ਮੁੰਬਈ: ਇੰਟਰਨੈਸ਼ਨਲ ਟੈਲੀਵਿਜ਼ਨ ਦੇ ਸਰਵੋਤਮ ਪੁਰਸਕਾਰਾਂ ਦੇ ਜਸ਼ਨ ਮਨਾਉਣ ਲਈ 49ਵਾਂ ਇੰਟਰਨੈਸ਼ਨਲ ਐਮੀ ਐਵਾਰਡਜ਼ ਸਮਾਗਮ 22 ਨਵੰਬਰ ਤੋਂ ਨਿਊਯਾਰਕ ਵਿੱਚ ਸ਼ੁਰੂ ਹੋ ਗਿਆ ਹੈ। ਭਾਰਤੀ ਦਰਸ਼ਕ ਇਸ ਸਮਾਗਮ ਨੂੰ ਭਾਰਤੀ ਸਮੇਂ ਦੇ ਹਿਸਾਬ ਨਾਲ 23 ਨਵੰਬਰ ਨੂੰ ਸਵੇਰੇ 5:30 ਵਜੇ ਦੇਖ ਸਕਣਗੇ। ਸਮਾਗਮ ਦੌਰਾਨ ਗਿਆਰਾਂ ਸ਼੍ਰੇਣੀਆਂ ਵਿੱਚ ਐਵਾਰਡ ਦਿੱਤੇ ਜਾਣਗੇ, ਜਿਸ ਲਈ 24 ਦੇਸ਼ਾਂ ਦੇ ਵਿਅਕਤੀ ਨਾਮਜ਼ਦ ਕੀਤੇ ਗਏ ਹਨ। ਇਸ ਵਾਰ ਇੰਟਰਨੈਸ਼ਨਲ ਐਮੀ ਐਵਾਰਡਜ਼ ਲਈ ਤਿੰਨ ਭਾਰਤੀ ਨਾਮ ਨਾਮਜ਼ਦ ਕੀਤੇ ਗਏ ਹਨ। ਇਨ੍ਹਾਂ ਨਾਵਾਂ ਵਿੱਚ ਸੁਧੀਰ ਮਿਸ਼ਰਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਸੀਰੀਅਸ ਮੈੱਨ’ ਵਿੱਚ ਕੰਮ ਕਰਨ ਲਈ ਬੈਸਟ ਐਕਟਰ ਕੈਟਾਗਿਰੀ ਵਿੱਚ ਨਵਾਜ਼ੂਦੀਨ ਸਿੱਦੀਕੀ, ਕਾਮੇਡੀ ਖੇਤਰ ਵਿੱਚ ‘ਵੀਰ ਦਾਸ: ਵਨ ਇੰਡੀਆ’ ਅਤੇ ਬੈਸਟ ਡਰਾਮਾ ਸ਼੍ਰੇਣੀ ਵਿੱਚ ‘ਆਰੀਆ’ ਵਿੱਚ ਮੁੱਖ ਭੂਮਿਕਾ ਨਿਭਾਉਣ ਬਦਲੇ ਸੁਸ਼ਮਿਤਾ ਸੇਨ ਦੇ ਨਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਸਾਲ 2019 ਵਿੱਚ ਲੰਡਨ ’ਚ ਹੋਏ 47ਵੇਂ ਇੰਟਰਨੈਸ਼ਨਲ ਐਮੀ ਐਵਾਰਡ ਸਮਾਗਮ ਦੌਰਾਨ ਵੀ ਨਵਾਜ਼ੂਦੀਨ ਸਿੱਦੀਕੀ ਨੇ ‘ਮੈਕਮਾਫੀਆ’ ਲਈ ਐਵਾਰਡ ਪ੍ਰਾਪਤ ਕੀਤਾ ਸੀ। ਪਿਛਲੇ ਸਾਲ 48ਵੇਂ ਇੰਟਰਨੈਸ਼ਨਲ ਐਮੀ ਐਵਾਰਡਜ਼ ਸਮਾਗਮ ਦੌਰਾਨ ਭਾਰਤ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਰਿਚੀ ਮਹਿਤਾ ਦੀ ‘ਦਿੱਲੀ ਕ੍ਰਾਈਮ’ ਲਈ ਅਦਾਕਾਰਾ ਸ਼ੈਫ਼ਾਲੀ ਸ਼ਾਹ, ਰਸਿਕਾ ਦੁੱਗਲ, ਅਦਿਲ ਹੁਸੈਨ ਅਤੇ ਰਾਜੇਸ਼ ਤੇਲਾਂਗ ਨੇ ਨਵੰਬਰ 2020 ਵਿੱਚ ‘ਬੈਸਟ ਡਰਾਮਾ ਸੀਰੀਜ਼’ ਦਾ ਖਿਤਾਬ ਜਿੱਤਿਆ ਸੀ। -ਆਈਏਐੱਨਐੱਸ