ਮੁੰਬਈ: ਅਦਾਕਾਰ ਆਮਿਰ ਖ਼ਾਨ ਨੇ ਅੱਜ ਆਪਣਾ ਜਨਮ ਦਿਨ ਮਨਾਉਂਦਿਆਂ 2008 ਵਿੱਚ ਆਈ ਸਪੈਨਿਸ਼ ਫਿਲਮ ‘ਚੈਂਪੀਅਨਜ਼’ ਦੇ ਰੀਮੇਕ ਨੂੰ ਇੱਕ ਬੁਝਾਰਤ ਬਣਾਈ ਰੱਖਿਆ। ਉਹ ਅੱਜ ਇੱਥੇ ਆਪਣਾ ਜਨਮ ਦਿਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਿਹਾ ਸੀ। ਇਸ ਦੌਰਾਨ ਅਦਾਕਾਰ ਨੂੰ ਪੁੱਛਿਆ ਗਿਆ ਕਿ ਕੀ ਉਹ ਸਪੈਨਿਸ਼ ਨਿਰਦੇਸ਼ਕ ਜ਼ੇਵੀਅਰ ਫੈਸਰ ਦੀ ਫਿਲਮ ‘ਚੈਂਪੀਅਨਜ਼’ ਰੀਮੇਕ ਕਰ ਰਹੇ ਹਨ, ਇਸ ’ਤੇ ‘ਦੰਗਲ’ ਦੇ ਸੁਪਰਸਟਾਰ ਨੂੰ ਖ਼ੁਸ਼ੀ ਦੇ ਨਾਲ ਹੈਰਾਨੀ ਵੀ ਪ੍ਰਗਟਾਈ ਕਿ ਇਹ ਜਾਣਕਾਰੀ ਪਬਲਿਕ ਖੇਤਰ ਵਿੱਚ ਲੀਕ ਕਿਵੇਂ ਹੋਈ। ਹਾਲਾਂਕਿ, ਉਸ ਨੇ ਫਿਲਮ ਦੇ ਰੀਮੇਕ ਤੋਂ ਇਨਕਾਰ ਜਾਂ ਪੁਸ਼ਟੀ ਨਹੀਂ ਕੀਤੀ। ਅਦਾਕਾਰ ਨੇ ਹੋਰ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਉਹ ਮੀਡੀਆ ਵਿੱਚ ਆਈਆਂ ਖ਼ਬਰਾਂ ਤੋਂ ਹੈਰਾਨ ਸੀ। ‘ਚੈਂਪੀਅਨਜ਼’ ਨੇ ਤਿੰਨ ਗੋ ਯਾ ਐਵਾਰਡਜ਼ (ਸਪੈਨਿਸ਼ ਦੇ ਅਕੈਡਮੀ ਐਵਾਰਡਜ਼ ਦੇ ਬਰਾਬਰ ਮੰਨੇ ਜਾਂਦੇ) ਸਰਵੋਤਮ ਫਿਲਮ, ਸਰਵੋਤਮ ਨਵਾਂ ਅਦਾਕਾਰ, ਸਰਵੋਤਮ ਮੂਲ ਗੀਤ ਜਿੱਤੇ ਅਤੇ ਫਿਲਮ ਨੂੰ 91ਵੇਂ ਅਕੈਡਮੀ ਐਵਾਰਡਜ਼ ਵਿੱਚ ਸਰਵੋਤਮ ਵਿਦੇਸ਼ੀ ਫਿਲਮ ਸ਼੍ਰੇਣੀ ਵਿੱਚ ਵੀ ਚੁਣਿਆ ਗਿਆ। ਹਾਲਾਂਕਿ, ਫਿਲਮ ਵੱਕਾਰੀ ਐਵਾਰਡ ਸਮਾਰੋਹ ਦੌਰਾਨ ਨਾਮਜ਼ਦਗੀ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੀ। ਇਹ ਫਿਲਮ ਬੁਰਜਾਸੋਟ (ਵੇਲੈਂਸੀਆ) ਵਿਚਲੀ ਅਡੇਰੇਸ ਟੀਮ ਤੋਂ ਪ੍ਰੇਰਿਤ ਹੈ। -ਆਈਏਐੱਨਐੱਸ
ਲਾਪ੍ਰਵਾਹੀ ਨਾਲ ਜਿਊਣਾ ਨਹੀਂ ਚਾਹੁੰਦਾ: ਆਮਿਰ ਖਾਨ
ਫ਼ਿਲਮ ਅਦਾਕਾਰ ਆਮਿਰ ਖਾਨ ਨੇ ਆਪਣਾ 57ਵਾਂ ਜਨਮਦਿਨ ਮਨਾਉਂਦਿਆਂ ਕਿਹਾ ਕਿ ਮਹਾਮਾਰੀ ਨੇ ਉੁਸ ਨੂੰ ਜ਼ਿੰਦਗੀ ਦੀ ਅਹਿਮੀਅਤ ਸਮਝਾਈ ਤੇ ਇਸ ਲਈ ਉਸ ਆਪਣੀ ਊਰਜਾ ਆਪਣੇ ਰਿਸ਼ਤਿਆਂ ਲਈ ਲਾਉਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਉਸ ਨੇ ਆਪਣੀ ਜ਼ਿੰਦਗੀ ਤੇ ਰਿਸ਼ਤਿਆਂ ਬਾਰੇ ਬਹੁਤ ਕੁਝ ਸੋਚਿਆ। ਉਸ ਨੇ ਕਿਹਾ, ‘ਕਰੋਨਾ ਦੌਰਾਨ ਅਸੀਂ ਸਾਰੇ ਘਰਾਂ ਅੰਦਰ ਹੀ ਸੀ ਤੇ ਮੈਨੂੰ ਸੋਚਣ-ਵਿਚਾਰਨ ਲਈ ਬਹੁਤ ਸਮਾਂ ਮਿਲਿਆ। ਮੈਂ ਜਾਣਿਆ ਕਿ ਜ਼ਿੰਦਗੀ ਤੇ ਸਮੇਂ ਦੀ ਅਹਿਮੀਅਤ ਕੀ ਹੈ। ਲੋਕ ਅਕਸਰ ਬੇਪ੍ਰਵਾਹੀ ਨਾਲ ਜਿਊਂਦੇ ਹਨ। ਮੈਂ ਵੀ ਇਸੇ ਤਰ੍ਹਾਂ ਜਿਊਂਦਾ ਸੀ ਪਰ ਹੁਣ ਮੈਂ ਇਸ ਤਰ੍ਹਾਂ ਨਹੀਂ ਜਿਊਣਾ ਚਾਹੁੰਦਾ।’