ਮੁੰਬਈ, 14 ਫਰਵਰੀ
ਟੀਵੀ ਅਦਾਕਾਰਾ ਅਦਾ ਖਾਨ ਜੋ ਹਾਲ ਹੀ ਵਿੱਚ ਰਿਸ਼ੀਕੇਸ਼ ’ਚ ਇੱਕ ਨਵੇਂ ਸੰਗੀਤ ਵੀਡੀਓ ਦੀ ਸ਼ੂਟਿੰਗ ਕਰ ਰਹੀ ਸੀ, ਦਾ ਕਹਿਣਾ ਹੈ ਕਿ ਸੰਗੀਤ ਵੀਡੀਓ ਵਿੱਚ ਕੰਮ ਕਰਨਾ ਉਸ ਨੂੰ ਇੱਕ ਵੱਖਰੇ ਜ਼ੋਨ ਵਿੱਚ ਲੈ ਜਾਂਦਾ ਹੈ। ਇਸ ਗੀਤ ਦਾ ਨਾਂ ਹਾਲੇ ਤੈਅ ਨਹੀਂ ਕੀਤਾ ਗਿਆ ਹੈ ਪਰ ‘ਦਬੰਗ’ ਗੀਤ ਲਈ ਮਸ਼ਹੂਰ ਗਾਇਕ ਦਿਵਿਆ ਕੁਮਾਰ ਨੇ ਇਸ ਨੂੰ ਆਵਾਜ਼ ਦਿੱਤੀ ਹੈ। ਗੀਤ ਸਬੰਧੀ ਅਦਾ ਨੇ ਦੱਸਿਆ, ‘‘ਇਸ ਗੀਤ ਵਿੱਚ ਇੱਕ ਲੜਕੀ ਦੀ ਬਹੁਤ ਖੂਬਸੂਰਤ ਕਹਾਣੀ ਦਰਸਾਈ ਗਈ ਹੈ, ਜੋ ਸਭ ਕੁੱਝ ਛੱਡ ਕੇ ਆਪਣੀ ਜ਼ਿੰਦਗੀ ਦੇ ਪਿਆਰ ਦੀ ਭਾਲ ਕਰ ਰਹੀ ਹੁੰਦੀ ਹੈ। ਇਸ ਬਾਰੇ ਮੈਂ ਹੋਰ ਨਹੀਂ ਦੱਸ ਸਕਦੀ, ਇਸ ਲਈ ਤੁਹਾਨੂੰ ਵੀਡੀਓ ਦੇਖਣੀ ਪਵੇਗੀ।’’
ਅਦਾ ਨੂੰ ਰਿਸ਼ੀਕੇਸ਼ ਵਿੱਚ ਯਾਤਰਾ ਅਤੇ ਸ਼ੂਟਿੰਗ ਕਰਨਾ ਬਹੁਤ ਪਸੰਦ ਹੈ। ਇਸ ਸ਼ੂਟ ਨੇ ਉਸ ਨੂੰ ਬਹੁਤ ਸਾਰੀਆਂ ਯਾਦਾਂ ਦਿੱਤੀਆਂ। ਉਸ ਨੇ ਦੱਸਿਆ, ‘‘ਰਿਸ਼ੀਕੇਸ਼ ਦੇ ਠੰਢੇ ਮੌਸਮ ਵਿੱਚ ਸ਼ੂਟਿੰਗ ਕਰਨਾ ਬਹੁਤ ਮਜ਼ੇਦਾਰ ਸੀ। ਸ਼ੂਟਿੰਗ ਕਰਦੇ ਸਮੇਂ ਅਸੀਂ ਲਕਸ਼ਮਣ ਝੂਲਾ, ਗੰਗਾ ਅਤੇ ਸਥਾਨਕ ਥਾਵਾਂ ’ਤੇ ਗਏ। ਇਨ੍ਹਾਂ ਥਾਵਾਂ ਦਾ ਦੌਰਾ ਕਰਨਾ ਬਹੁਤ ਸ਼ਾਨਦਾਰ ਸੀ। ਮੌਸਮ ਨੇ ਤਜਰਬਾ ਹੋਰ ਯਾਦਗਾਰ ਬਣਾ ਦਿੱਤਾ।’’
ਜਦੋਂ ਅਦਾ ਉਥੇ ਸ਼ੂਟ ਕਰ ਰਹੀ ਸੀ ਤਾਂ ਸੂਬੇ ’ਚ ਗਲੇਸ਼ੀਅਰ ਕਾਰਨ ਵੱਡਾ ਹਾਦਸਾ ਵਾਪਰਿਆ ਪਰ ਖੁਸ਼ਕਿਸਮਤੀ ਨਾਲ ਉਹ ਘਟਨਾ ਸਥਾਨ ਤੋਂ ਕਾਫੀ ਦੂਰ ਸੀ। ਉਸ ਨੇ ਕਿਹਾ, ‘‘ਜਦੋਂ ਮੈਂ ਨਾਸ਼ਤਾ ਕਰ ਰਹੀ ਸੀ ਤਾਂ ਅਚਾਨਕ ਮੇਰਾ ਹਾਲ ਪੁੱਛਣ ਲਈ ਮੈਨੂੰ ਪਰਿਵਰ ਅਤੇ ਦੋਸਤਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ। ਖੁਸ਼ਕਿਸਮਤੀ ਨਾਲ ਅਸੀਂ ਸਾਰੇ ਸੁਰੱਖਿਅਤ ਹਾਂ। ਹਾਲਾਂਕਿ ਉਥੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲੀਸ ਦੀ ਹਲਚਲ ਦੇਖੀ ਜਾ ਸਕਦੀ ਸੀ।’’ -ਆਈਏਐੱਨਐੱਸ