੇਨਾ’ ਹਰ ਸਕੂਲ ਦੀ ਪ੍ਰਾਰਥਨਾ ਬਣ ਗਿਆ। ਲੋਕਾਂ ਨੇ ਸੋਚਿਆ ਕਿ ਇੱਕ ਨਵੀਂ ਲਤਾ ਮਿਲ ਗਈ। ਪਰ ਕਿਸੇ ਤਿੱਖੀ ਕੈਂਚੀ ਨਾਲ ਐਸੀ ਡੋਰ ਕੱਟੀ ਕਿ ਗੁੱਡੀ ਜ਼ਮੀਨ ’ਤੇ ਵੀ ਡਿੱਗੀ, ਪਰ ਕਿਸੇ ਨੂੰ ਦਿਸੀ ਵੀ ਨਹੀਂ। ਉਸ ਨੂੰ ਮੁੰਬਈ ਛੱਡ ਕੇ ਮਦਰਾਸ ਜਾਣਾ ਪਿਆ। ਨਿਰਮਾਤਾਵਾਂ ਅਤੇ ਸੰਗੀਤ ਨਿਰਦੇਸ਼ਕਾਂ ਨੂੰ ਹੁਕਮ ਸੀ ਕਿ ਇਸ ਨੂੰ ਗੀਤ ਦਿਓਗੇ ਤਾਂ ਤੁਹਾਡੇ ਲਈ ਕਦੇ ਨਹੀਂ ਗਾਵਾਂਗੀ। ਕੌਣ ਖ਼ਤਰਾ ਮੁੱਲ ਲਵੇ ? ਵਾਣੀ ਜੈ ਰਾਮ ਨਾਮ ਲਏ ਬਿਨਾਂ ਕਹਿੰਦੀ ਹੈ ਕਿ ਸੁਮਨ ਅਤੇ ਸ਼ਮਸ਼ਾਦ ਨੂੰ ਪੁੱਛੋ, ਬਾਹਰ ਦਾ ਰਸਤਾ ਕਿਸ ਨੇ ਵਿਖਾਇਆ? ਹੇਮਲਤਾ ਵਰਗੀ ਸੁਰੀਲੀ ਗਾਇਕਾ ਵੀ ਕਿਨਾਰੇ ਕਰ ਦਿੱਤੀ ਗਈ। ਫ਼ਿਲਮ ਇੰਡਸਟਰੀ ਵਿੱਚ ਅਨੁਰਾਧਾ ਪੌਡਵਾਲ ਆਈ ਤਾਂ ਓ. ਪੀ. ਨਈਅਰ ਨੇ ਐਲਾਨ ਕਰ ਦਿੱਤਾ ਕਿ ਅਨੁਰਾਧਾ ਨਵੇਂ ਯੁੱਗ ਦੀ ਲਤਾ ਹੈ। ਲਤਾ ਦਾ ਯੁੱਗ ਸਮਾਪਤ ਹੋ ਚੁੱਕਾ ਹੈ, ਪਰ ਡਾਢਿਆਂ ਅੱਗੇ ਕਿਸ ਦਾ ਜ਼ੋਰ ? ਸਾਰੇ ਨਿਰਮਾਤਾਵਾਂ ਅਤੇ ਸੰਗੀਤ ਨਿਰਦੇਸ਼ਕਾਂ ਨੂੰ ਉਹੀ ਫੁਰਮਾਨ ਜਾਰੀ ਹੋ ਗਿਆ। ਕੇਵਲ ਟੀ ਸੀਰੀਜ਼ ਅਤੇ ਲਕਸ਼ਮੀਕਾਂਤ ਪਿਆਰੇਲਾਲ ਨੇ ਉਸ ਦਾ ਸਾਥ ਦਿੱਤਾ।
ਸੰਪਰਕ: 99971-39539