ਰਜਨੀ ਭਗਾਣੀਆ
ਪੰਜਾਬੀ ਸਿਨਮਾ ਵਿੱਚ ਬਹੁਤ ਸਾਰੀਆਂ ਅਜਿਹੀਆਂ ਮਿਹਨਤਕਸ਼ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਘੱਟ ਉਮਰ ਵਿੱਚ ਵੱਡਾ ਨਾਮ ਕਮਾਇਆ ਹੈ। ਇਹੋ ਜਿਹੀ ਇੱਕ ਸੂਝਵਾਨ ਸ਼ਖ਼ਸੀਅਤ ਹੈ ਰਵਿੰਦਰ ਮੰਡ ਜੋ ਲੇਖਕ, ਗਾਇਕ ਤੇ ਅਦਾਕਾਰ ਵਜੋਂ ਜਾਣਿਆ ਜਾਂਦਾ ਹੈ। ਉਸ ਦਾ ਜਨਮ 2 ਅਕਤੂਬਰ 1982 ਨੂੰ ਪਿਤਾ ਕਾਕਾ ਸਿੰਘ ਮੰਡ ਤੇ ਮਾਤਾ ਗੁਰਦਿਆਲ ਕੌਰ ਦੇ ਘਰ ਜ਼ਿਲ੍ਹਾ ਰੂਪਨਗਰ ਦੇ ਪਿੰਡ ਹਿਰਦਾਪੁਰ ਵਿਖੇ ਹੋਇਆ।
ਰਵਿੰਦਰ ਮੰਡ ਨੂੰ ਸਕੂਲ ਦੀ ਪੜ੍ਹਾਈ ਦੌਰਾਨ ਹੀ ਕਵਿਤਾਵਾਂ ਤੇ ਪੰਜਾਬੀ ਗੀਤਾਂ ਦੀ ਪੈਰੋਡੀ (ਹਾਸਰਸ) ਲਿਖਣ ਦਾ ਸ਼ੌਕ ਰਿਹਾ। ਪੈਰੋਡੀ ਹਾਸੇ ਦਾ ਇੱਕ ਰੂਪ ਹੈ ਜੋ ਕਿਸੇ ਚੀਜ਼ ’ਤੇ ਵਿਅੰਗ ਕਰਦੀ ਹੈ। ਲਿਖਣ ਦੇ ਸ਼ੁਰੂਆਤੀ ਸਫ਼ਰ ਵਿੱਚ ਉਸ ਦੀ ਮੁਲਾਕਾਤ ਅਦਾਕਾਰ ਤੇ ਕਾਮੇਡੀਅਨ ਜਗਤਾਰ ਜੱਗੀ ਨਾਲ ਹੋਈ। ਜਿੱਥੇ ਰਵਿੰਦਰ ਮੰਡ ਨੇ ਉਸਤਾਦ ਗੁਰਮੀਤ ਬਾਵਾ ਤੇ ਕਰਮਜੀਤ ਅਨਮੋਲ ਤੋਂ ਸਿੱਖਿਆ, ਉੱਥੇ ਹੀ ਉਨ੍ਹਾਂ ਦੇ ਸਾਥ ਨੂੰ ਵੀ ਮਾਣਿਆ ਤੇ ਅੱਗੇ ਵਧਿਆ। ਇਸੀ ਦੌਰਾਨ ਉਸ ਨੇ ਪਹਿਲੀ ਵਾਰ ਭਗਵੰਤ ਮਾਨ ਦੀ ਕਾਮੇਡੀ ਸੀਰੀਜ਼ ‘ਜੁਗਨੂੰ ਹਾਜ਼ਰ ਹੋ’ ਵਿੱਚ ਹਾਜ਼ਰੀ ਲਵਾਈ ਤੇ ਪਹਿਲਾ ਗੀਤ ਰਿਕਾਰਡ ਹੋਇਆ ‘ਹਿੰਦੀ ਵਾਲੀ ਮੈਡਮ ਦੀ ਮਾਸਟਰ ਪੂਜਾ ਕਰਦੇ’। ਇਸ ਵਿੱਚ ਉਸ ਦੇ ਕੰਮ ਨੂੰ ਬਹੁਤ ਸਰਾਹਿਆ ਗਿਆ।
ਮੰਡ ਦੱਸਦਾ ਹੈ ਕਿ ਸ਼ੁਰੂ ਵਿੱਚ ਉਸ ਦੇ ਪਰਿਵਾਰ ਨੇ ਉਸ ਦੀ ਕਲਾ ਨੂੰ ਗੰਭੀਰਤਾ ਨਾਲ ਨਹੀਂ ਲਿਆ, ਪਰ ਜਦੋਂ ਉਸ ਦਾ ਪ੍ਰੋਗਰਾਮ ਟੀ.ਵੀ. ਉੱਤੇ ਆਉਂਦਾ ਤਾਂ ਪਰਿਵਾਰ ਨੂੰ ਵੇਖ ਕੇ ਖੁਸ਼ੀ ਹੁੰਦੀ। ਇੱਥੋਂ ਹੀ ਪਰਿਵਾਰ ਨੇ ਉਸ ਨੂੰ ਅੱਗੇ ਵਧਣ ਦੀ ਹੱਲਾਸ਼ੇਰੀ ਦੇਣੀ ਸ਼ੁਰੂ ਕੀਤੀ। ਉਸ ਤੋਂ ਬਾਅਦ ਉਸ ਨੇ ਜਸਵਿੰਦਰ ਭੱਲਾ ਨਾਲ ਮਸ਼ਹੂਰ ਕਾਮੇਡੀ ਐਲਬਮ ‘ਛਣਕਾਟਾ’ ਲਈ ਗੀਤ ਲਿਖਿਆ ਜਿਸ ਦੇ ਬੋਲ ਸਨ, ‘‘ਤੇਰੀ ਮੂੰਗੀ ਮਸਰੀ ਨੇ ਟੱਬਰ ਦੀ ਸਿਹਤ ਡਾਊਨ ਜੀ ਕਰਤੀ’। ਇਸ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਫਿਰ ਉਸ ਨੇ ‘ਭਜਨਾ ਅਮਲੀ ਸੱਪਾਂ ਵਾਲਾ’ ਐਲਬਮ ਲਿਖੀ।
ਇਸ ਦੇ ਨਾਲ ਹੀ ਰਵਿੰਦਰ ਮੰਡ ਨੂੰ ਥੀਏਟਰ ਤੇ ਨਾਟਕ ਖੇਡਣ ਦੇ ਮੌਕੇ ਵੀ ਮਿਲੇ। ਜਿਨ੍ਹਾਂ ਵਿੱਚ ਕਰਮਜੀਤ ਅਨਮੋਲ, ਹਰਭਜਨ ਮਾਨ, ਭਗਵੰਤ ਮਾਨ, ਬੀਨੂੰ ਢਿੱਲੋਂ, ਗੁਰਚੇਤ ਚਿੱਤਰਕਾਰ, ਜਸਵਿੰਦਰ ਭੱਲਾ, ਜਸਪਾਲ ਭੱਟੀ, ਨਿਸ਼ਾ ਬਾਨੋ, ਬੀ.ਐੱਨ. ਸ਼ਰਮਾ, ਰਾਣਾ ਰਣਬੀਰ, ਅਨੀਤਾ ਸਬਦੀਸ਼, ਰੀਆ ਸਿੰਘ, ਗਗਨ ਗਿੱਲ ਵਰਗੇ ਮਸ਼ਹੂਰ ਕਲਾਕਾਰਾਂ ਨਾਲ ਕੰਮ ਕੀਤਾ। ਆਪਣੇ ਇਸ ਸਫ਼ਰ ਨਾਲ ਰਵਿੰਦਰ ਮੰਡ ਨੇ ਫੇਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਕੁਝ ਲੜੀਵਾਰਾਂ ਲਈ ਵੀ ਕੰਮ ਕੀਤਾ, ਜਿਨ੍ਹਾਂ ਵਿੱਚ ‘ਵਿਚੋਲੇ’, ‘ਰੰਗ ਸਮੁੰਦਰੋਂ ਪਾਰ ਦੇ’, ‘ਬੈਚਲਰ ਹਾਊਸ’, ‘ਹੱਸਦੇ ਹਸਾਉਂਦੇ ਰਹੋ’, ‘ਓਬਾਮਾ ਤੇਰੇ ਦੇਸ ਮੇਂ’, ‘ਸਾਵਧਾਨ ਇੰਡੀਆ’, ‘ਕਾਟੋ ਫੁੱਲਾਂ ’ਤੇ’, ‘ਤਵਾ ਡਾਟ ਕਾਮ’, ‘ਜੁਗਨੂੰ ਹਾਜ਼ਰ ਹੋ’, ‘ਨੌਟੀ ਬਾਬਾ ਇਨ ਟਾਊਨ’ ਦੇ ਨਾਮ ਜ਼ਿਕਰਯੋਗ ਹਨ।
ਰਵਿੰਦਰ ਮੰਡ ਨੇ ਫਿਲਮਾਂ ਤੇ ਲੜੀਵਾਰਾਂ ਲਈ ਸੰਵਾਦ ਵੀ ਲਿਖੇ ਹਨ। ਉਸ ਦੀ ਅਦਾਕਾਰੀ ਦੀ ਗੱਲ ਕਰੀਏ ਤਾਂ ‘ਏਕਮ’, ‘ਹਸ਼ਰ’, ‘ਸਿਰਫਿਰੇ’, ‘ਮੋਗਾ ਟੂ ਮੈਲਬੌਰਨ’, ‘ਰੱਬ ਦਾ ਰੇਡੀਓ 2’, ‘ਡਾਕੂਆ ਦਾ ਮੁੰਡਾ’, ‘ਹਾਈ ਐੰਂਡ ਯਾਰੀਆਂ’, ‘ਮੈਂ ਤੇਰੀ ਤੂੰ ਮੇਰਾ’, ‘ਓਏ ਹੋਏ ਪਿਆਰ ਹੋ ਗਿਆ’, ‘ਮਾਈ ਸੈਲਫ ਪੇਂਡੂ’, ‘ਬਾਈ ਜੀ ਤੁਸੀਂ ਘੈਂਟ ਓ’, ‘ਮੁੰਡਾ ਫਰੀਦਕੋਟੀਆ’, ‘ਬਾਈਲਾਰਸ’, ‘ਮੁੰਡਾ ਹੀ ਚਾਹੀਦਾ’, ‘ਜਿੰਦੇ ਮੇਰੀਏ’, ‘ਮੁਸਾਫਿਰ’, ‘ਜੱਟ ਏਅਰਵੇਜ਼’, ‘ਛੜਾ’, ‘ਉੱਨੀ ਇੱਕੀ’, ‘ਅਫ਼ਸਰ’, ‘ਬਲੈਕੀਆ’, ‘ਬਾਜ਼’, ‘ਜੋੜੀ’, ‘ਖ਼ਤਰੇ ਦਾ ਘੁੱਗੂ’, ‘ਸੌਕਣ ਸੌਕਣੇ’, ‘ਨਿਸ਼ਾਨਾ’ ਆਦਿ ਫਿਲਮਾਂ ਦੇ ਨਾਮ ਸ਼ਾਮਲ ਹਨ। ਉਸ ਨੂੰ ਪਛਾਣ ‘ਅਫ਼ਸਰ’ ਫਿਲਮ ’ਚ ਨਿਭਾਏ ਜਸਪਾਲ ਪਟਵਾਰੀ ਦੇ ਕਿਰਦਾਰ ਨਾਲ ਮਿਲੀ ਤੇ ਉਸ ਨੂੰ ਹੋਰ ਫਿਲਮਾਂ ਲਈ ਮੌਕੇ ਮਿਲੇ।
ਸੰਪਰਕ: 79736-67793