ਭੋਪਾਲ: ਟੈਲੀਵਿਜ਼ਨ ਅਦਾਕਾਰ ਸ਼ਵੇਤਾ ਤਿਵਾੜੀ ਆਪਣੇ ਅੰਦਰੂਨੀ ਕੱਪੜਿਆਂ ਨੂੰ ਲੈ ਕੇ ਕੀਤੀ ਟਿੱਪਣੀ ਵਿੱਚ ਕਥਿਤ ਰੱਬ ਦਾ ਹਵਾਲਾ ਦੇਣ ਕਰ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਤਿਵਾੜੀ ਦੀਆਂ ਟਿੱਪਣੀਆਂ ਦੀ ਪੜਤਾਲ ਦਾ ਹੁਕਮ ਦਿੰਦਿਆਂ 24 ਘੰਟਿਆਂ ਵਿੱਚ ਰਿਪੋਰਟ ਮੰਗ ਲਈ ਹੈ। ਦੱਸਣਾ ਬਣਦਾ ਹੈ ਕਿ ਤਿਵਾੜੀ ਨੇ ਭੋਪਾਲ ਵਿੱਚ ਬੁੱਧਵਾਰ ਨੂੰ ਆਪਣੀ ਵੈੱਬ ਲੜੀ ‘ਸ਼ੋਅ ਸਟੌਪਰ’ ਦੇ ਪ੍ਰਚਾਰ ਪਾਸਾਰ ਦੌਰਾਨ ਵਿਵਾਦਿਤ ਟਿੱਪਣੀ ਕੀਤੀ ਸੀ। ਪੱਤਰਕਾਰਾਂ ਨਾਲ ਰੂਬਰੂ ਹੋਣ ਮੌਕੇ ਕੀਤੀ ਟਿੱਪਣੀ ਵੇਲੇ ਤਿਵਾੜੀ ਦੇ ਸਹਿ-ਅਦਾਕਾਰ ਵੀ ਉਸ ਨਾਲ ਮੌਜੂਦ ਸਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਸ਼ਵੇਤਾ ਤਿਵਾੜੀ ਆਪਣੇ ਅੰਦਰੂਨੀ ਕੱਪੜਿਆਂ ਬਾਰੇ ਬੋਲਦਿਆਂ ਕਥਿਤ ਰੱਬ ਦਾ ਹਵਾਲਾ ਦਿੰਦੀ ਦਿਸਦੀ ਹੈ। -ਪੀਟੀਆਈ