ਮੁੰਬਈ: ਕਿਡਨੀ ਇਨਫੈਕਸ਼ਨ ਕਾਰਨ ਇੱਥੋਂ ਦੇ ਸਿਟੀ ਹਸਪਤਾਲ ਵਿੱਚ ਭਰਤੀ ਹੋਏ ਅਦਾਕਾਰ ਅਨੁਪਮ ਸ਼ਿਆਮ (63) ਦਾ ਅੱਜ ਦੇਹਾਂਤ ਹੋ ਗਿਆ। ਇਹ ਜਾਣਕਾਰੀ ਅਦਾਕਾਰ ਦੇ ਦੋਸਤ ਯਸ਼ਪਾਲ ਸ਼ਰਮਾ ਨੇ ਦਿੱਤੀ। ਅਨੁਪਮ ਟੀਵੀ ਸ਼ੋਅ ਜਿਵੇਂ ‘ਮਨ ਕੀ ਆਵਾਜ਼: ਪ੍ਰਤਿੱਗਿਆ’ ਅਤੇ ਫਿਲਮਾਂ ‘ਸਲੱਮਡੌਗ ਮਿਲੇਨੀਅਰ’ ਅਤੇ ‘ਬੈਂਡਿਟ ਕੁਈਨ’ ਵਿੱਚ ਬਿਹਤਰੀਨ ਕੰਮ ਕਾਰਨ ਜਾਣਿਆ ਜਾਂਦਾ ਸੀ। ਅਦਾਕਾਰ ਨੂੰ ਚਾਰ ਦਿਨ ਪਹਿਲਾਂ ਗੋਰੇਗਾਓਂ ਦੇ ਲਾਈਫਲਾਈਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸ਼ਰਮਾ ਨੇ ਦੱਸਿਆ ਕਿ ਅਨੁਪਮ ਨੇ ਅੱਜ ਹਸਪਤਾਲ ਵਿੱਚ ਆਪਣੇ ਦੋ ਭਰਾਵਾਂ ਅਨੁਰਾਗ ਅਤੇ ਕੰਚਨ ਦੀ ਮੌਜੂਦਗੀ ਵਿੱਚ ਆਖ਼ਰੀ ਸਾਹ ਲਿਆ। ਸ਼ਰਮਾ ਨੇ ਪੀਟੀਆਈ ਨੂੰ ਦੱਸਿਆ, ‘‘ਡਾਕਟਰਾਂ ਨੇ ਸਾਨੂੰ ਉਸ ਦੀ ਮੌਤ ਤੋਂ 40 ਮਿੰਟ ਪਹਿਲਾਂ ਦੱਸ ਦਿੱਤਾ ਸੀ। ਮੈਂ ਉਸ ਦੇ ਭਰਾਵਾਂ ਅਨੁਰਾਗ ਅਤੇ ਕੰਚਨ ਨਾਲ ਹਸਪਤਾਲ ਹੀ ਸੀ। ਅਨੁਪਮ ਦੀ ਦੇਹ ਭਲਕੇ ਨਿਊ ਦਿੰਦੋਸ਼ੀ, ਮਹਾਡਾ ਕਲੋਨੀ ਸਥਿਤ ਉਸ ਦੀ ਰਿਹਾਇਸ਼ ’ਤੇ ਲਿਆਂਦੀ ਜਾਵੇਗੀ, ਜਿਸ ਮਗਰੋਂ ਸਸਕਾਰ ਕੀਤਾ ਜਾਵੇਗਾ।’’ ਆਪਣੇ ਤਿੰਨ ਦਹਾਕਿਆਂ ਦੇ ਕਰੀਅਰ ਦੌਰਾਨ ਸ਼ਿਆਮ ਨੇ ਫਿਲਮਾਂ ਜਿਵੇਂ ‘ਸੱਤਿਆ’, ‘ਦਿਲ ਸੇ’, ਲਗਾਨ’, ‘ਹਜ਼ਾਰੋਂ ਖਵਾਹਿਸ਼ੇ ਐਸੀ’ ਅਤੇ 2009 ਵਿੱਚ ਸਟਾਰ ਪਲੱਸ ’ਤੇ ਚਰਚਿਤ ਟੀਵੀ ਸੀਰੀਅਲ ‘ਮਨ ਕੀ ਆਵਾਜ਼ ਪ੍ਰਤਿੱਗਿਆ’ ਦੇ ਠਾਕੁਰ ਸੱਜਣ ਸਿੰਘ ਦੇ ਕਿਰਦਾਰ ਨਾਲ ਵੱਖਰੀ ਪਛਾਣ ਬਣਾਈ। ਉਸ ਨੇ ਹਾਲ ਹੀ ਵਿੱਚ ਆਪਣੇ ਸ਼ੋਅ ‘ਮਨ ਕੀ ਆਵਾਜ਼: ਪ੍ਰਤਿੱਗਿਆ’ ਦੇ ਦੂਜੇ ਸੀਜ਼ਨ ਦੀ ਸ਼ੂੁਟਿੰਗ ਕੀਤੀ ਸੀ। ਪਿਛਲੇ ਸਾਲ ਅਨੁਰਾਗ ਨੇ ਪੀਟੀਆਈ ਨੂੰ ਅਨੁਪਮ ਦੀ ਬਿਮਾਰੀ ਬਾਰੇ ਦੱਸਿਆ ਸੀ ਅਤੇ ਅਦਾਕਾਰ ਦੇ ਪਰਿਵਾਰ ਨੇ ਉਸ ਦੇ ਇਲਾਜ ਲਈ ਇੰਡਸਟਰੀ ਦੇ ਦੋਸਤਾਂ ਤੋਂ ਮਦਦ ਮੰਗੀ ਸੀ। -ਪੀਟੀਆਈ