ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਕਲਾਸਿਕੀ ਮੌਸੀਕੀ ਦੇ ਮਾਹਿਰ ਸੰਗੀਤਕਾਰ, ਗੁਲੂਕਾਰ ਅਤੇ ਅਦਾਕਾਰ ਉਸਤਾਦ ਮੁਬਾਰਕ ਅਲੀ ਖ਼ਾਨ ਪੰਜਾਬੀ ਸਿਨਮਾ ਦੇ ਇਬਤਿਦਾਈ ਦੌਰ ਦੇ ਅਦਾਕਾਰਾਂ ਵਿਚੋਂ ਇਕ ਸਨ। ਉਨ੍ਹਾਂ ਦੀ ਪੈਦਾਇਸ਼ 1917 ਨੂੰ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਉਹ ਉਸਤਾਦ ਅਲੀ ਬਖ਼ਸ਼ ਖ਼ਾਨ ਦੇ ਫ਼ਰਜ਼ੰਦ ਅਤੇ ਕਲਾਸਕੀ ਮੌਸੀਕੀ ਦੇ ਮਾਹਿਰ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ ਤੇ ਬਰਕਤ ਅਲੀ ਖ਼ਾਨ ਦੇ ਛੋਟੇ ਭਰਾ ਸਨ। ਇਨ੍ਹਾਂ ਦੇ ਚਾਚਾ ਉਸਤਾਦ ਕਾਲੇ ਖ਼ਾਨ ਵੀ ਆਪਣੇ ਜ਼ਮਾਨੇ ਦੇ ਮਸ਼ਹੂਰ ਮੌਸੀਕਾਰ ਤੇ ਗੁਲੂਕਾਰ ਸਨ। 1934 ਵਿਚ 17 ਸਾਲਾਂ ਦੀ ਚੜ੍ਹਦੀ ਉਮਰੇ ਮੁਬਾਰਕ ਅਲੀ ਪਹਿਲਾਂ ਗੰਧਰਵ ਸਿਨੇਟੋਨ ਕੰਪਨੀ ਅਤੇ ਫਿਰ ਈਸਟ ਇੰਡੀਆ ਫ਼ਿਲਮ ਸਟੂਡੀਓ ਨਾਲ ਵਾਬਸਤਾ ਹੋ ਗਏ।
ਮੁਬਾਰਕ ਅਲੀ ਖ਼ਾਨ ਦੀ ਭਾਰਤ ਵਿਚ ਪਹਿਲੀ ਹਿੰਦੀ ਫ਼ਿਲਮ ਗੰਧਰਵ ਸਿਨੇਟੋਨ, ਬੰਬੇ ਦੀ ਬਾਬੂਰਾਵ ਪਟੇਲ ਨਿਰਦੇਸ਼ਿਤ ‘ਮਹਾਰਾਨੀ’ (1934) ਸੀ। ਫ਼ਿਲਮ ਵਿਚ ਮੁਬਾਰਕ ਅਲੀ ਖ਼ਾਨ ਨੇ ‘ਕੁਮਾਰ’ ਦਾ ਕਿਰਦਾਰ ਜਿਸ ਦੇ ਹਮਰਾਹ ਪਦਮਾ ਦੇਵੀ ‘ਬਿਜਲੀ’ ਦਾ ਪਾਰਟ ਅਦਾ ਕਰ ਰਹੀ ਸੀ। ਕਹਾਣੀ ਐੱਚ. ਈ. ਖ਼ਾਤਬਿ (ਸਹਾਇਕ ਪੰਡਤ ਇੰਦਰ ਚੰਦਰ) ਅਤੇ ਮੌਸੀਕੀ ਐੱਨ. ਚਾਫੇਕਰ ਨੇ ਮੁਰੱਤਬਿ ਕੀਤੀ। ਫ਼ਿਲਮ ਦੇ 14 ਗੀਤਾਂ ਵਿਚੋਂ 5 ਗੀਤ ਮੁਬਾਰਕ ਅਲੀ ’ਤੇ ਫ਼ਿਲਮਾਏ ਗਏ ‘ਜਮਨਾ ਨਹਾਓ ਰੀ’, ‘ਨਾਮ ਅਪਨਾ ਭੀ ਲਿਖ ਲੋ ਇਸ਼ਕ ਕੀ ਬੀਮਾਰੀ ਮੇਂ’, ‘ਕਮਸਿਨੀ ਮੇਂ ਕਰਤੇ ਥੇ ਲਾਖੋਂ ਦੁਆਏਂ’, ‘ਦੁਨੀਆ ਕੇ ਦੀਵਾਨੇ ਕਯਾ ਪੀਰ ਪਰਾਈ ਜਾਨੇ’ ਅਤੇ ਇਕ ਗੀਤ ਮੁਬਾਰਕ ਅਲੀ ਤੇ ਪਦਮਾ ਦੇਵੀ ’ਤੇ ਫ਼ਿਲਮਾਇਆ ਗਿਆ ‘ਪ੍ਰੇਮ ਪ੍ਰਭੂ ਅਵਤਾਰ ਜਗਤ ਮੇਂ।’
ਜਦੋਂ ਫ਼ਿਲਮਸਾਜ਼ ਸੇਠ ਮੋਤੀ ਲਾਲ ਚਾਮਰੀਆ ਨੇ ਮੋਤੀ ਮਹਿਲ ਥੀਏਟਰਜ਼, ਕਲਕੱਤਾ ਦੇ ਬੈਨਰ ਹੇਠ ਬੀ. ਐੱਸ. ਰਾਜਹੰਸ ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਸੋਹਣੀ ਕੁਮ੍ਹਾਰਨ’ (1939) ਬਣਾਈ ਤਾਂ ਇਸ ਵਿਚ ਮੁਬਾਰਕ ਅਲੀ ਖ਼ਾਨ ਅਤੇ ਮੁਮਤਾਜ਼ ਸ਼ਾਤੀ ਨੂੰ ਨਵੇਂ ਅਦਾਕਾਰਾਂ ਵਜੋਂ ਪੇਸ਼ ਕਰਵਾਇਆ। ਫ਼ਿਲਮ ਵਿਚ ਮੁਬਾਰਕ ਅਲੀ ਖ਼ਾਨ ਨੇ ‘ਮਹੀਂਵਾਲ’ ਦਾ ਅਤੇ ਮੁਮਤਾਜ਼ ਸ਼ਾਂਤੀ (ਪਤਨੀ ਵਲੀ ਸਾਹਿਬ) ਨੇ ‘ਸੋਹਣੀ’ ਦਾ ਪਾਰਟ ਅਦਾ ਕੀਤਾ। ਫ਼ਿਲਮ ਦੇ ਮੁਸੱਨਿਫ਼ ਅਤੇ ਨਗ਼ਮਾਨਿਗਾਰ ਵਲੀ ਸਾਹਬ ਅਤੇ ਮੌਸੀਕੀ ਸ਼ਿਆਮ ਸੁੰਦਰ (ਪਹਿਲੀ ਫ਼ਿਲਮ) ਨੇ ਤਾਮੀਰ ਕੀਤੀ। ਸੁਪਰਵਾਈਜ਼ਰ ਕੇ. ਡੀ. ਮਹਿਰਾ ਸਨ ਜੋ ਕਲਕੱਤਿਓਂ ਆਪਣਾ ਯੂਨਿਟ ਲੈ ਕੇ ਲਾਹੌਰ ਆਏ ਸਨ ਅਤੇ ਦਰਿਆ ਚਿਨਾਬ ਦੇ ਕੰਢੇ ਇਸ ਦੀ ਫ਼ਿਲਮਬੰਦੀ ਸ਼ੁਰੂ ਕੀਤੀ। ਫ਼ਿਲਮ ਦੇ ਕੁੱਲ 17 ਗੀਤਾਂ ਵਿਚੋਂ ਮੁਬਾਰਕ ਅਲੀ ਖ਼ਾਨ ’ਤੇ ਫ਼ਿਲਮਾਏ ਗੀਤ ‘ਅੱਖੀਆਂ ਦੀਆਂ ਨੀਦਰਾਂ ਖੋਈਆਂ ਨੇ’, ‘ਮੁੱਲ ਪਾਇਆ ਬੈਨਾਂ ਦਾ ਤਰਸ ਨਾ ਆਇਆ ਚੰਨਾ’, ‘ਜੇ ਇਸ਼ਕ ਪਿਆ ਜੇ ਸਮਝਣ ਕਿਵੇਂ ਐਂਵੇ ਰਾਤ ਦਿਨ’ (ਮੁਬਾਰਕ ਅਲੀ ਖ਼ਾਨ) ਬੜੇ ਪਸੰਦ ਕੀਤੇ ਗਏ। 21 ਦਿਨਾਂ ਵਿਚ ਤਿਆਰ ਹੋਈ ਇਹ ਫ਼ਿਲਮ 3 ਮਾਰਚ 1939 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ। ਕਮਲਾ ਮੂਵੀਟੋਨ ਲਿਮਟਿਡ, ਲਾਹੌਰ ਦੀ ਆਰ. ਐੱਲ. ਸ਼ੋਰੀ (ਸੀਨੀਅਰ) ਅਤੇ ਰੂਪ ਕੇ. ਸ਼ੋਰੀ (ਜੂਨੀਅਰ) ਨਿਰਦੇਸ਼ਿਤ (ਸਹਾਇਕ ਹੈਰਲਡ ਲੂਈਸ ਉਰਫ਼ ਮਜਨੂੰ) ਪੰਜਾਬੀ ਫ਼ਿਲਮ ‘ਇਕ ਮੁਸਾਫ਼ਰ’ (1940) ਵਿਚ ਮੁਬਾਰਕ ਅਲੀ ਖ਼ਾਨ ਨੇ ‘ਸਲੀਮ’ ਦਾ, ਜਿਸ ਦੇ ਰੂਬਰੂ ਮੇਨਕਾ ‘ਸ਼ੀਰੀਂ’ ਦਾ ਕਿਰਦਾਰ ਨਿਭਾ ਰਹੀ ਸੀ। ਫ਼ਿਲਮ ਦੇ ਨਗ਼ਮਾਨਿਗਾਰ ਤੇ ਮੁਕਾਲਮਾਗਿਾਰ ਅਜ਼ੀਜ਼ ਕਸ਼ਮੀਰੀ ਅਤੇ ਮੌਸੀਕੀ ਪੰਡਤ ਗੋਬਿੰਦਰਾਮ ਨੇ ਤਰਤੀਬ ਕੀਤੀ। ਫ਼ਿਲਮ ਦੇ 10 ਗੀਤਾਂ ’ਚੋਂ ਮੁਬਾਰਕ ਅਲੀ ਖ਼ਾਨ ’ਤੇ ਫ਼ਿਲਮਾਏ ‘ਹਾਰਾਂ ਦੀਆਂ ਦੋ ਲੜੀਆਂ’ (ਮੇਨਕਾ, ਮੁਬਾਰਕ ਅਲੀ ਖ਼ਾਨ), ‘ਏਹੋ ਗੱਲ ਕਹਿ ਗਿਆ ਇਕ ਫੁਲੇਰਾ’ (ਮੁਬਾਰਕ ਅਲੀ ਖ਼ਾਨ) ਆਦਿ ਗੀਤ ਬੜੇ ਮਕਬੂਲ ਹੋਏ। ਇਹ ਫ਼ਿਲਮ 9 ਅਗਸਤ 1940 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ।
ਦੇਸ਼ ਵੰਡ ਦੇ ਬਾਅਦ ਉਨ੍ਹਾਂ ਨੇ ਭਾਰਤ ਰਹਿਣ ਦੀ ਬਜਾਏ ਪਾਕਿਸਤਾਨ ਰਹਿਣਾ ਪਸੰਦ ਕੀਤਾ। ਪਾਕਿਸਤਾਨ ਵਿਚ ਉਨ੍ਹਾਂ ਨੇ ਸਿਰਫ਼ 2 ਉਰਦੂ ਫ਼ਿਲਮਾਂ ਦਾ ਸੰਗੀਤ ਤਿਆਰ ਕੀਤਾ। ਸੰਗੀਤਕਾਰ ਵਜੋਂ ਉਨ੍ਹਾਂ ਦੀ ਪਹਿਲੀ ਉਰਦੂ ਫ਼ਿਲਮ ਨੌਬਹਾਰ ਫ਼ਿਲਮਜ਼, ਲਾਹੌਰ ਦੀ ਮੁਰਤਜ਼ਾ ਜਿਲਾਨੀ ਤੇ ਅਨਵਰ ਕੈਮਲ ਪਾਸ਼ਾ ਨਿਰਦੇਸ਼ਿਤ ‘ਦੋ ਆਂਸੂ’ (1950) ਸੀ। ਫ਼ਿਲਮ ਵਿਚ ਮਰਕਜ਼ੀ ਕਿਰਦਾਰ ਸਬੀਹਾ ਖਾਨੁਮ ਤੇ ਸੰਤੋਸ਼ ਕੁਮਾਰ ਅਦਾ ਕਰ ਰਹੇ ਸਨ। ਗੀਤ ਤਾਲਬਿ ਬਦਾਯੂੰਨੀ, ਸਾਗਰ ਸਦੀਕੀ, ਹਜ਼ੀਨ ਕਾਦਰੀ, ਕਤੀਲ ਸ਼ਿਫ਼ਾਈ ਅਤੇ ਗੀਤਾਂ ਦੀਆਂ ਤਰਜ਼ਾਂ ਮੁਬਾਰਕ ਅਲੀ ਖ਼ਾਨ ਨੇ ਬਣਾਈਆਂ। ਇਨ੍ਹਾਂ ਖ਼ੂਬਸੂਰਤ ਗੀਤਾਂ ਦੇ ਬੋਲ ਹਨ ‘ਕੋਈ ਅਪਨੀ ਨਿਸ਼ਾਨੀ ਦੇ ਗਿਆ ਦਿਲ ਲੈ ਗਿਆ’, ‘ਮਾਲੂਮ ਨਹੀਂ ਕਬ ਹੋ ਮੇਰੇ ਗ਼ਮ ਕਾ ਸਵੇਰਾ’, ‘ਹਮ ਪੀ ਕੀ ਨਗਰੀਆ ਸੇ’, ਇਕ ਲੈਲਾ ਤੇ ਮਜਨੂੰ ਸਾਰੇ ਕਰਮਾ ਮਾਰੇ’ (ਮੁਨੱਵਰ ਸੁਲਤਾਨਾ), ‘ਏਕ ਗ਼ਮ ਕੇ ਸਿਵਾ ਇਸ ਦੁਨੀਆ ਮੇਂ’ (ਉਸਤਾਦ ਬਰਕਤ ਅਲੀ), ‘ਇਸ ਦਿਲ ਕੋ ਅਪਨਾ ਘਰ ਸਮਝੋ’ (ਅਲਾਊਦੀਨ), ‘ਕਿਉਂ ਹਸ ਰਹੀ ਹੈ ਦੁਨੀਆ ਸੁਨ ਕੇ ਮੇਰਾ ਅਫ਼ਸਾਨਾ’, ‘ਓ ਜਾਨੇ ਵਾਲੇ ਕਿਉਂ ਮੁਹੱਬਤ ਕਾ ਟਿਕਾਨਾ ਭੂਲ ਗਏ’ (ਜ਼ੀਨਤ ਬੇਗ਼ਮ), ‘ਨਿਗਾਹੇਂ ਨਾ ਫੇਰੋ ਨਿਗਾਹੇਂ ਮਿਲਾ ਕੇ’ (ਸਲਮਾ ਬੇਗ਼ਮ)। ਇਹ ਸਿਲਵਰ ਜੁਬਲੀ ਹਿੱਟ ਫ਼ਿਲਮ 7 ਅਪਰੈਲ 1950 ਨੂੰ ਜੁਬਲੀ ਥੀਏਟਰ, ਕਰਾਚੀ ਵਿਖੇ ਰਿਲੀਜ਼ ਹੋਈ। ਮੁਬਾਰਕ ਅਲੀ ਖ਼ਾਨ ਦੀ ਸੰਗੀਤ ਨਿਰਦੇਸ਼ਿਤ ਦੂਜੀ ਉਰਦੂ ਫ਼ਿਲਮ ਐਵਰਲੱਕੀ ਫ਼ਿਲਮ, ਲਾਹੌਰ ਦੀ ‘ਸ਼ਾਲੀਮਾਰ’ (1956) ਸੀ। ਐੱਸ. ਐੱਚ. ਜ਼ੈਦੀ ਦੀ ਹਿਦਾਇਤਕਾਰੀ ਵਿਚ ਬਣੀ ਇਸ ਫ਼ਿਲਮ ਵਿਚ ਭਾਰਤੀ ਅਦਾਕਾਰਾ ਰੇਹਾਨਾ ਅਤੇ ਸੁਧੀਰ ਮੁੱਖ ਭੂਮਿਕਾ ਨਿਭਾ ਰਹੇ ਸਨ। ਗੀਤ ਤੁਫ਼ੈਲ ਹੁਸ਼ਿਆਰਪੁਰੀ, ਤਨਵੀਰ ਨੱਕਵੀ, ਸਾਹਿਲ ਫੱਰਾਨੀ, ਸਾਗਰ ਸਦੀਕੀ ਨੇ ਤਹਿਰੀਰ ਕੀਤੇ। ਮੁਬਾਰਕ ਅਲੀ ਖ਼ਾਨ ਦੀਆਂ ਧੁੰਨਾਂ ’ਚ ਬਣੇ ‘ਆਜਾ ਆਜਾ ਮੈਂ ਧੜਕਨੋ ਕਾ ਸਾਜ਼ ਹੂੰ’ (ਕੌਸਰ ਪਰਵੀਨ), ‘ਮੇਰੇ ਟੂਟੇ ਮਨ ਕੀ ਬਾਤ ਜ਼ਮਾਨਾ ਕਯਾ ਜਾਨੇ’, ‘ਛਨਨ ਛਨਨ ਧੜਕ ਰਹਾ ਹੈ’, ‘ਸਜ ਕੇ ਤਿਆਰ ਹੂਈ ਦੇਸ ਪਰਾਏ ਬੰਨੋ’ (ਜ਼ੁਬੈਦਾ ਖਾਨੁਮ), ‘ਲੂਟ ਲੀਆ ਸੁਖ ਚੈਨ ਬੇਦਰਦੀ ਸਈਆਂ’ (ਇਕਬਾਲ ਬਾਨੋ) ਆਦਿ ਗੀਤ ਬੜੇ ਪਸੰਦ ਕੀਤੇ ਗਏ। 21 ਦਸੰਬਰ 1956 ਨੂੰ ਲਾਹੌਰ ’ਚ ਰਿਲੀਜ਼ਸ਼ੁਦਾ ਇਹ ਫ਼ਿਲਮ ਨਾਕਾਮ ਸਾਬਤ ਹੋਈ।
ਉਸਤਾਦ ਮੁਬਾਰਕ ਅਲੀ ਖ਼ਾਨ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ ਅਤੇ ਸਰਦਾਰ ਖ਼ਾਨ ਦਿੱਲੀ ਵਾਲੇ ਦੇ ਸ਼ਾਗਿਰਦ ਸਨ। ਉਨ੍ਹਾਂ ਨੇ ਸੈਂਕੜੇ ਅਫ਼ਰਾਦ ਨੂੰ ਮੌਸੀਕੀ ਦੀ ਤਾਲੀਮ ਦਿੱਤੀ। ਉਸਤਾਦ ਮੁਬਾਰਕ ਅਲੀ ਖ਼ਾਨ ਕਰਾਚੀ ਵਿਖੇ 21 ਅਕਤੂਬਰ 1957 ਨੂੰ 40 ਸਾਲਾਂ ਦੀ ਜਵਾਨ ਉਮਰ ਇੰਤਕਾਲ ਕਰ ਗਏ।
ਸੰਪਰਕ: 97805-09545