ਗੋਵਰਧਨ ਗੱਬੀ
ਮੌਜੂਦਾ ਕਰੋਨਾ ਕਾਲ ਦਾ ਇਕ ਫਾਇਦਾ ਹੈ ਕਿ ਅੱਜਕੱਲ੍ਹ ਸਾਨੂੰ ਫੁਰਸਤ ਦੇ ਪਲਾਂ ਦਾ ਖ਼ਜ਼ਾਨਾ ਵਾਧੂ ਵਿਚ ਪ੍ਰਾਪਤ ਹੋ ਰਿਹਾ ਹੈ। ਇਸੇ ਦਾ ਫਾਇਦਾ ਉਠਾਉਂਦਾ ਮੈਂ ਪੜ੍ਹਣ ਲਿਖਣ ਦੇ ਨਾਲ ਨਾਲ ਡਿਜੀਟਲ ਪਲੈਟਫਾਰਮ ਉੱਪਰ ਬਹੁਤ ਸਾਰੀਆਂ ਨਵੀਆਂ, ਪੁਰਾਣੀਆਂ, ਦੇਸੀ, ਖੇਤਰੀ ਤੇ ਵਿਦੇਸ਼ੀ ਕਲਾਸਿਕ ਫ਼ਿਲਮਾਂ ਤੇ ਵੈੱਬ ਸੀਰੀਜ਼ ਦੇਖ ਪਾਇਆ ਹਾਂ। ਕੁਝ ਦਿਨ ਪਹਿਲਾਂ ਹੀ 2012 ਵਿਚ ਆਈ ਅੰਗਰੇਜ਼ੀ ਭਾਸ਼ਾ ਦੀ ਫ਼ਿਲਮ ‘ਦਿ ਵਰਡਜ਼’ ਭਾਵ ‘ਸ਼ਬਦ’ ਨੂੰ ਨੈੱਟਫਲਿਕਸ ਉੱਪਰ ਦੇਖਣ ਦਾ ਮੌਕਾ ਮਿਲਿਆ। ਰਿਲੀਜ਼ ਹੋਣ ਵੇਲੇ ਇਸ ਫ਼ਿਲਮ ਨੂੰ ਸਮੀਖਿਅਕਾਂ ਵੱਲੋਂ ਬਹੁਤੀਆਂ ਨਾਂਹ-ਪੱਖੀ ਤੇ ਨਿਰਾਸ਼ਾਜਨਕ ਪ੍ਰਤੀਕਿਰਿਆਵਾਂ ਮਿਲੀਆਂ ਸਨ, ਪਰ ਮੈਨੂੰ ਇਸ ਫ਼ਿਲਮ ਨੇ ਪ੍ਰਭਾਵਿਤ ਕੀਤਾ ਹੈ।
ਬੀਤੀ ਸਦੀ ਦੇ ਅਖੀਰਲੇ ਦਹਾਕੇ ਦਾ ਕਾਲ ਖੰਡ ਹੈ। ਫ਼ਿਲਮ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿਚ ਰਹਿੰਦੇ ਇਕ ਅਜਿਹੇ ਨੌਜਵਾਨ ਲੇਖਕ ਦੀ ਜ਼ਿੰਦਗੀ ਦੇ ਆਲੇ ਆਲੇ ਘੁੰਮਦੀ ਹੈ ਜੋ ਪ੍ਰਕਾਸ਼ਨ ਅਦਾਰੇ ਵਿਚ ਮਾਮੂਲੀ ਤਨਖਾਹ ਉੱਪਰ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ, ਪਰ ਉਸਦਾ ਸੁਪਨਾ ਕਾਮਯਾਬ ਤੇ ਪ੍ਰਸਿੱਧ ਲੇਖਕ ਬਣਨ ਦਾ ਹੈ। ਉਹ ਦੋ ਤਿੰਨ ਵਾਰ ਕੁਝ ਨਾਵਲ ਨੁਮਾ ਲਿਖ ਕੇ ਆਪਣੀ ਕੰਪਨੀ ਦੇ ਮਾਲਕ-ਸੰਪਾਦਕ ਨੂੰ ਦੇ ਚੁੱਕਾ ਹੈ, ਪਰ ਉਹ ਹਮੇਸ਼ਾਂ ਇਹ ਕਹਿ ਕੇ ਛਾਪਣ ਤੋਂ ਮਨ੍ਹਾ ਕਰ ਦਿੰਦਾ ਹੈ ਕਿ ਉਸਦਾ ਨਾਵਲ ਹੈ ਤਾਂ ਚੰਗਾ, ਪਰ ਛਪਣ ਤੋਂ ਬਾਅਦ ਵਿਕਣਯੋਗ ਨਹੀਂ ਹੈ, ਜਿਸ ਨਾਲ ਕੰਪਨੀ ਨੂੰ ਘਾਟਾ ਪਵੇਗਾ। ਇੱਥੇ ਦੱਸਣਾ ਜ਼ਰੂਰੀ ਹੈ ਕਿ ਸਾਡੇ ਦੇਸ਼ ਦੇ ਸਾਹਿਤਕ ਰੁਝਾਨ ਤੇ ਪ੍ਰਚਲਣ ਦੇ ਉਲਟ ਕਈ ਵਿਕਸਤ ਦੇਸ਼ਾਂ ਵਿਚ ਸਾਹਿਤਕਾਰੀ ਨੂੰ ਵਿਸ਼ੇਸ਼ ਕਿੱਤੇ ਦੇ ਰੂਪ ਵਿਚ ਮੰਨਿਆ ਜਾਂਦਾ ਹੈ। ਕਹਿਣ ਦਾ ਭਾਵ ਕਿ ਸਾਹਿਤਕਾਰ ਆਪਣੀ ਰੋਜ਼ੀ ਰੋਟੀ ਤੇ ਪਰਿਵਾਰ ਦਾ ਪਾਲਣ ਪੋਸ਼ਣ ਆਪਣੀ ਲੇਖਣੀ ਦੀ ਕਮਾਈ ਦੇ ਸਿਰ ’ਤੇ ਹੀ ਕਰਦਾ ਹੈ ਨਾ ਕਿ ਸਾਡੇ ਦੇਸ਼ ਦੇ ਜ਼ਿਆਦਾਤਰ ਸਾਹਿਤਕਾਰਾਂ ਵਾਂਗ ਆਪਣੇ ਪੱਲੇ ਤੋਂ ਪੈਸੇ ਖ਼ਰਚ ਕਰਕੇ ਆਪਣੀਆਂ ਕਿਤਾਬਾਂ ਛਪਵਾਉਂਦਾ ਹੈ।
ਖੈਰ, ਫ਼ਿਲਮ ਵਿਚਲਾ ਨੌਜਵਾਨ ਅਕਸਰ ਪਰੇਸ਼ਾਨ ਰਹਿੰਦਾ ਹੈ। ਗਾਹੇ ਬਗਾਹੇ ਆਪਣੇ ਕਾਰੋਬਾਰੀ ਪਿਤਾ ਤੋਂ ਮਾਲੀ ਮਦਦ ਇਹ ਕਹਿ ਕੇ ਲੈਂਦਾ ਰਹਿੰਦਾ ਹੈ ਕਿ ਜਿਵੇਂ ਹੀ ਉਹ ਪ੍ਰਸਿੱਧ ਲੇਖਕ ਬਣ ਜਾਏਗਾ ਤਾਂ ਉਧਾਰ ਵਾਪਸ ਕਰ ਦੇਵੇਗਾ। ਪਿਤਾ ਉਸਨੂੰ ਲੇਖਕ ਬਣਨ ਤੋਂ ਮਨ੍ਹਾ ਤਾਂ ਨਹੀਂ ਕਰਦਾ, ਪਰ ਉਸਨੂੰ ‘ਪੂਰਨ ਪੁਰਸ਼’ ਬਣਨ ਲਈ ਵੀ ਕਹਿੰਦਾ ਹੈ। ਪਿਤਾ ਦੇ ਸਮਝਾਉਣ ਉੱਪਰ ਉਹ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਲੈਂਦਾ ਹੈ। ਉਹ ਹਨੀਮੂਨ ਲਈ ਪੈਰਿਸ ਜਾਂਦੇ ਹਨ। ਪੁਰਾਣੀਆਂ ਚੀਜ਼ਾਂ ਵੇਚਣ ਵਾਲੀ ਇਕ ਦੁਕਾਨ ਤੋਂ ਉਸਦੀ ਪਤਨੀ ਉਸਨੂੰ ਅਕਸਰ ਲੇਖਕਾਂ ਦੀ ਪਹਿਲੀ ਪਸੰਦ ਵਾਲਾ ਪੁਰਾਣਾ ਬੈਗ ਖ਼ਰੀਦ ਕੇ ਤੋਹਫੇ ਦੇ ਰੂਪ ਵਿਚ ਦਿੰਦੀ ਹੈ।
ਕੁਝ ਦਿਨਾਂ ਬਾਅਦ ਇਕ ਰਾਤ ਨੂੰ ਉਹ ਫਿਰ ਇਕ ਨਵਾਂ ਨਾਵਲ ਕੰਪਿਊਟਰ ’ਤੇ ਟਾਈਪ ਕਰਨਾ ਸ਼ੁਰੂ ਕਰਦਾ ਹੈ, ਪਰ ਬਹੁਤ ਜਲਦੀ ਝੁੰਜਲਾ ਜਾਂਦਾ ਹੈ। ਉਹ ਆਪਣੇ ਕੁਝ ਟਾਈਪ ਕੀਤੇ ਵਰਕੇ ਉਸ ਬੈਗ ਵਿਚ ਪਾਉਣ ਲੱਗਦਾ ਹੈ ਤਾਂ ਬੈਗ ਦੀ ਇਕ ਅੰਦਰਲੀ ਤਹਿ ਵਿਚੋਂ ਉਸਨੂੰ ਇਕ ਟਾਈਪ ਕੀਤਾ ਹੋਇਆ ਨਾਵਲ ਦਾ ਖਰੜਾ ਮਿਲਦਾ ਹੈ। ਕਾਗਜ਼ ਦੇ ਪੀਲੇਪਣ ਤੋਂ ਲਗਪਗ ਤੀਹ ਚਾਲੀ ਸਾਲ ਪੁਰਾਣਾ ਲੱਗਦਾ ਹੈ। ਉਹ ਉਸਨੂੰ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਸਵੇਰ ਤਕ ਮੁਕਾ ਕੇ ਹੀ ਹਟਦਾ ਹੈ। ਅਗਲੀ ਹੀ ਰਾਤ ਨੂੰ ਉਹ ਉਸੇ ਨਾਵਲ ਨੂੰ ਸ਼ਬਦ ਦਰ ਸ਼ਬਦ, ਇੱਥੋਂ ਤਕ ਕਿ ਗ਼ਲਤ ਸ਼ਬਦਜੋੜਾਂ ਨੂੰ ਠੀਕ ਕੀਤੇ ਬਿਨਾਂ ਕੰਪਿਊਟਰ ’ਤੇ ਟਾਈਪ ਕਰਨਾ ਸ਼ੁਰੂ ਕਰਦਾ ਹੈ। ਤਿੰਨ ਚਾਰ ਰਾਤਾਂ ਵਿਚ ਉਹ ਟਾਈਪਿੰਗ ਨੇਪਰੇ ਚਾੜ੍ਹ ਦਿੰਦਾ ਹੈ। ਜਿਸ ਦਿਨ ਸਵੇਰੇ ਉਹ ਉਸ ਬੇਨਾਮੇ ਨਾਵਲ ਦੀ ਟਾਈਪਿੰਗ ਮੁਕੰਮਲ ਕਰਦਾ ਹੈ ਉਸ ਦਿਨ ਉਹ ਗ਼ਲਤੀ ਨਾਲ ਆਪਣਾ ਕੰਪਿਊਟਰ ਲੌਕ ਕਰਨਾ ਭੁੱਲ ਜਾਂਦਾ ਹੈ। ਉਸਦੀ ਪਤਨੀ ਜੋ ਉਸਦੀ ਹਰ ਰਚਨਾ ਦੀ ਪਹਿਲੀ ਪਾਠਕ ਵੀ ਹੈ, ਉਹ ਉਸ ਨਾਵਲ ਨੂੰ ਪੜ੍ਹ ਲੈਂਦੀ ਹੈ। ਉਸਨੂੰ ਉਹ ਨਾਵਲ ਬਹੁਤ ਪਸੰਦ ਆਉਂਦਾ ਹੈ। ਪਹਿਲਾਂ ਤਾਂ ਉਹ ਉਸ ਨਾਲ ਨਾਰਾਜ਼ਗੀ ਪ੍ਰਗਟਾਉਂਦੀ ਹੈ ਕਿ ਉਸਨੇ ਇਸ ਨਵੇਂ ਲਿਖੇ ਨਾਵਲ ਨੂੰ ਉਸਤੋਂ ਕਿਉਂ ਛੁਪਾਇਆ ਹੈ। ਲੇਖਕ ਉਸਨੂੰ ਉਸ ਨਾਵਲ ਦੀ ਹਕੀਕਤ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਪਰ ਪਤਨੀ ਕੁਝ ਨਹੀਂ ਸੁਣਦੀ। ਪਤਨੀ ਦੇ ਕਹਿਣ ’ਤੇ ਉਹ ਨਾਵਲ ਦਾ ਖਰੜਾ ਦੁਬਾਰਾ ਆਪਣੀ ਕੰਪਨੀ ਦੇ ਮਾਲਕ-ਸੰਪਾਦਕ ਨੂੰ ਪੜ੍ਹਨ ਲਈ ਦੇ ਦਿੰਦਾ ਹੈ। ਸੁਭਾਅ ਅਨੁਸਾਰ ਉਹ ਉਸਨੂੰ ਪੰਜ ਛੇ ਮਹੀਨੇ ਤਕ ਨਹੀਂ ਪੜ੍ਹਦਾ, ਪਰ ਇਕ ਦਿਨ ਸ਼ਾਮ ਨੂੰ ਜਦੋਂ ਉਹ ਉਸ ਖਰੜੇ ਨੂੰ ਡਸਟਬਿਨ ਵਿਚ ਸੁੱਟਣ ਲੱਗਦਾ ਹੈ ਤਾਂ ਉਸਨੂੰ ਪਤਾ ਨਹੀਂ ਕੀ ਮਹਿਸੂਸ ਹੁੰਦਾ ਹੈ ਕਿ ਉਹ ਉਸਦੇ ਅਗਲੇ ਕੁਝ ਪੰਨੇ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਫਿਰ ਸਾਰਾ ਖਰੜਾ ਪੜ੍ਹ ਕੇ ਹੀ ਸਵੇਰੇ ਘਰ ਜਾਂਦਾ ਹੈ।
ਕੰਪਨੀ ਉਸ ਨਾਵਲ ਨੂੰ ਉਸ ਲੇਖਕ ਦੇ ਨਾਂ ’ਤੇ ਛਾਪ ਦਿੰਦੀ ਹੈ ਤੇ ਅਖੀਰ ਉਹ ਨੌਜਵਾਨ ਰਾਤੋ ਰਾਤ ਕਾਮਯਾਬ ਤੇ ਪ੍ਰਸਿੱਧ ਸਾਹਿਤਕਾਰ ਬਣ ਜਾਂਦਾ ਹੈ। ਕਹਾਣੀ ਵਿਚ ਮੋੜ ਉਦੋਂ ਆਉਂਦਾ ਹੈ ਜਦੋਂ ਉਸ ਨਾਵਲ ਦਾ ਬੇਨਾਮ ਤੇ ਅਸਲੀ ਲੇਖਕ ਇਸ ਨੌਜਵਾਨ ਲੇਖਕ ਨੂੰ ਮਿਲਦਾ ਹੈ। ਫ਼ਿਲਮ ਕਿਉਂਕਿ ਸਾਹਿਤ, ਸਾਹਿਤਕਾਰ ਦੇ ਜੀਵਨ, ਚਰਿੱਤਰ, ਵਿਅਕਤੀਤਵ, ਜ਼ਮੀਰ ਨਾਲ ਜੁੜੀ ਹੋਈ ਹੈ ਸੋ ਇਹ ਫ਼ਿਲਮ ਸਾਹਿਤਕਾਰਾਂ ਨੂੰ ਆਪਣੇ ਵੱਲ ਵਿਸ਼ੇਸ਼ ਖਿੱਚ ਪਾਉਂਦੀ ਹੈ। ਫ਼ਿਲਮ ਵਿਚ ਕਿਸੇ ਮਨੁੱਖ ਦੇ ਦਿਲ ਦਿਮਾਗ਼ ਵਿਚ ਲੇਖਕ ਬਣਨ ਦਾ ਭੂਤ, ਮਨੋਰਥ, ਦੁੱਖ, ਤਕਲੀਫ਼, ਪਰੇਸ਼ਾਨੀ, ਅਵਸਥਾ, ਵਿਵਸਥਾ ਆਦਿ ਦਾ ਚਿਤਰਣ ਇੰਨੀ ਬਾਖੂਬੀ ਨਾਲ ਨਿਭਾਇਆ ਹੈ ਕਿ ਇਹ ਦਰਸ਼ਕ ਦੇ ਮਨ ਨੂੰ ਝੰਜੋੜਦਾ ਹੈ। ਫ਼ਿਲਮ ਵਿਚਲੀ ਅਦਾਕਾਰੀ, ਨਿਰਦੇਸ਼ਨਾ ਤੇ ਸਿਨਮੈਟੋਗ੍ਰਾਫੀ ਕਮਾਲ ਦੇ ਹਨ। ਫ਼ਿਲਮ ਦੀ ਪਟਕਥਾ ਤੇ ਸੰਵਾਦ ਬਹੁਤ ਉੱਚ ਪਾਏ ਦੇ ਹਨ। ਕੁਝ ਸੰਵਾਦ ਪੜ੍ਹੋ। ਪਹਿਲਾ ਸੰਵਾਦ: ਤੁਹਾਨੂੰ ਜ਼ਿੰਦਗੀ ਤੇ ਕਲਪਨਾ (ਸਾਹਿਤ) ਵਿਚੋਂ ਕਿਸੇ ਇਕ ਨੂੰ ਚੁਣਨਾ ਪੈਂਦਾ ਹੈ। ਭਾਵੇਂ ਦੋਵੇਂ ਇਕ ਦੂਸਰੇ ਦੇ ਬਹੁਤ ਕਰੀਬ ਹਨ, ਪਰ ਇਹ ਦੋਵੇਂ ਕਦੇ ਵੀ ਇਕ ਦੂਸਰੇ ਨੂੰ ਛੂੰਹਦੇ ਨਹੀਂ। ਇਕ ਦੂਸਰੇ ਤੋਂ ਬਹੁਤ ਹੀ ਜ਼ਿਆਦਾ ਵੱਖਰੇ ਵਜੂਦ ਦੇ ਮਾਲਕ ਹਨ। ਦੂਸਰਾ ਸੰਵਾਦ: ਅਸੀਂ ਜ਼ਿੰਦਗੀ ਵਿਚ ਮੁਸ਼ਕਿਲ ਤੇ ਔਖੇ ਵਿਕਲਪਾਂ ਨੂੰ ਅਪਣਾਉਂਦੇ ਤਾਂ ਹਾਂ, ਪਰ ਉਨ੍ਹਾਂ ਨੂੰ ਨਿਭਾਉਣਾ ਸਾਡੇ ਲਈ ਬਹੁਤ ਔਖਾ ਕਾਰਜ ਹੋ ਨਿੱਬੜਦਾ ਹੈ। ਤੀਸਰਾ ਸੰਵਾਦ: ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗ਼ਲਤੀ ਇਹ ਸੀ ਕਿ ਜਿਸ ਔਰਤ ਕਰਕੇ ਮੈਂ ਸ਼ਬਦਕਾਰ ਬਣਿਆ, ਮੈਂ ਉਸ ਤੋਂ ਜ਼ਿਆਦਾ ਪਿਆਰ ਆਪਣੇ ਸ਼ਬਦਾਂ ਨੂੰ ਕਰ ਬੈਠਾ।
ਕੁਲ ਮਿਲਾ ਕੇ ਫ਼ਿਲਮ ਇਹ ਸੁਨੇਹਾ ਦੇਣ ਵਿਚ ਕਾਮਯਾਬ ਰਹਿੰਦੀ ਹੈ ਕਿ ਮਨੁੱਖ ਗ਼ਲਤੀਆਂ ਦਾ ਪੁਤਲਾ ਹੈ, ਪਰ ਉਸ ਤੋਂ ਵੀ ਵੱਡਾ ਕਾਰਜ ਹੈ ਮਨੁੱਖ ਵੱਲੋਂ ਆਪਣੇ ਵੱਲੋਂ ਕੀਤੀਆਂ ਗ਼ਲਤੀਆਂ ਨੂੰ ਕਬੂਲ ਲੈਣਾ।
ਸੰਪਰਕ: 94171-73700