ਰਵਿੰਦਰ ਸਿੰਘ ਧਾਲੀਵਾਲ
ਸਕੂਨ ਭਰੀ ਜ਼ਿੰਦਗੀ ਲਈ ਚੌਤਰਫਾ ਖੁਸ਼ਹਾਲੀ ਜ਼ਰੂਰੀ ਹੈ। ਇਹ ਲੋਕਾਂ ਦੀ ਸ਼ਮੂਲੀਅਤ ਨਾਲ ਸੰਭਵ ਹੈ ਜੋ ਇਸ ਨੂੰ ਸਿਰਜ ਕੇ ਚਾਰ ਚੰਨ ਲਾਉਂਦੇ ਹਨ। ਇਸ ਵਿੱਚ ਗੁਆਂਢ ਦੀ ਭੂਮਿਕਾ ਖ਼ਾਸ ਮਹੱਤਵ ਰੱਖਦੀ ਹੈ। ਜਿਹੜੇ ਸਾਡੇ ਘਰਾਂ ਨਾਲ ਜੁੜਦੇ ਸੱਜੇ-ਖੱਬੇ ਪਾਸੇ ਰਹਿੰਦੇ ਤੇ ਹਰ ਰੋਜ਼ ਮਿਲਦੇ ਹਨ। ਉਹ ਹੀ ਸਭ ਤੋਂ ਪਹਿਲਾਂ ਦੁਖ-ਸੁਖ ਵਿੱਚ ਭਾਗੀਦਾਰ ਬਣਦੇ ਹਨ। ਇਸ ਲਈ ਬਜ਼ੁਰਗ ਆਖਦੇ ਹਨ ਕਿ ਚੰਗੇ ਗੁਆਂਢੀ ਅਨਮੋਲ ਬਖ਼ਸ਼ਿਸ਼ਾਂ ਤੋਂ ਘੱਟ ਨਹੀਂ ਹੁੰਦੇ। ਉਨ੍ਹਾਂ ਕੋਲ ਰਹਿੰਦਿਆਂ ਜ਼ਿੰਦਗੀ ਸੁਖਦ ਤੇ ਆਨੰਦਾਇਕ ਜਾਪਦੀ ਹੈ। ਇਸ ਕਾਰਨ ਹਕੀਕਤ ਵਿੱਚ ਸ਼ਬਦ ‘ਚੰਦਰਾ ਗੁਆਂਢ ਨਾ ਹੋਵੇ’ ਮਾਨਵੀ ਕਦਰਾਂ-ਕੀਮਤਾਂ ਦੀ ਹਾਮੀ ਭਰਦੇ ਜਾਪਦੇ ਹਨ। ਚੰਗਾ ਗੁਆਂਢ ਨੇਕ ਸੰਸਕਾਰਾਂ ਦੀ ਉਪਜ ਹੈ। ਜਿਹੜੇ ਪੀੜ੍ਹੀ-ਦਰ-ਪੀੜ੍ਹੀ ਅੱਗੇ ਚੱਲਦੇ ਹਨ। ਅਜਿਹੀ ਸ਼ਖ਼ਸੀਅਤ ਲੋਕਾਂ ਵਿੱਚ ਸਤਿਕਾਰ ਦੀ ਪਾਤਰ ਬਣਦੀ ਹੈ।
ਪਿੰਡਾਂ ਵਿੱਚ ਸਾਂਝੀਵਾਲਤਾ ਨੂੰ ਸੰਜੀਦਗੀ ਨਾਲ ਨਿਭਾਇਆ ਜਾਂਦਾ ਸੀ। ਲੋਕੀਂ ਇੱਕ ਦੂਜੇ ਦੀ ਹਿਫਾਜ਼ਤ ਕਰਦੇ ਤੇ ਕੰਮ ਵਿੱਚ ਵੀ ਹੱਥ ਵਟਾਉਂਦੇ ਸਨ। ਖੇਤ ਜਾਂ ਸ਼ਹਿਰ ਜਾਂਦਿਆਂ ਉੱਧਰ ਦੇ ਕੰਮ ਹੋਵਣ ਤਾਂ ਕਰਨ ਦਾ ਬੋਝ ਨਹੀਂ ਸਮਝਦੇ। ਇਹ ਸਾਂਝ ਇੱਥੇ ਤੱਕ ਹੀ ਸੀਮਤ ਨਹੀਂ, ਸਗੋਂ ਸਾਗ ਸਬਜ਼ੀਆਂ, ਮਸ਼ੀਨਰੀ, ਖੇਤੀਬਾੜੀ ਸੰਦਾਂ ਜਾਂ ਪੈਸੇ ਟਕੇ ਦਾ ਬੁੱਤਾ ਸਾਰਨ ਲੱਗੇ ਪਰਵਾਹ ਨਹੀਂ ਕਰਦੇ। ਵਿਆਹ-ਸ਼ਾਦੀ ਮੌਕੇ ਵੀ ਗੁਆਂਢ ਘਰ ਦੀ ਵਾਧੂ ਵਰਤੋਂ ਹੁੰਦੀ ਸੀ। ਉੱਥੇ ਹੀ ਹਲਵਾਈ ਬਠਾਉਣ, ਸ਼ਰੀਕੇ ਰੋਟੀ, ਮੰਜੇ-ਬਿਸਤਰੇ, ਦਾਜ ਦਾ ਸਾਮਾਨ ਤੇ ਖ਼ਾਸ ਮਹਿਮਾਨਾਂ ਦੇ ਕਮਰੇ ਦਾ ਪ੍ਰਬੰਧ ਹੋ ਜਾਂਦਾ। ਉਹ ਵੀ ਪਰਿਵਾਰਕ ਕਾਰਜ ਸਮਝ ਖੁਸ਼ੀ- ਖੁਸ਼ੀ ਕੰਮ ਕਰਦੇ ਸਨ। ਬੀਤੇ ਵੇਲੇ ਵਿੱਚ ਸਾਧਨਾਂ ਜਾਂ ਪੈਸੇ ਦੀ ਤੋਟ ਜ਼ਰੂਰ ਸੀ, ਪਰ ਨਿਰਸਵਾਰਥ ਸੇਵਾ ਭਾਵਨਾ ਨਾਲ ਸਭ ਕਾਰ-ਵਿਹਾਰ ਪੂਰ ਚੜ੍ਹਦੇ ਸਨ। ਇੱਥੋਂ ਤੱਕ ਕਿ ਸਕੀਰੀਆਂ ਨੂੰ ਜਾਣ ਵੇਲੇ ਪਸ਼ੂਆਂ ਲਈ ਹਰੇ ਚਾਰੇ ਤੇ ਬਜ਼ੁਰਗਾਂ ਦੀ ਰੋਟੀ-ਟੁੱਕ ਦਾ ਜ਼ਿੰਮਾ ਵੀ ਖਿੜੇ ਮੱਥੇ ਕਬੂਲਦੇ ਸਨ। ਹੁਣ ਇਹ ਮੋਹ ਦਾ ਵਰਤਾਰਾ ਘਟਦਾ ਜਾ ਰਿਹਾ ਹੈ, ਸ਼ਹਿਰਾਂ ਵਿੱਚ ਤਾਂ ਪਹਿਲਾਂ ਹੀ ਨਾਂਮਾਤਰ ਹੁੰਦਾ ਸੀ। ਨੌਕਰੀ ਪੇਸ਼ਾ ਜਾਂ ਵਪਾਰਕ ਕੰਮਾਂ ਵਿੱਚ ਰੁਝੇਵੇਂ ਕਾਰਨ ਸਮੇਂ ਦੀ ਘਾਟ ਜ਼ਰੂਰ ਮੰਨਦੇ ਹਾਂ, ਪਰ ਇਹ ਸਮਾਜਿਕ ਮੇਲ-ਜੋਲ ਲਈ ਸੰਸਕਾਰੀ ਪ੍ਰਵਿਰਤੀ ਨਹੀਂ ਹੈ। ਜਿਸ ਦੀ ਉਦਾਹਰਨ ਵਜੋਂ ਸਮਾਗਮਾਂ ਵਿੱਚ ਖਾਨਾਪੂਰਤੀ ਕਰਨ ਸਮੇਂ ਆਉਂਦੇ ਲੋਕ ਆਮ ਹੀ ਦੇਖੇ ਜਾਂਦੇ ਹਨ। ਇਕਹਿਰੇ ਪਰਿਵਾਰਾਂ ਦੀ ਲਹਿਰ ਨੇ ਟੱਬਰ ਵਾਲਾ ਸਦੀਵੀ ਸਨੇਹ ਖ਼ਤਮ ਕਰ ਦਿੱਤਾ ਹੈ। ਹੁਣ ਕੰਮਾਂ ਕਾਰਾਂ ਵੱਲ ਜਾਣ ਪਿੱਛੋਂ ਘਰਾਂ ਵਿੱਚ ਇਕੱਲੇ ਬੱਚੇ ਜਾਂ ਬਜ਼ੁਰਗ ਹੀ ਦਿਖਦੇ ਹਨ। ਅਜਿਹੇ ਦੌਰ ਵਿੱਚ ਨੇਕ ਦਿਲ ਗੁਆਂਢ ਹੋਣਾ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਜਿਸ ਦੇ ਸਹਾਰੇ ਅਸੀਂ ਪਰਿਵਾਰ ਨੂੰ ਸੁਰੱਖਿਅਤ ਸਮਝਦੇ ਹਾਂ। ਜੋ ਸੁਰੱਖਿਆ ਹੀ ਨਹੀਂ ਬਲਕਿ ਖਾਣੇ ਤੇ ਦਵਾ-ਦਾਰੂ ਦਾ ਵੀ ਖਿਆਲ ਰੱਖਦੇ ਹਨ। ਬੱਚਿਆਂ ਲਈ ਵਧੀਆ ਗੁਣਾਂ ਦਾ ਧਾਰਨੀ ਮਨੁੱਖ ਸੰਸਥਾ ਦੇ ਸਮਾਨ ਹੁੰਦਾ ਹੈ। ਉਸ ਦੀ ਸੰਗਤ ਵਿੱਚ ਉੱਤਮ ਵਿਚਾਰ ਗ੍ਰਹਿਣ ਕਰਦੇ ਹਨ। ਨਜ਼ਰੀਏ ਵਿੱਚ ਸਕਾਰਾਤਮਕ ਸੋਚ ਉੱਭਰਦੀ ਹੈ। ਜਿਸ ਸਦਕੇ ਜ਼ਿੰਦਗੀ ਦੇ ਔਖੇ ਪੈਂਡੇ ਵਿੱਚ ਉਹ ਢੇਰੀ ਨਹੀਂ ਢਾਉਂਦੇ।
21ਵੀਂ ਸਦੀ ਦੀਆਂ ਆਧੁਨਿਕ ਖੋਜਾਂ ਨੇ ਦੁਨੀਆ ਦੀ ਕਾਇਆ ਕਲਪ ਕਰ ਦਿੱਤੀ ਹੈ। ਸਭ ਸੁਵਿਧਾਵਾਂ ਮੋਬਾਈਲ ਸਹਾਰੇ ਅੱਖ ਝਪਕਦਿਆਂ ਮਿਲ ਜਾਂਦੀਆਂ ਹਨ। ਇਹ ਪੈਸੇ ਦੀ ਬਹੁਤਾਤ ਨੇ ਹੋਰ ਵੀ ਸੌਖਾ ਕਰ ਦਿੱਤਾ ਹੈ। ਲੋਕ ਦੁਨੀਆ ਭਰ ਦੇ ਆਨੰਦ ਘਰ ਬੈਠੇ ਮਾਣਦੇ ਹਨ, ਪਰ ਪਦਾਰਥਵਾਦੀ ਯੁੱਗ ਮਨੁੱਖੀ ਭਾਵਨਾਤਮਕ ਸਾਥ ਦੀ ਘਾਟ ਪੂਰੀ ਨਾ ਕਰ ਸਕਿਆ। ਸੋ ਬੰਦਾ ਹੀ ਬੰਦੇ ਦੀ ਦਾਰੂ ਅਖਾਣ ਦੀ ਅਟੁੱਟ ਪ੍ਰਵਾਨਤਾ ਹੈ। ਜਿਹੜੇ ਕਾਰਜ ਮਨੁੱਖ ਸਮਾਜ ਜਾਂ ਮਾਨਵਤਾ ਦੀ ਭਲਾਈ ਲਈ ਕਰਦਾ ਹੈ, ਉਹ ਮਸ਼ੀਨਾਂ ਜਾਂ ਸਿਰਫ਼ ਪੈਸੇ ਨਾਲ ਸੰਭਵ ਨਹੀਂ। ਜਦੋਂ ਵਿਸ਼ਵਾਸਯੋਗ ਨਿਰਸਵਾਰਥ ਸਾਥ ਮਿਲ ਜਾਵੇ, ਉਹ ਹੌਸਲਾ ਸੰਸਾਰ ਜਿੱਤਣ ਵਰਗਾ ਜਾਪਦਾ ਹੈ। ਹੱਸਮੁਖ ਤੇ ਮਿਲਾਪੜਾ ਸੁਭਾਅ ਸਹਿਜ ਮਨੁੱਖ ਦੀ ਨਿਸ਼ਾਨੀ ਹੈ ਜੋ ਨਰੋਏ ਸਮਾਜ ਦੇ ਘੇਰੇ ਨੂੰ ਵਿਸ਼ਾਲ ਕਰਦਾ ਹੈ। ਅਜਿਹੇ ਸੰਗੀ ਸਾਥੀ ਮੁਸੀਬਤਾਂ ਵੇਲੇ ਚਟਾਨਾਂ ਵਾਂਗ ਨਾਲ ਖੜ੍ਹਦੇ ਹਨ।
ਤਿਉਹਾਰ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ ਜਿਨ੍ਹਾਂ ਤੋਂ ਬਿਨਾਂ ਦੁਨੀਆ ਬੇਰੰਗੀ ਹੈ। ਲੋਕੀਂ ਇਕੱਠੇ ਹੋ ਕੇ ਇਨ੍ਹਾਂ ਨੂੰ ਬੜੇ ਚਾਵਾਂ-ਮਲਾਰਾਂ ਨਾਲ ਮਨਾਉਂਦੇ ਹਨ। ਹਰ ਵਾਰ ਸਕੇ-ਸਬੰਧੀ ਸ਼ਾਮਲ ਨਹੀਂ ਹੋ ਸਕਦੇ। ਸੋ ਇਨ੍ਹਾਂ ਨੂੰ ਮਾਣਨਾ ਚੰਗੇ ਗੁਆਂਢ ਬਿਨਾਂ ਅਧੂਰਾ ਹੈ। ਇੱਕ ਕੁਨਬੇ ਵਾਂਗ ਸਭ ਮਿਲ ਕੇ ਆਨੰਦ ਮਾਣਦੇ ਹਨ। ਦੀਵਾਲੀ, ਹੋਲੀ ਵਰਗੇ ਤਿਉਹਾਰਾਂ ਦੀਆਂ ਖੁਸ਼ੀਆਂ ਦੂਣ ਸਵਾਈਆਂ ਹੋ ਜਾਂਦੀਆਂ ਹਨ। ਬੱਚੇ ਇਕੱਠੇ ਹੋ ਕੇ ਮੈਦਾਨੀ ਖੇਡਾਂ ਖੇਡਦੇ ਨਹੀਂ ਥੱਕਦੇ। ਬਜ਼ੁਰਗਾਂ ਦਾ ਸਮਾਂ ਵਧੀਆ ਬੀਤਦਾ ਹੈ। ਸਵੇਰ ਸ਼ਾਮ ਦੀ ਸੈਰ ਨਾਲ ਸਰੀਰ ਤਰੋ-ਤਾਜ਼ਾ ਤੇ ਤੰਦਰੁਸਤ ਮਹਿਸੂਸ ਕਰਦਾ ਹੈ। ਕਈ ਵਾਰ ਢਲਦੀ ਉਮਰੇ ਲੋਕ ਚੰਗੇ ਗੁਆਂਢ ਦੇ ਸਾਥ ਕਾਰਨ ਦੂਰ ਗਰਾਂ ਜਾਣਾ ਪਸੰਦ ਨਹੀਂ ਕਰਦੇ। ਜੋ ਬੁਢਾਪੇ ਦੇ ਸਮੇਂ ਦੀ ਜ਼ਰੂਰਤ ਦੇ ਨਾਲੋ ਨਾਲ ਖੁਸ਼ੀਆਂ ਵੀ ਦਿੰਦਾ ਹੈ। ਸੱਭਿਆਚਾਰ ਸਾਡੇ ਸਮਾਜ ਦਾ ਸ਼ੀਸ਼ਾ ਹੈ। ਜਿਹੜਾ ਸਾਨੂੰ ਰੀਤੀ, ਰਿਵਾਜ ਤੇ ਪਰੰਪਰਾਵਾਂ ਪ੍ਰਤੀ ਸੁਚੇਤ ਕਰਦਾ ਹੈ। ਗੁਆਂਢ ਪਰੰਪਰਾ ਨੂੰ ਪ੍ਰਫੁੱਲਿਤ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਮੇਲ ਮਿਲਾਪ ਤੇ ਸਹਿਯੋਗ ਹੀ ਸੰਤੁਲਿਤ ਸਮਾਜ ਦੀ ਨੀਂਹ ਹੈ।
ਜਿਸ ਨਾਲ ਅਦਬੀ ਸੰਸਾਰ ਦੀ ਸਿਰਜਣਾ ਕਰ ਸਕਦੇ ਹਾਂ। ਪੁਰਾਣੇ ਸਮਿਆਂ ਵਿੱਚ ਲੋਕੀਂ ਗੁਆਂਢ ਜਾਂ ਨੇੜੇ ਵੱਸਦੇ ਲੋਕਾਂ ਨੂੰ ਖ਼ਾਸ ਮਹੱਤਵ ਦਿੰਦੇ ਸਨ। ਉਨ੍ਹਾਂ ਨਾਲ ਚੰਗੇ ਤੇ ਲੰਬੇ ਸਬੰਧ ਰੱਖਣ ਦਾ ਯਤਨ ਕਰਦੇ ਤੇ ਪਰਿਵਾਰਕ ਮੈਂਬਰਾਂ ਵਾਂਗ ਵਿਚਰਦੇ ਸਨ। ਅਜੋਕੀ ਪੀੜ੍ਹੀ ਦੀ ਤੇਜ਼ ਤਰਾਰ ਵਾਲੀ ਜੀਵਨਸ਼ੈਲੀ ਨੁਕਸਾਨਦਾਇਕ ਹੈ। ਸਮੇਂ ਦੀ ਘਾਟ, ਘਰੇਲੂ ਤੇ ਦਫ਼ਤਰੀ ਫਰਜ਼ ਵੀ ਹਨ। ਜਿਸ ਕਾਰਨ ਬਹੁਤੇ ਲੋਕ ਸਮਾਜਿਕ ਜ਼ਿੰਮੇਵਾਰੀਆਂ ਤੋਂ ਲਾਪਰਵਾਹ ਤੇ ਸੁਭਾਅ ਦੇ ਚਿੜਚਿੜੇ ਹੋ ਜਾਂਦੇ ਹਨ। ਸੋਚਦੇ ਨਹੀਂ ਕਿ ਇਹ ਤਰੱਕੀ ਲਈ ਖੂਬਸੂਰਤ ਰਸਤਾ ਹੈ, ਜਿਸ ਨਾਲ ਸਾਡੇ ਅੰਦਰ ਚੁਸਤੀ ਤੇ ਨਵੀਆਂ ਪੁਲਾਘਾਂ ਦੀ ਉਮੰਗ ਉਮੜਦੀ ਹੈ। ਘਰ ਵਿਚਲੇ ਚਾਰ ਭਾਂਡਿਆਂ ਦਾ ਖੜਕਣਾ ਸੁਭਾਵਿਕ ਹੈ। ਬੁਲੰਦ ਹੌਸਲੇ ਤੇ ਜ਼ੁਬਾਨ ਦੀ ਮਿਠਾਸ ਵੱਡੇ ਫੱਟ ਭਰਨ ਵਿੱਚ ਦੇਰ ਨਹੀਂ ਲਾਉਂਦੀ। ਸੋ ਸਾਨੂੰ ਸਮੇਂ ਦੀ ਨਜ਼ਾਕਤ ਨਾਲ ਤਲਖੀ ਛੱਡ ਰਿਸ਼ਤਿਆਂ ਦਾ ਨਿੱਘ ਮਾਣਨ ਵੱਲ ਗੌਰ ਕਰਨੀ ਚਾਹੀਦੀ ਹੈ ਤਾਂ ਜੋ ਆਂਢ-ਗੁਆਂਢ ਦੇ ਮਖਮਲੀ ਅਹਿਸਾਸ ਖ਼ਤਮ ਨਾ ਹੋਣ।
ਸੰਪਰਕ: 78374-90309