ਜੋਗਿੰਦਰ ਕੌਰ ਅਗਨੀਹੋਤਰੀ
ਸ਼੍ਰਿਸ਼ਟੀ ਦੀ ਰਚਨਾ ਵੇਲੇ ਜੇਕਰ ਮਨੁੱਖ ਨਾ ਹੁੰਦਾ ਤਾਂ ਬਾਕੀ ਰਚਨਾ ਵੀ ਬੇਕਾਰ ਹੀ ਹੁੰਦੀ ਕਿਉਂਕਿ ਮਨੁੱਖ ਨੂੰ ਸੋਝੀ ਹੈ ਅਤੇ ਇਸੇ ਸੋਝੀ ਨਾਲ ਉਸ ਨੇ ਵਿਕਾਸ ਕੀਤਾ ਹੈ। ਆਦਿ ਮਾਨਵ ਤੋਂ ਲੈ ਕੇ ਅੱਜ ਤੱਕ ਮਨੁੱਖ ਨੇ ਆਪਣੇ ਲਈ ਬਹੁਤ ਜ਼ਿਆਦਾ ਸੁੱਖ ਦੇ ਸਾਧਨ ਤਿਆਰ ਕੀਤੇ ਹਨ। ਮਨੁੱਖ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਅਨੇਕਾਂ ਖੋਜਾਂ ਕੀਤੀਆਂ ਜੋ ਸਾਡੇ ਸੱਭਿਆਚਾਰ ਦਾ ਅੰਗ ਬਣ ਗਈਆਂ ਹਨ। ਸਭ ਤੋਂ ਪਹਿਲਾਂ ਰੋਜ਼ੀ ਰੋਟੀ ਦੇ ਸਾਧਨ ਜੁਟਾਏ ਅਤੇ ਉਸ ਤੋਂ ਬਾਅਦ ਪਹਿਨਣ ਅਤੇ ਸਜਣ-ਫੱਬਣ ਦਾ ਸ਼ੌਕ ਪੂਰਾ ਕਰਨ ਲਈ ਵਸਤਾਂ ਤਿਆਰ ਕੀਤੀਆਂ।
ਇਹ ਵਸਤਾਂ ਤਿਆਰ ਕਰਨ ਉਪਰੰਤ ਉਸ ਨੇ ਇਸ ਨੂੰ ਸੰਭਾਲਣ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਸਮਝਿਆ। ਕੱਪੜਿਆਂ ਨੂੰ ਸੰਭਾਲਣ ਲਈ ਉਸ ਨੇ ਨਵੀਂ ਕਾਢ ਕੱਢੀ। ਇਹ ਉਹ ਵਸਤੂ ਹੈ ਜਿਸ ਬਾਬਤ ਇਹ ਕਿਹਾ ਜਾਂਦਾ ਹੈ ਕਿ ਇਹ ਘਰ ਦਾ ਭੇਤ ਹੈ ਕਿਉਂਕਿ ਇਸ ਵਿੱਚ ਅਨੇਕਾਂ ਚੀਜ਼ਾਂ ਸਾਂਭੀਆਂ ਜਾਂਦੀਆਂ ਹਨ। ਇਸ ਵਿੱਚ ਪਹਿਨਣ ਵਾਲੇ ਕੱਪੜਿਆਂ ਤੋਂ ਬਿਨਾਂ ਵਰਤੋਂ ਵਿੱਚ ਆਉਣ ਵਾਲੀਆਂ ਹੋਰ ਚੀਜ਼ਾਂ ਵੀ ਸੰਭਾਲੀਆਂ ਜਾਂਦੀਆਂ ਹਨ ਜਿਵੇਂ ਕਿ ਖੇਸ, ਦਰੀਆਂ, ਗਦੈਲੇ ਅਤੇ ਹੋਰ ਖੱਦਰ ਆਦਿ। ਇਹ ਵਸਤੂ ਹੈ ਸੰਦੂਕ।
ਸੰਦੂਕ ਸਾਡੇ ਸੱਭਿਆਚਾਰ ਦੀ ਮਹੱਤਵਪੂਰਨ ਵਸਤੂ ਹੈ ਜੋ ਹਰ ਘਰ ਵਿੱਚ ਹੋਣੀ ਅਤਿ ਜ਼ਰੂਰੀ ਹੁੰਦੀ ਸੀ। ਇਹ ਘਰ ਦਾ ਸ਼ਿੰਗਾਰ ਹੁੰਦਾ ਸੀ। ਘਰ ਵਿੱਚ ਚਾਹੇ ਕਿੰਨਾ ਹੀ ਸਾਮਾਨ ਕਿਉਂ ਨਾ ਪਿਆ ਹੋਵੇ ਪ੍ਰੰਤੂ ਜੇਕਰ ਪੇਟੀ ਜਾਂ ਸੰਦੂਕ ਨਾ ਹੋਵੇ ਤਾਂ ਵੀ ਘਰ ਦੀ ਸ਼ਾਨ ਨੂੰ ਵੱਟਾ ਲੱਗਦਾ ਸੀ। ਸਾਡੇ ਸਮਾਜ ਦੀ ਇੱਕ ਮਹੱਤਵਪੂਰਨ ਰੀਤ ਇਹ ਹੈ ਕਿ ਹਰ ਵਿਆਹੀ ਜਾਣ ਵਾਲੀ ਲੜਕੀ ਨੂੰ ਦਾਜ ਵਿੱਚ ਸੰਦੂਕ ਜਾਂ ਪੇਟੀ ਜ਼ਰੂਰ ਦਿੱਤੀ ਜਾਂਦੀ ਸੀ ਤਾਂ ਕਿ ਉਹ ਆਪਣੀਆਂ ਨਿੱਜੀ ਵਸਤਾਂ ਨੂੰ ਸੰਭਾਲ ਕੇ ਰੱਖੇ ਜਿਵੇਂ ਪਹਿਨਣ ਵਾਲੇ ਕੱਪੜੇ, ਬਿਸਤਰੇ ਅਤੇ ਹਾਰ ਸ਼ਿੰਗਾਰ ਦਾ ਸਾਮਾਨ। ਜਿਨ੍ਹਾਂ ਔਰਤਾਂ ਕੋਲ ਸੰਦੂਕ ਨਹੀਂ ਹੁੰਦਾ ਸੀ, ਉਨ੍ਹਾਂ ਦੀ ਉਹ ਕਦਰ ਨਹੀਂ ਹੁੰਦੀ ਸੀ ਜਿੰਨੀ ਸੰਦੂਕ ਵਾਲੀ ਦੀ।
ਸੰਦੂਕ ਵਧੀਆ ਟਾਹਲੀ ਦੀ ਲੱਕੜ ਜੋ ਅੰਦਰੋਂ ਲਾਲ ਹੋਵੇ ਅਤੇ ਵਧੀਆ ਨਿੰਮ ਦੀ ਲੱਕੜ ਦੇ ਬਣਾਏ ਜਾਂਦੇ ਸਨ ਕਿਉਂਕਿ ਇਸ ਲੱਕੜ ਨੂੰ ਕੀੜਾ (ਸਿਉਂਕ, ਘੁਣ) ਨਹੀਂ ਲੱਗਦਾ। ਸੰਦੂਕ ਨੂੰ ਬਣਾਉਣ ਤੋਂ ਪਹਿਲਾਂ ਲੱਕੜ ਦੇ ਪੋਰੇ ਨੂੰ ਟੋਭੇ ਜਾਂ ਛੱਪੜ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇੱਕ ਮਹੀਨੇ ਪਿੱਛੋਂ ਉਸ ਨੂੰ ਕੱਢ ਸੁਕਾਉਣ ਤੋਂ ਬਾਅਦ ਇਸ ਨੂੰ ਚਿਰਾਇਆ ਜਾਂਦਾ ਹੈ ਅਤੇ ਫਿਰ ਇਨ੍ਹਾਂ ਫੱਟੀਆਂ ਨੂੰ ਕੁਸ਼ਲ ਕਾਰੀਗਰ ਆਪਣੀ ਵਿਉਂਤ ਅਨੁਸਾਰ ਸੰਦੂਕ ਬਣਾਉਣ ਲਈ ਤਿਆਰ ਕਰਦੇ ਹਨ। ਸੰਦੂਕ ਦੋ ਪ੍ਰਕਾਰ ਦੇ ਹੁੰਦੇ ਹਨ। ਸਾਦੇ ਅਤੇ ਨਮੂਨੇਦਾਰ।
ਸਾਦੇ ਸੰਦੂਕ ਦੀ ਸਜਾਵਟ ਸਿਰਫ਼ ਦਿਖਾਵੇ ਮਾਤਰ ਹੀ ਹੁੰਦੀ ਹੈ। ਇਸ ਦੇ ਤਿੰਨ ਪਾਸੇ ਤਾਂ ਬਿਲਕੁਲ ਹੀ ਸਾਫ਼ ਹੁੰਦੇ ਹਨ ਭਾਵ ਉਨ੍ਹਾਂ ਉੱਤੇ ਨਾ ਤਾਂ ਕੋਈ ਮੀਨਾਕਾਰੀ ਕੀਤੀ ਜਾਂਦੀ ਹੈ ਅਤੇ ਨਾ ਹੀ ਕੋਈ ਫੋਟੋ ਜਾਂ ਸ਼ੀਸ਼ਾ ਜੜਿਆ ਜਾਂਦਾ ਹੈ। ਇਸ ਸੰਦੂਕ ਨੂੰ ਖੋਲ੍ਹਣ ਲਈ ਇੱਕ ਪੱਲਾ ਹੁੰਦਾ ਹੈ।
ਨਮੂਨੇਦਾਰ ਸੰਦੂਕ ਦਾ ਪਿਛਲਾ ਹਿੱਸਾ ਤਾਂ ਸਾਫ਼ ਹੁੰਦਾ ਹੈ। ਉਸ ਉੱਤੇ ਕੋਈ ਸਜਾਵਟ ਨਹੀਂ ਕੀਤਾ ਜਾਂਦੀ। ਨਮੂਨੇਦਾਰ ਸੰਦੂਕਾਂ ਦੇ ਅਗਲੇ ਹਿੱਸੇ ਉੱਤੇ ਪਿੱਤਲ ਦੇ ਕੋਕੇ ਅਤੇ ਪਿੱਤਲ ਕੱਟ ਕੇ ਮੋਰਨੀਆਂ ਬਣਾ ਕੇ ਜੜੀਆਂ ਜਾਂਦੀਆਂ ਹਨ। ਅਗਲੇ ਅਤੇ ਦੂਜੇ ਪਾਸਿਆਂ ਨੂੰ ਸੁੰਦਰ ਬਣਾਉਣ ਲਈ ਡੱਬੇ ਬਣਾਏ ਜਾਂਦੇ ਹਨ। ਉਨ੍ਹਾਂ ਵਿੱਚ ਵੱਖ-ਵੱਖ ਪ੍ਰਕਾਰ ਦੇ ਰੰਗਦਾਰ ਸ਼ੀਸ਼ੇ ਜੜੇ ਜਾਂਦੇ ਹਨ। ਮੂੰਹ ਦੇਖਣ ਲਈ ਵਧੀਆ ਧਾਰ ਵਾਲੇ ਸ਼ੀਸ਼ੇ ਫਿੱਟ ਕੀਤੇ ਜਾਂਦੇ ਹਨ। ਸੰਦੂਕਾਂ ਦੇ ਆਕਾਰ ਵੱਖ-ਵੱਖ ਹੁੰਦੇ ਸਨ। ਚਾਰ ਫੁੱਟ ਵਾਲਾ ਸੰਦੂਕ, ਛੇ ਫੁੱਟ ਦਾ ਸੰਦੂਕ, ਸੱਤ ਜਾਂ ਅੱਠ ਫੁੱਟ ਦਾ ਛੱਜੇ ਵਾਲਾ ਸੰਦੂਕ। ਵੱਡੇ ਸੰਦੂਕਾਂ ਦੇ ਹੇਠਲੇ ਹਿੱਸੇ ਨੂੰ ਬਿਸਤਰੇ ਪਾਉਣ ਲਈ ਰੱਖਿਆ ਜਾਂਦਾ ਸੀ ਜਦਕਿ ਉਤਲੇ ਹਿੱਸੇ ਵਿੱਚ ਫੱਟੀਆਂ ਪਾ ਕੇ ਤਿਆਰ ਕੀਤਾ ਜਾਂਦਾ ਸੀ। ਇਸ ਵਿੱਚ ਸੂਟ ਆਦਿ ਰੱਖੇ ਜਾਂਦੇ ਸਨ। ਕਈ ਨਮੂਨੇਦਾਰ ਸੰਦੂਕਾਂ ਵਿੱਚ ਰੱਖਣੇ ਵੀ ਬਣਾਏ ਜਾਂਦੇ ਸਨ। ਇਨ੍ਹਾਂ ਰੱਖਣਿਆਂ ਵਿੱਚ ਸੋਨੇ ਚਾਂਦੀ ਦੇ ਗਹਿਣਿਆਂ ਤੋਂ ਬਿਨਾਂ ਹਾਰ ਸ਼ਿੰਗਾਰ ਦਾ ਸਾਮਾਨ ਰੱਖਿਆ ਜਾਂਦਾ ਸੀ। ਇਹ ਸੁੰਦਰ ਕਲਾ ਕੁਸ਼ਲ ਕਾਰੀਗਰਾਂ ਦੀ ਹੀ ਦੇਣ ਹੈ।
ਜੇਕਰ ਮਾਂ, ਧੀ ਦੇ ਜਨਮ ਤੋਂ ਹੀ ਉਸ ਦੇ ਦਾਜ ਦੀ ਤਿਆਰੀ ਕਰਨ ਲੱਗ ਪੈਂਦੀ ਹੈ ਤਾਂ ਬਾਬਲ ਵੀ ਆਪਣਾ ਫਰਜ਼ ਨਿਭਾਉਣ ਲਈ ਟਾਹਲੀ ਜਾਂ ਨਿੰਮ ਦਾ ਰੁੱਖ ਧੀ ਦੇ ਸੰਦੂਕ ਬਣਾਉਣ ਲਈ ਲਾ ਦਿੰਦਾ ਹੈ। ਪੁਰਾਣੇ ਬਜ਼ੁਰਗ ਲੱਕੜ ਦਾ ਅੰਦਾਜ਼ਾ ਲਗਾਉਣ ਲਈ ਨਿੰਮ ਦੇ ਰੁੱਖ ਨੂੰ ਆਪਣੇ ਜੱਫੇ ਵਿੱਚ ਲੈ ਕੇ ਉਸ ਦੀ ਮੋਟਾਈ ਮਾਪ ਕੇ ਹੀ ਵੱਢਦੇ ਸਨ। ਨਿੰਮ ਦੇ ਸੰਦੂਕ ਦੀ ਚਰਚਾ ਹਰ ਘਰ ਵਿੱਚ ਹੁੰਦੀ ਸੀ। ਵਿਆਹੁਤਾ ਲੜਕੀ ਦਾ ਸਾਮਾਨ ਦੇਖ ਕੇ ਹੀ ਉਸ ਦੇ ਘਰ ਦੀ ਅਮੀਰੀ ਦਾ ਅੰਦਾਜ਼ਾ ਲਾਇਆ ਜਾਂਦਾ ਸੀ;
ਨਿੰਮ ਦੇ ਸੰਦੂਕ ਵਾਲੀਏ
ਕਿਹੜੇ ਪਿੰਡ ਮੁਕਲਾਵੇ ਜਾਣਾ।
ਉਂਜ ਤਾਂ ਲੋਕ ਕੁੜੀ ਦੇ ਵਿਆਹ ਤੋਂ ਪਹਿਲਾਂ ਹੀ ਕਾਰੀਗਰ ਨੂੰ ਘਰ ਬੁਲਾ ਕੇ ਸੰਦੂਕ ਤਿਆਰ ਕਰਵਾਉਂਦੇ ਸਨ, ਪਰ ਜੇਕਰ ਸੰਦੂਕ ਨਾ ਤਿਆਰ ਕਰਵਾਇਆ ਜਾਂਦਾ ਤੇ ਲੜਕੀ ਨੂੰ ਵਿਆਹ ਕੇ ਤੋਰ ਦਿੱਤਾ ਜਾਂਦਾ ਤਾਂ ਉਸ ਨੂੰ ਇਸ ਮਿਹਣੇ ਦਾ ਸ਼ਿਕਾਰ ਹੋਣਾ ਪੈਂਦਾ ਸੀ;
ਬਾਲ੍ਹੇ ਨੀਂ ਭਰਾਵਾਂ ਵਾਲੀਏ
ਗੱਡੀ ਆਈ ਐ ਸੰਦੂਕੋਂ ਖਾਲੀ।
ਸੰਦੂਕ ਔਰਤ ਲਈ ਸੋਨੇ ਦੇ ਗਹਿਣੇ ਨਾਲੋਂ ਵੀ ਵੱਡੀ ਚੀਜ਼ ਹੈ। ਇਸ ਉੱਤੇ, ਉਸ ਦੀ ਆਪਣੀ ਮਲਕੀਅਤ ਹੈ ਭਾਵ ਜਾਇਦਾਦ ਹੈ। ਉਸ ਦੀ ਮਰਜ਼ੀ ਤੋਂ ਬਿਨਾਂ ਹੋਰ ਕੋਈ ਵੀ ਉਸ ਨੂੰ ਖੋਲ੍ਹਣ ਦੀ ਹਿੰਮਤ ਨਹੀਂ ਕਰਦਾ। ਸਾਡੇ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਰਿਵਾਜ ਹੈ ਕਿ ਜਦੋਂ ਘਰ ਵਿੱਚ ਵਹੁਟੀ ਵਿਆਹ ਕੇ ਆਉਂਦੀ ਹੈ ਤਾਂ ਉਸ ਦੇ ਇਸ ਸੰਦੂਕ ਨੂੰ ਸਭ ਤੋਂ ਪਹਿਲਾਂ ਨਣਦ ਖੋਲ੍ਹਦੀ ਹੈ ਅਤੇ ਭਰਜਾਈ ਉਸ ਨੂੰ ਆਪਣੀ ਮਨਪਸੰਦ ਦਾ ਕੋਈ ਵੀ ਸੂਟ ਚੁੱਕਣ ਦੀ ਖ਼ੁਸ਼ੀ ਪ੍ਰਦਾਨ ਕਰਦੀ ਹੈ। ਚਾਵਾਂ ਨਾਲ ਵਿਆਹੀ ਵਹੁਟੀ ਨਾਲ ਕਈ ਵਾਰ ਕਿਸੇ ਨਿੱਕੀ ਜਿਹੀ ਗੱਲ ’ਤੇ ਝਗੜਾ ਹੋਣ ਦੇ ਬਾਅਦ
ਗੱਲ ਵੱਡੀ ਵੀ ਬਣ ਜਾਂਦੀ ਹੈ। ਜੇਕਰ ਇਹ ਝਗੜਾ ਨਾ ਮਿਟਾਇਆ ਜਾਵੇ ਤਾਂ ਗੱਲ ਹੋਰ ਵੀ ਵਧ ਜਾਂਦੀ ਹੈ ਜਿਸ ਦਾ ਜ਼ਿਕਰ ਲੋਕ ਗੀਤਾਂ ਵਿੱਚ ਇੰਜ ਕੀਤਾ ਜਾਂਦਾ ਹੈ;
ਨੀਂ ਮੈਂ ਸੱਸ ਕੁੱਟਣੀ
ਕੁੱਟਣੀ ਸੰਦੂਕਾਂ ਓਹਲੇ।
ਕਈ ਵਾਰ ਘਰਾਂ ਵਿੱਚ ਛੋਟੇ ਮੋਟੇ ਝਗੜੇ ਹੋ ਹੀ ਜਾਂਦੇ ਹਨ। ਜੇਕਰ ਕੋਈ ਮਰਦ ਜ਼ਿਆਦਾ ਅੜੀ ਫੜੀ ਕਰੇ ਤਾਂ ਔਰਤ ਨੂੰ ਵੀ ਗੁੱਸਾ ਆਉਣਾ ਸੁਭਾਵਿਕ ਹੈ। ਕਈ ਵਾਰੀ ਤਾਂ ਔਰਤਾਂ ਆਪਣਾ ਦੁੱਖ ਦਰਦ ਦੂਜੀਆਂ ਕੋਲ ਰੋਂਦੀਆਂ ਹਨ। ਜੇ ਕੋਈ ਔਰਤ ਸਿਆਣੀ ਹੋਵੇ ਤਾਂ ਉਹ ਇਸ ਗੱਲ ਨੂੰ ਵਧਾਉਂਦੀ ਨਹੀਂ ਬਲਕਿ ਘਟਾਉਂਦੀ ਹੈ, ਪਰ ਕਈ ਔਰਤਾਂ ਅਜਿਹੀਆਂ ਹਨ ਜਿਹੜੀ ਗੱਲ ਘਟਾਉਣ ਦੀ ਥਾਂ ਵਧਾ ਕੇ ਖ਼ੁਸ਼ ਹੁੰਦੀਆਂ ਹਨ ਅਤੇ ਉਹ ਆਪਣੀ ਸਹੇਲੀ ਨੂੰ ਗੀਤਾਂ ਰਾਹੀਂ ਇਹ ਮੱਤ ਦਿੰਦੀਆਂ ਹਨ;
ਜੇ ਜੱਟੀਏ ਜੱਟ ਕੁੱਟਣਾ ਹੋਵੇ
ਕੁੱਟੀਏ ਸੰਦੂਕਾਂ ਓਹਲੇ।
ਪਹਿਲਾਂ ਜੱਟ ਤੋਂ ਮੱਕੀ ਪਿਹਾਈਏ
ਫੇਰ ਪਿਹਾਈਏ ਛੋਲੇ।
ਜੱਟੀਏ ਦੇ ਦਬਕਾ
ਜੱਟ ਦੇ ਬਰਾਬਰ ਬੋਲੇ।
ਪਰਿਵਾਰ ਵਿੱਚ ਜਿੱਥੇ ਦੋ ਭਾਂਡੇ ਹੁੰਦੇ ਨੇ, ਉੱਥੇ ਖੜਕਦੇ ਹੀ ਹਨ। ਵੱਡੇ ਪਰਿਵਾਰਾਂ ਵਿੱਚ ਕਿਸੇ ਗੱਲ ’ਤੇ ਝਗੜਾ ਹੋ ਹੀ ਜਾਂਦਾ ਹੈ। ਕਈ ਵਾਰ ਗੱਲ ਵਧ ਜਾਂਦੀ ਹੈ। ਵਿਆਹੀ ਆਈ ਔਰਤ ਆਪਣੇ ਪਤੀ ਨੂੰ ਆਪਣੇ ਮਰਨ ਦਾ ਨਹੋਰਾ ਵੀ ਦੇ ਦਿੰਦੀ ਹੈ। ਉਹਨੂੰ ਨਹੋਰਾ ਦੇ ਕੇ ਕਹਿੰਦੀ ਹੈ;
ਕਾਲਾ ਘੱਗਰਾ ਸੰਦੂਕ ਵਿੱਚ ਮੇਰਾ
ਦੇਖ ਦੇਖ ਰੋਏਂਗਾ ਜੱਟਾ।
ਇਸ ਤਰ੍ਹਾਂ ਪਰਿਵਾਰ ਦੀ ਖੁਸ਼ਹਾਲੀ ਬਣਾਈ ਰੱਖਣ ਲਈ ਇੱਕ ਦੂਜੇ ਦਾ ਮਾਣ ਕਰਨਾ ਹੀ ਬਣਦਾ ਹੈ। ਕਈ ਵਾਰ ਆਦਮੀ ਨੂੰ ਔਰਤ ਦੀ ਖ਼ੁਸ਼ੀ ਲਈ ਉਸ ਦੇ ਅਨੁਸਾਰ ਵਡਿਆਈ ਵੀ ਕਰਨੀ ਪੈਂਦੀ ਹੈ;
ਨਿੰਮ ਦੇ ਸੰਦੂਕ ਵਾਲੀਏ
ਤੇਰਾ ਨਖਰਾ ਮੇਚ ਨਾ ਆਵੇ।
ਇਹ ਚਾਹਤ ਕੁਦਰਤੀ ਤੌਰ ’ਤੇ ਹੀ ਹੁੰਦੀ ਹੈ ਕਿ ਜਦੋਂ ਕਿਸੇ ਔਰਤ ਦਾ ਵਿਆਹ ਦਾ ਸਾਮਾਨ ਜਾਂਦਾ ਹੋਵੇ ਤਾਂ ਉਸ ਨੂੰ ਸਭ ਧਿਆਨ ਨਾਲ ਦੇਖਦੇ ਹਨ। ਕਈ ਚੁਸਤ ਤਾਂ ਅੱਖਾਂ ਅੱਖਾਂ ਵਿੱਚ ਹੀ ਸਾਮਾਨ ਦੀ ਗਿਣਤੀ ਅਤੇ ਉਸ ਦੀ ਵਿਸ਼ੇਸ਼ਤਾ ਸਮਝ ਜਾਂਦੇ ਹਨ। ਇਸ ਕੰਮ ਵਿੱਚ ਔਰਤਾਂ ਦੀ ਰੁਚੀ ਵੱਧ ਹੁੰਦੀ ਹੈ। ਭਾਵੇਂ ਆਦਮੀ ਵੀ ਆਪਣੇ ਮਨੋਭਾਵਾਂ ਨੂੰ ਪ੍ਰਗਟ ਕਰਨ ਦੇ ਸਮਰੱਥ ਹਨ, ਪਰ ਔਰਤ ਤਾਂ ਇਹੋ ਜਿਹਾ ਸਾਮਾਨ ਦੇਖ ਕੇ ਵੀ ਆਪਣੇ ਮਨ ਦੇ ਭਾਵ ਇਸ ਤਰ੍ਹਾਂ ਪ੍ਰਗਟ ਕਰ ਦਿੰਦੀ ਹੈ;
ਵਿੱਚ ਰੱਥ ਦੇ ਸ਼ੁਕੀਨਣ ਭਾਰੀ
ਗੱਡੇ ’ਚ, ਸੰਦੂਕ ਨਿੰਮ ਦਾ।
ਸੰਪਰਕ: 94178-40323