ਮੁੰਬਈ, 2 ਨਵੰਬਰ
ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਅੱਜ 55 ਸਾਲ ਦੇ ਹੋ ਗਏ ਹਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਧਾਈਆਂ ਦੇਣ ਲਈ ਆਲਮੀ ਪੱਧਰ ’ਤੇ ਦੋਸਤਾਂ, ਸਹਿਕਰਮੀਆਂ, ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦਾ ਤਾਂਤਾ ਲੱਗਿਆ ਰਿਹਾ। ਅਦਾਕਾਰ ਅਯੂਸ਼ਮਾਨ ਖੁਰਾਣਾ ਨੇ ਸ਼ਾਹਰੁਖ਼ ਨਾਲ ਆਪਣੀ ਇੱਕ ਤਸਵੀਰ ਬਾਰੇ ਹਿੰਦੀ ਵਿੱਚ ਲਿਖਿਆ, ‘‘ਆਪਕੋ ਦੇਖਾ… ਆਪਸੇ ਪਿਆਰ ਕੀਆ। ਪਿਆਰ ਕੈਸੇ ਕਰਤੇ ਹੈਂ, ਆਪਸੇ ਸੀਖਾ।’’ ਅਦਾਕਾਰ ਰਾਜਕੁਮਾਰ ਰਾਓ ਨੇ ਖ਼ੁਦ ਨੂੰ ਸ਼ਾਹਰੁਖ ਦਾ ਵੱਡਾ ਪ੍ਰਸ਼ੰਸਕ ਦੱਸਦਿਆਂ ਸੁਪਰਸਟਾਰ ਦੇ ਹਿੱਟ ਗੀਤ ‘ਛਈਆਂ ਛਈਆਂ’ ਦੀ ਰਿਹਰਸਲ ਮੌਕੇ ਦੀ ਵੀਡੀਓ ਕਲਿੱਪ ਟਵਿੱਟਰ ’ਤੇ ਸਾਂਝੀ ਕੀਤੀ। ਅਦਾਕਾਰਾ ਜੂਹੀ ਚਾਵਲਾ ਨੇ ਉਨ੍ਹਾਂ ਦੇ ਜਨਮ ਦਿਨ ’ਤੇ 500 ਬੂਟੇ ਲਾਉਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਅਦਾਕਾਰਾ ਅਨੁਸ਼ਕਾ ਸ਼ਰਮਾ, ਸ਼ਿਲਪਾ ਸ਼ੈਟੀ ਅਤੇ ਕਰੀਨਾ ਕਪੂਰ ਖ਼ਾਨ ਨੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਸ਼ੰਸਕ ਸ਼ਾਹਰੁਖ ਦਾ ਜਨਮ ਦਿਨ ਮਨਾਉਣ ਲਈ ਹਰੇਕ ਸਾਲ ਉਨ੍ਹਾਂ ਦੀ ਮੁੰਬਈ ਸਥਿਤ ਰਿਹਾਇਸ਼ ‘ਮੰਨਤ’ ਅੱਗੇ ਇਕੱਠੇ ਹੁੰਦੇ ਹਨ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਕੱਠੇ ਨਾ ਹੋਣ ਦੀ ਅਪੀਲ ਕਰਦਿਆਂ ਸ਼ਾਹਰੁਖ਼ ਖ਼ਾਨ ਨੇ ਕਿਹਾ, ‘‘ਇਸ ਬਾਰ ਕਾ ਪਿਆਰ… ਥੋੜ੍ਹਾ ਦੂਰ ਸੇ ਯਾਰ।’’ ਉਧਰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਟੀਮ ਦੇ ਮੈਂਬਰਾਂ ਵੱਲੋਂ ਫਰੈਂਚਾਈਜ਼ੀ ਦੇ ਮਾਲਕ ਅਤੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਗਈ। ਕੇਕੇਆਰ ਦੇ ਕਪਤਾਨ ਇਓਨ ਮੌਰਗਨ ਨੇ ਕਿਹਾ, ‘‘ਹਰ ਕੋਈ ਸ਼ਾਹਰੁਖ ਨੂੰ ਭਾਰਤ ਦਾ ਟੌਮ ਕਰੂਜ਼ ਕਹਿੰਦਾ ਹੈ। ਅਸਲ ਵਿੱਚ ਉਹ ਟੌਮ ਕਰੂਜ਼ ਨਾਲੋਂ ਵੀ ਵੱਧ ਉਤਸ਼ਾਹਿਤ ਹੈ।’’ -ਆਈਏਐੱਨਐੱਸ
ਮਮਤਾ ਨੇ ਵਧਾਈ ਦਿੰਦਿਆਂ ਸ਼ਾਹਰੁਖ ਨੂੰ ਕਿਹਾ ‘ਮਨਮੋਹਕ ਭਰਾ’
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਉਸ ਦੇ 55ਵੇਂ ਜਨਮ ਦਿਨ ਦੀ ਵਧਾਈ ਦਿੱਤੀ। ਮਮਤਾ ਨੇ ਆਪਣੇ ਟਵਿੱਟਰ ਹੈਂਡਲ ’ਤੇ ਬਾਲੀਵੁੱਡ ਅਦਾਕਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, ‘‘ਸ਼ਾਹਰੁਖ ਨੂੰ ਜਨਮ ਦਿਨ ਦੀ ਨਿੱਘੀ ਵਧਾਈ। ਤੁਹਾਡੀ ਚੰਗੀ ਸਿਹਤ ਤੇ ਜ਼ਿੰਦਗੀ ’ਚ ਸਾਰੀਆਂ ਸਫ਼ਲਤਾਵਾਂ ਦੀ ਕਾਮਨਾ।’’ ਉਨ੍ਹਾਂ ਕਿੰਗ ਖਾਨ ਨੂੰ ਆਪਣਾ ‘ਮਨਮੋਹਕ ਭਰਾ’ ਕਹਿੰਦਿਆਂ ਉਸ ਦੀਆਂ ਭਵਿੱਖ ਦੀਆਂ ਸਾਰੀਆਂ ਕੋਸ਼ਿਸ਼ਾਂ ’ਚ ਸਫ਼ਲਤਾ ਲਈ ਕਾਮਨਾ ਕੀਤੀ। -ਆਈਏਐੱਨਐੱਸ