ਗੁਰਮੀਤ ਸਿੰਘ*
ਵੱਡਾ ਜਲ ਕਾਂ ਆਮ ਹੀ ਦੇਖਿਆ ਜਾਣ ਵਾਲਾ ਪੰਛੀ ਹੈ ਜੋ ਤਾਜ਼ੇ ਪਾਣੀ ਦੀਆਂ ਝੀਲਾਂ ਅਤੇ ਨਦੀਆਂ, ਨਹਿਰਾਂ, ਛੱਪੜਾਂ ਦੇ ਨੇੜੇ ਅਕਸਰ ਹੀ ਵੇਖਣ ਨੂੰ ਮਿਲਦਾ ਹੈ। ਇਸ ਨੂੰ ਪੰਜਾਬੀ ਵਿੱਚ ਵੱਡਾ ਜਲ ਕਾਂ, ਅੰਗਰੇਜ਼ੀ ਵਿੱਚ ‘ਗ੍ਰੇਟ ਕਾਰਮੋਰੈਂਟ’ (Great Cormorant) ਅਤੇ ਹਿੰਦੀ ਵਿੱਚ ਹਿੰਦ ਘੋਗੜ, ਪਨ ਕਊਆ ਜਾਂ ਜਲ ਕਊਆ ਕਹਿੰਦੇ ਹਨ। ਇਹ ਪੰਛੀ ਮੁੱਖ ਤੌਰ ’ਤੇ ਭਾਰਤੀ ਉਪ ਮਹਾਂਦੀਪ ਵਿੱਚ ਮਿਲਦਾ ਹੈ, ਪਰ ਇਹ ਥਾਈਲੈਂਡ ਅਤੇ ਕੰਬੋਡੀਆ ਦੇ ਪੂਰਬੀ ਖੇਤਰਾਂ ਵਿੱਚ ਵੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਯੂਰਪ, ਏਸ਼ੀਆ, ਆਸਟਰੇਲੀਆ, ਅਫ਼ਰੀਕਾ ਅਤੇ ਉੱਤਰ-ਪੂਰਬੀ ਤੱਟਵਰਤੀ ਉੱਤਰੀ ਅਮਰੀਕਾ ਵਿੱਚ ਵੀ ਮਿਲਦਾ ਹੈ।
ਵੱਡੇ ਜਲ ਕਾਂ ਨੂੰ ਪਤਲੇ ਸਰੀਰ, ਛੋਟੇ ਆਕਾਰ ਦੇ ਪੰਛੀ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੀਆਂ ਵੱਖਰੀਆਂ ਨੀਲੀਆਂ ਅੱਖਾਂ, ਛੋਟੇ ਸਿਰ, ਤਿਕੋਣੇ ਮੱਥੇ, ਇੱਕ ਹੁੱਕ ਵਰਗੀ ਨੋਕ ਵਾਲੀ ਗਰਦਨ ਕਰਕੇ ਪਛਾਣਿਆ ਜਾ ਸਕਦਾ ਹੈ। ਇਸ ਦੀ ਪੂਛ ਲੰਬੀ ਹੁੰਦੀ ਹੈ। ਇਹ 20 ਤੋਂ 21 ਇੰਚ ਲੰਬਾ ਅਤੇ ਆਮ ਤੌਰ ’ਤੇ ਕਾਲੇ ਰੰਗ ਦਾ ਹੁੰਦਾ ਹੈ। ਇਸ ਦਾ ਗਲਾ ਅਤੇ ਗਰਦਨ ਚਿੱਟੇ ਰੰਗੇ ਹੁੰਦੇ ਹਨ ਜਦੋਂ ਕਿ ਇਸ ਦੇ ਖੰਭ ਚਾਂਦੀ ਰੰਗੀ ਭਾਹ ਮਾਰਦੇ ਹਨ। ਇਸ ਦਾ ਭਾਰ ਲਗਭਗ 3.5 ਤੋਂ 5 ਕਿਲੋਗ੍ਰਾਮ ਤੱਕ ਹੁੰਦਾ ਹੈ। ਨਰ ਅਤੇ ਮਾਦਾ ਦੋਵੇਂ ਪੰਛੀ ਸਮਾਨ ਹੁੰਦੇ ਹਨ।
ਇਸ ਪੰਛੀ ਦੀਆਂ ਸਭ ਤੋਂ ਖਾਸ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਇਹ ਹੈ ਕਿ ਉਹ ਮਾਹਿਰ ਗੋਤਾਖੋਰ ਹੈ। ਇਹ ਪਾਣੀ ਵਿੱਚ 150 ਫੁੱਟ (45 ਮੀਟਰ) ਡੂੰਘਾਈ ਤੱਕ ਮੱਛੀਆਂ ਫੜਨ ਪਿੱਛੇ ਚਲੇ ਜਾਂਦੇ ਹਨ। ਇਹ ਜ਼ਿਆਦਾਤਰ ਮੱਛੀਆਂ ਨੂੰ ਖਾਂਦੇ ਹਨ, ਪਰ ਕਦੇ-ਕਦਾਈਂ ਹੋਰ ਚੀਜ਼ਾਂ ਜਿਵੇਂ ਕਿ ਪਾਣੀ ਦੇ ਘੋਗੇ ਆਦਿ ਵੀ ਖਾ ਜਾਂਦੇ ਹਨ। ਇਹ ਪੰਛੀ ਪ੍ਰਤੀ ਦਿਨ 400 ਤੋਂ 700 ਗ੍ਰਾਮ ਮੱਛੀ ਖਾਂਦੇ ਹਨ।
ਇਨ੍ਹਾਂ ਪੰਛੀਆਂ ਦੇ ਝਿੱਲੀਦਾਰ ਪੰਜੇ ਪਾਣੀ ਦੇ ਅੰਦਰ ਉਨ੍ਹਾਂ ਦੇ ਸ਼ਿਕਾਰ ਮੱਛੀਆਂ ਨੂੰ ਫੜਨ ਵਿੱਚ ਮਦਦ ਕਰਦੇ ਹਨ। ਕਈ ਵਾਰ ਤਾਂ ਇਹ ਥੋੜ੍ਹੇ ਡੂੰਘੇ ਪਾਣੀ ਵਿੱਚੋਂ ਮੱਛੀਆਂ ਫੜ ਕੇ ਸ਼ਿਕਾਰ ਨੂੰ ਪਾਣੀ ਦੇ ਕੰਢੇ ’ਤੇ ਲੈ ਆਉਂਦੇ ਹਨ। ਵੱਡਾ ਜਲ ਕਾਂ ਉਨ੍ਹਾਂ ਕੁਝ ਪੰਛੀਆਂ ਵਿੱਚੋਂ ਇੱਕ ਹੈ, ਜੋ ਆਪਣੀਆਂ ਅੱਖਾਂ ਨੂੰ ਸ਼ਿਕਾਰ ਫੜਨ ਲਈ ਚਾਰੋ ਪਾਸੇ ਘੁੰਮਾ ਸਕਦਾ ਹੈ। ਵੱਡੇ ਜਲ ਕਾਂ ਅਕਸਰ ਆਪਣੇ ਗਿੱਲੇ ਖੰਭਾਂ ਨੂੰ ਸੁਕਾਉਣ ਅਤੇ ਚੁੰਝ ਨਾਲ ਸਾਫ਼ ਕਰਨ ਵਿੱਚ ਬਹੁਤ ਸਮਾਂ ਬਿਤਾਉਂਦੇ ਹਨ। ਇਨ੍ਹਾਂ ਨੂੰ ਕਈ ਵਾਰ 30 ਮਿੰਟਾਂ ਤੱਕ ਆਪਣੇ ਖੰਭਾਂ ਨੂੰ ਖਿਲਾਰ ਕੇ ਸੁਕਾਉਣਾ ਪੈਂਦਾ ਹੈ। ਇਹ ਮੰਨਿਆ ਗਿਆ ਹੈ ਕਿ ਗਿੱਲੇ ਖੰਭਾਂ ਨੂੰ ਫੈਲਾਅ ਕੇ ਸੁਕਾਉਣ ਨਾਲ ਇਨ੍ਹਾਂ ਦੀ ਪਾਚਨ ਕਿਰਿਆ ਵਿੱਚ ਮਦਦ ਮਿਲਦੀ ਹੈ।
ਇਹ ਆਪਣਾ ਆਲ੍ਹਣਾ ਕਿਸੇ ਰੁੱਖ ’ਤੇ ਬਣਾਉਂਦੇ ਹਨ। ਆਲ੍ਹਣੇ ਨੂੰ ਪਤਲੀਆਂ ਛਿਟੀਆਂ, ਰੁੱਖਾਂ ਦੀਆਂ ਟਾਹਣੀਆਂ, ਬਾਰੀਕ ਘਾਹ ਅਤੇ ਬਨਸਪਤੀ ਦਾ ਬਣਾਇਆ ਜਾਂਦਾ ਹੈ। ਇਸ ਵਿੱਚ ਮਾਦਾ ਆਮ ਤੌਰ ’ਤੇ 3 ਤੋਂ 5 ਆਂਡੇ ਦਿੰਦੀ ਹੈ। ਨਰ-ਮਾਦਾ ਦੋਵੇਂ ਉਨ੍ਹਾਂ ਨੂੰ ਪ੍ਰਫੁੱਲਿਤ ਕਰਨ ਵਿੱਚ ਮਦਦ ਕਰਦੇ ਹਨ। ਆਮ ਤੌਰ ’ਤੇ ਇਨ੍ਹਾਂ ਦੇ ਬੱਚੇ 3 ਸਾਲ ਦੀ ਉਮਰ ਵਿੱਚ ਪ੍ਰਜਣਨ ਯੋਗ ਹੋ ਜਾਂਦੇ ਹਨ। ਪ੍ਰਜਣਨ ਦੇ ਸਮੇਂ ਤੋਂ ਬਾਅਦ ਇਹ ਪੰਛੀ ਵੱਖੋ-ਵੱਖਰੀ ਉਮਰ ਵਿੱਚ ਸਮੂਹਾਂ ਵਿੱਚ ਇਕੱਠੇ ਹੁੰਦੇ ਹਨ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਐਕਟ ਅਧੀਨ ਵੱਡਾ ਜਲ ਕਾਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।
ਕਈ ਦੇਸ਼ਾਂ ਵਿੱਚ ਮੱਛੀ ਫੜਨ ਵਾਲੇ ਠੇਕੇਦਾਰ ਇਸ ਪੰਛੀ ਤੋਂ ਨਾ ਖੁਸ਼ ਹੁੰਦੇ ਹੋਏ ਤੇ ਇਨ੍ਹਾਂ ਨੂੰ ਬੰਦੀ ਬਣਾ ਕੇ ਰੱਖਦੇ ਹਨ। ਉਨ੍ਹਾਂ ਨੂੰ ਮੱਛੀ ਨਿਗਲਣ ਤੋਂ ਰੋਕਣ ਲਈ ਅਤੇ ਇੱਕ ਕਿਸ਼ਤੀ ਤੋਂ ਮੱਛੀ ਤੱਕ ਭੇਜਣ ਲਈ ਇਨ੍ਹਾਂ ਦੀ ਗਰਦਨ ਵਿੱਚ ਕਾਲਰ ਪਹਿਨਾਇਆ ਜਾਂਦਾ ਹੈ। ਇਨ੍ਹਾਂ ਦੇ ਗਲ ਵਿੱਚ ਰੱਸੀ ਪਾ ਕੇ ਇੱਕ ਲੋਹੇ ਦਾ ਕੜਾ ਪਾ ਦਿੱਤਾ ਜਾਂਦਾ ਹੈ। ਠੇਕੇਦਾਰ ਇਸ ਪੰਛੀ ਤੋਂ 5 ਮੱਛੀਆਂ ਲੈਂਦਾ ਹੈ ਤੇ ਬਦਲੇ ਵਿੱਚ ਇੱਕ ਮੱਛੀ ਗਲ ਤੋਂ ਕੜਾ ਚੁੱਕ ਕੇ ਇਸ ਦੇ ਮੂੰਹ ਵਿੱਚ ਪਾ ਦਿੰਦਾ ਹੈ। ਅੱਜ ਲੋੜ ਹੈ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦੀ ਅਤੇ ਕੁਦਰਤ ਦੀ ਵੱਡਮੁਲੀ ਦੇਣ ਦੀ ਸੁਰੱਖਿਆ ਕਰਨ ਦੀ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910