ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਅੱਜ ਹਿੰਦੀ ਸਿਨੇ ਜਗਤ ਵਿੱਚ ਇੱਕ ਦਹਾਕਾ ਮੁਕੰਮਲ ਕਰ ਲਿਆ ਹੈ। ਅਦਾਕਾਰ ਨੇ ਇਸ ਸਫ਼ਰ ਨੂੰ ਸ਼ਾਨਦਾਰ ਕਰਾਰ ਦਿੱਤਾ ਹੈ ਹਾਲਾਂਕਿ ਉਸ ਦਾ ਕੋਈ ਫ਼ਿਲਮੀ ਪਿਛੋਕੜ ਨਹੀਂ ਸੀ। ਅਦਾਕਾਰ ਖੁਦ ਨੂੰ ਭਾਗਾਂ ਵਾਲਾ ਸਮਝਦਾ ਹੈ ਕਿ ਉਸ ਨੂੰ ਇਸ ਸਫ਼ਰ ਦੌਰਾਨ ਚੰਗੇ ਰਾਹ ਦਸੇਰੇ ਮਿਲੇ। ਉਸ ਦੀ ਪਹਿਲੀ ਫ਼ਿਲਮ ‘ਵਿੱਕੀ ਡੋਨਰ’ 20 ਅਪਰੈਲ 2012 ਨੂੰ ਰਿਲੀਜ਼ ਹੋਈ ਸੀ। ਉਪਰੰਤ ਉਸ ਨੇ ‘ਸ਼ੁਭ ਮੰਗਲ ਸਾਵਧਾਨ’, ‘ਦਮ ਲਗਾ ਕੇ ਹਈਸ਼ਾ’, ‘ਬਧਾਈ ਹੋ’, ‘ਬਾਲਾ’, ‘ਆਰਟੀਕਲ 15’, ‘ਡਰੀਮ ਗਰਲ’ ਅਤੇ ‘ਅੰਧਾਧੁਨ’ ਵਗਰੀਆਂ ਹਿੱਟ ਫਿਲਮਾਂ ਦਿੱਤੀਆਂ। ਆਯੂਸ਼ਮਾਨ ਨੇ ਆਖਿਆ, ‘‘ਜੇ ਮੈਂ ਆਪਣੇ ਦਸ ਸਾਲਾਂ ਦੇ ਸਫ਼ਰ ਬਾਰੇ ਵਿਸਥਾਰ ’ਚ ਗੱਲ ਕਰਾਂ ਤਾਂ ਮੈਂ ਕਹਾਂਗਾ ਕਿ ਆਪਣੀ ਕਲਾ ਨੂੰ ਸਮਰਪਿਤ ਰਹਿਣਾ ਤੇ ਸਮੇਂ-ਸਮੇਂ ’ਤੇ ਜੋਖਮ ਲੈਂਦੇ ਰਹਿਣਾ ਮੇਰੇ ਲਈ ਕੰਮ ਕਰ ਗਿਆ। ਹੁਣ ਜਦੋਂ ਮੈਂ ਆਪਣੇ ਕੰਮ ’ਤੇ ਝਾਤ ਮਾਰਦਾ ਹਾਂ ਤਾਂ ਮੈਨੂੰ ਆਪਣੇ ਫ਼ੈਸਲਿਆਂ ’ਤੇ ਮਾਣ ਹੁੰਦਾ ਹੈ।’’ ਜ਼ਿਕਰਯੋਗ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਅਨੁਭਵ ਸਿਨਹਾ ਦੀ ਫਿਲਮ ‘ਅਨੇਕ’, ਅਨੁਭੂਤੀ ਕਸ਼ਯਪ ਦੀ ਫਿਲਮ ‘ਡਾਕਟਰ ਜੀ’ ਅਤੇ ਆਨੰਦ ਐੱਲ.ਰਾਏ ਦੀ ਫਿਲਮ ‘ਐਕਸ਼ਨ ਹੀਰੋ’ ਵਿੱਚ ਨਜ਼ਰ ਆਵੇਗਾ। -ਆਈਏਐੱਨਐੱਸ