ਮੁੰਬਈ, 23 ਜੂਨ
ਅਦਾਕਾਰ ਅਭੈ ਦਿਓਲ ਨੇ ਹੌਲੀਵੁੱਡ ਦੇ ਮੰਨੇ-ਪ੍ਰਮੰਨੇ ਫ਼ਿਲਮਸਾਜ਼ ਮਾਰਟਿਨ ਸਕੋਰਸੇਸ ਤੇ ਅਦਾਕਾਰ ਰੌਬਰਟ ਡੀ ਨੀਰੋ ਨਾਲ 2009 ਵਿਚ ਹੋਈ ਮੁਲਾਕਾਤ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਅਭੈ ਇਨ੍ਹਾਂ ਨੂੰ ਟ੍ਰਬਿੇਕਾ ਫ਼ਿਲਮ ਫੈਸਟੀਵਲ ਮੌਕੇ ਮਿਲਿਆ ਸੀ। ਇੱਥੇ ਉਸ ਦੀ ਫ਼ਿਲਮ ‘ਰੋਡ, ਮੂਵੀ’ ਪ੍ਰਦਰਸ਼ਿਤ ਕੀਤੀ ਜਾ ਰਹੀ ਸੀ। ਅਭੈ ਨੇ ਕਿਹਾ ਕਿ ਫ਼ਿਲਮ ਰਾਜਸਥਾਨ ਦੀ ਤਪਦੀ ਗਰਮੀ ਵਿਚ ਸ਼ੂਟ ਕੀਤੀ ਗਈ ਸੀ ਪਰ ਜਦ ਉਹ ਇਨ੍ਹਾਂ ਧਨੰਤਰਾਂ ਨੂੰ ਮਿਲਿਆ ਤਾਂ ਇਸ ਮਿਹਨਤ ਦਾ ਮੁੱਲ ਪੈ ਗਿਆ। ਇੰਸਟਾਗ੍ਰਾਮ ਉਤੇ ਅਭੈ ਨੇ ਫ਼ਿਲਮ ਦਾ ਪੋਸਟਰ ਪੋਸਟ ਕੀਤਾ ਹੈ। ਫ਼ਿਲਮ ਦੇਵ ਬੈਨੇਗਲ ਨੇ ਨਿਰਦੇਸ਼ਿਤ ਕੀਤੀ ਸੀ ਅਤੇ ਤਨਿਸ਼ਠਾ ਚੈਟਰਜੀ ਤੇ ਸਤੀਸ਼ ਕੌਸ਼ਿਕ ਦੀ ਵੀ ਇਸ ਵਿਚ ਅਹਿਮ ਭੂਮਿਕਾ ਹੈ। ਅਭੈ ਨੇ ਕਿਹਾ ਕਿ ਫ਼ਿਲਮ ਭਾਰਤ ਵਿਚ 2010 ਵਿਚ ਰਿਲੀਜ਼ ਹੋਈ ਤੇ ਇਸ ਨੂੰ ‘ਆਰਟ ਹਾਊਸ’ ਵਰਗ ਦੀ ਫ਼ਿਲਮ ਕਰਾਰ ਦਿੱਤਾ ਗਿਆ। ਹਾਲਾਂਕਿ ਅਭੈ ਨੇ ਕਿਹਾ ਕਿ ਭਾਰਤੀ ਮਾਰਕੀਟ ਲਈ ਇਸ ਤਰ੍ਹਾਂ ਦੀ ਫ਼ਿਲਮ ‘ਆਰਟ ਹਾਊਸ’ ਹੋ ਹੀ ਨਹੀਂ ਸਕਦੀ। ਅਭੈ ਨੇ ਯਾਦਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਉਸ ਨੇ ਫ਼ਿਲਮ ਵਿਚ 1950 ਦਾ ਬਣਿਆ ਟਰੱਕ ਜੈਪੁਰ ਦੀਆਂ ਗਲੀਆਂ ’ਚ ਚਲਾਇਆ ਤੇ ਤੰਗ ਗਲੀਆਂ ’ਚ ਕਈ ਤਿੱਖੇ ਮੋੜ ਕੱਟੇ। –ਪੀਟੀਆਈ