ਸਾਂਵਲ ਧਾਮੀ
ਫਕੀਰ ਸਿੰਘ ਨੂੰ ਹੋਸ਼ ਆਈ ਤਾਂ ਉਹਨੇ ਡਰੇ ਦਿਲ ਨਾਲ ਛੋਟੇ ਭਰਾਵਾਂ ਨੂੰ ਆਵਾਜ਼ਾਂ ਮਾਰੀਆਂ। ਕੋਈ ਹੁੰਗਾਰਾ ਨਾ ਮਿਲਿਆ। ਉਹਨੇ ਅੱਖਾਂ ਮੀਟ ਲਈਆਂ ਤੇ ਯਾਦ ਕਰਨ ਲੱਗਾ। ਪਿੰਡ ਛੱਡਣ ਦਾ ਵੇਲਾ ਆ ਗਿਆ ਹੈ। ਲੰਬੜਦਾਰ ਹਜ਼ਾਰਾ ਸਿੰਘ ਚੌਕੀਦਾਰ ਨੂੰ ਹੋਕਾ ਦੇਣ ਲਈ ਆਖਦਾ ਹੈ। ਲੋਕ ਰੜੀ ’ਚ ਇਕੱਠੇ ਹੋ ਰਹੇ ਨੇ। ਫਕੀਰ ਸਿੰਘ ਦਾ ਪਿਓ ਰਲਾ ਸਿੰਘ ਵੇਖਦਾ ਹੈ ਕਿ ਉਹਦੇ ਤਾਏ ਭਾਗ ਦਾ ਟੱਬਰ ਨਹੀਂ ਆਇਆ। ਉਹ ਪਿਓ-ਪੁੱਤ ਦੌੜਦੇ ਹੋਏ ਉਨ੍ਹਾਂ ਦੇ ਘਰ ਜਾਂਦੇ ਹਨ। ਨਿਧਾਨ ਸਿੰਘ, ਦੀਵਾਨ ਸਿੰਘ ਤੇ ਉਜਾਗਰ ਸਿੰਘ; ਰਲਾ ਸਿੰਘ ਦੇ ਤਾਏ ਦੇ ਤਿੰਨ ਪੁੱਤਰ ਨੇ। ਉਜਾਗਰ ਸਿੰਘ ਅਤੇ ਨਿਧਾਨ ਸਿੰਘ ਵਿਆਹੇ ਹੋਏ ਨੇ। ਉਜਾਗਰ ਦਾ ਪੁੱਤਰ ਪਿਆਰਾ ਸਿੰਘ ਬਾਰ੍ਹਾਂ ਕੁ ਵਰ੍ਹਿਆਂ ਦਾ ਏ।
‘ਤਾਇਆ, ਤੁਸੀਂ ਹੋਕਾ ਨਹੀਂ ਸੁਣਿਆ?’ ਰਲਾ ਸਿੰਘ ਥੋੜ੍ਹੇ ਗੁੱਸੇ ’ਚ ਪੁੱਛਦਾ ਏ।
“ਰਲਿਆ, ਅਸੀਂ ਪਿੰਡ ਨਈਂ ਛੱਡਣਾ।” ਤਾਇਆ ਬੋਲਦਾ ਏ।
‘ਕਿਉਂ?’ ਸਵਾਲ ਮਗਰੋਂ ਵੀ ਰਲਾ ਸਿੰਘ ਦਾ ਮੂੰਹ ਟੱਡਿਆ ਰਹਿੰਦਾ ਏ।
‘ਆਹ ਘਰ-ਬਾਰ, ਜ਼ਮੀਨ ਤੇ ਖੂਹ ਮੁੜ ਕਿੱਥੋਂ ਲੱਭਣੇ ਨੇ? ਨਾਲੇ ਸਾਡੀ ਇੱਕੋ-ਇੱਕ ਨਿਸ਼ਾਨੀ ਪਿਆਰੇ ਦਾ ਕੀ ਬਣੂੰ? ਰਾਹ ’ਚ ਪਤਾ ਨਹੀਂ ਕਿੰਨੇ ਹਮਲੇ ਹੋਣੇ ਨੇ।’ ਇਹ ਆਖ ਭਾਗ ਚੁੱਪ ਹੋ ਜਾਂਦਾ ਏ।
‘ਤਾਇਆ, ਭਲਾ ਇੱਥੇ ਕਿਵੇਂ ਰਹਿ ਲਓਗੇ ਤੁਸੀਂ? ਇਹ ਦੇਸ ਹੁਣ ਸਾਡਾ ਨਹੀਂ।’ ਰਲਾ ਸਿੰਘ ਹਿਰਖ਼ ’ਚ ਬੋਲਦਾ ਏ।
‘ਰਲਿਆ, ਮੁਸਲਮਾਨਾਂ ’ਚ ਬਹਿ ਕੇ ਨਿੱਤ ਹੁੱਕਾ ਪੀਂਦੇ ਆਂ। ਸ਼ਰਾਬ-ਮੀਟ ਪਹਿਲਾਂ ਤੋਂ ਹਰਾਮ ਕੀਤਾ ਹੋਇਆ। ਹਰ ਸਾਲ ਪੀਰਾਂ ਦਾ ਮੇਲਾ ਵੀ ਕਰਵਾਉਂਦੇ ਆਂ। ਸਾਨੂੰ ਦੀਨਦਾਰ ਹੁੰਦਿਆਂ ਕੋਈ ਹਿਰਖ ਨਹੀਂ। ਅੱਧੇ ਕੁ ਮੁਸਲਮਾਨ ਤਾਂ ਅਸੀਂ ਪਹਿਲਾਂ ਤੋਂ ਬਣੇ ਪਏ ਆਂ। ਬਸ ਕਲਮਾ ਪੜ੍ਹਨਾ ਏ ਤੇ ਨਾਂ ਬਦਲਣੇ ਨੇ। ਬਹੁਤੀ ਗੱਲ ਹੋਊ ਤਾਂ ਮਹਿੰਦੀ ਨਾਲ ਦਾੜ੍ਹੀਆਂ ਵੀ ਰੰਗ ਲਵਾਂਗੇ। ਜੇ ਫਿਰ ਵੀ ਕਿਸੇ ਮਾਰਨਾ ਹੋਊ ਤਾਂ ਮਾਰ ਦੇਵੇ। ਆਪਾਂ ਸੋਚ ਲਿਆ ਜੇ ਕਿ ਕੁਸ਼ ਵੀ ਹੋ ਜਾਏ, ਅਸੀਂ ਆਪਣੀ ਭਾਣੇਵਾਲੀ ਨਈਂ ਛੱਡਣੀ!’ ਭਾਗ ਭਰੀਆਂ ਅੱਖਾਂ ਨਾਲ ਨਿਰੰਤਰ ਬੋਲੀ ਜਾਂਦਾ ਏ।
ਰਲਾ ਸਿੰਘ ਆਪਣੀ ਤਾਈ, ਉਹਦੇ ਤਿੰਨੋਂ ਪੁੱਤਰਾਂ ਤੇ ਦੋਵੇਂ ਨੂੰਹਾਂ ਵੱਲ ਵੇਖਦਾ ਹੈ। ਉਹਨੂੰ ਆਸ ਹੁੰਦੀ ਹੈ ਕਿ ਉਨ੍ਹਾਂ ’ਚੋਂ ਕੋਈ ਜ਼ਰੂਰ ਬੋਲੇਗਾ, ਪਰ ਉਹ ਨੀਵੀਂ ਪਾਈ ਉਦਾਸ ਖੜੋਤੇ ਨੇ। ਬੁੱਤਾਂ ਵਾਂਗ। ਖ਼ਮੋਸ਼!
‘ਚੰਗਾ, ਅਲਵਿਦਾ!’ ਇਹ ਆਖ ਰਲਾ ਸਿੰਘ ਜਦੋਂ ਪਿਛਾਂਹ ਵੱਲ ਮੁੜਦਾ ਹੈ ਤਾਂ ਤਾਈ ਦਾ ਹੇਕ ਲਗਾ ਕੇ ਉਦਾਸ ਆਵਾਜ਼ ’ਚ ਕਿਹਾ ‘ਵਾਹਿਗੁਰੂ’ ਅਤੇ ਪਿਆਰਾ ਸਿੰਘ ਦੀ ਵਿਲਕਣੀ ਫ਼ਿਜ਼ਾ ’ਚ ਗੂੰਜਦੇ ਨੇ।
ਉਹ ਜਦੋਂ ਮੁੜ ਤੋਂ ਰੜੀ ’ਚ ਪਹੁੰਚਦੇ ਨੇ ਤਾਂ ਰਾਂਝਾ ਅਰਾਈਂ ਘੋੜੀ ’ਤੇ ਸਵਾਰ ਹੋਈ ਹਾਜ਼ਰ ਹੁੰਦਾ ਹੈ। ‘ਮੈਂ ਸਿਆਲਕੋਟ ਥਾਣੇ ’ਚ ਅਰਜ਼ ਕਰਨ ਜਾ ਰਿਹਾ ਕਿ ਅਸੀਂ ਆਪਣੇ ਸਰਦਾਰ ‘ਓਧਰ’ ਨਈਂ ਭੇਜਣੇ। ਤੁਸੀਂ ਮੇਰੇ ਮੁੜਨ ਦੀ ਉਡੀਕ ਕਰਨਾ।’ ਇਹ ਆਖ ਉਹ ਤੁਰ ਜਾਂਦਾ ਹੈ। ਉਹ ਸ਼ਾਮ ਤੱਕ ਉਹਦੀ ਉਡੀਕ ਕਰਦੇ ਨੇ। ਜਦੋਂ ਉਹ ਨਹੀਂ ਮੁੜਦਾ ਹੈ ਤਾਂ ਸਾਰੇ ਬਢਿਆਣੇ ਕੈਂਪ ਵੱਲ ਤੁਰ ਪੈਂਦੇ ਨੇ। ਰਾਹ ’ਚ ਲੁਟੇਰੇ ਘਾਤ ਲਾਈ ਬੈਠੇ ਨੇ। ਆਪਣੇ ਸਾਥੀਆਂ ਨਾਲ ਕੈਂਪ ਤੱਕ ਛੱਡਣ ਤੁਰਿਆ ਅਨੈਤਾ ਇਸਾਈ ਆਖਦਾ ਹੈ- ਸਰਦਾਰੋ, ਅਸੀਂ ਇੱਥੇ ਤੁਹਾਡੀ ਕੋਈ ਇਮਦਾਦ ਨਹੀਂ ਕਰ ਸਕਦੇ। ਪਿੰਡ ਚਲੋ, ਓਥੇ ਅਸੀਂ ਤੁਹਾਡੇ ਮੂਹਰੇ ਡਟ ਕੇ ਖਲੋ ਜਾਵਾਂਗੇ। ਉਹ ਪਿੰਡ ਨੂੰ ਮੁੜ ਆਉਂਦੇ ਨੇ। ਉਹ ਵੇਖਦੇ ਹਨ ਕਿ ਉਨ੍ਹਾਂ ਦੇ ਘਰ ਲੁੱਟੇ ਗਏ ਨੇ। ਹਵੇਲੀਆਂ ’ਚੋਂ ਡੰਗਰ ਵੀ ਗਾਇਬ ਨੇ। ਲੰਬੜਦਾਰ ਕੇਸਰ ਸਿੰਘ ਭਰੇ ਗਲੇ ਨਾਲ ਬੋਲਦਾ ਹੈ- ਓਏ ਪਿੰਡ ਵਾਲਿਓ, ਅਸੀਂ ਸਦੀਆਂ ਤੋਂ ਇਕੱਠੇ ਵੱਸਦੇ ਆਏ ਆਂ। ਸਾਨੂੰ ਕੈਂਪ ਤੱਕ ਤਾਂ ਪਹੁੰਚਣ ਦਿੰਦੇ। ਤੁਸੀਂ ਤਾਂ ਇੱਕ ਰਾਤ ਦੀ ਵੀ ਉਡੀਕ ਨਾ ਕੀਤੀ।
ਅਗਲੀ ਸਵੇਰ ਰਾਂਝਾ ਸ਼ਹਿਰੋਂ ਮੁੜਦਾ ਹੈ। ਉਹ ਦੱਸਦਾ ਹੈ ਕਿ ਉਹਦੀ ਗੱਲ ਸੁਣ ਕੇ ਥਾਣੇਦਾਰ ਬੋਲਿਆ-ਇਸ ਕਾਫ਼ਰ ਨੂੰ ਬੰਦ ਕਰ ਦਿਓ। ਪੁਲੀਸ ਉਹਨੂੰ ਕੁੱਟਦੀ ਹੈ ਤੇ ਪੂਰੀ ਰਾਤ ਥਾਣੇ ’ਚ ਡੱਕੀ ਰੱਖਦੀ ਹੈ। ਸਾਰੀ ਕਹਾਣੀ ਸੁਣਾ ਕੇ ਉਹ ਅੱਧ-ਰੋਂਦੀ ਆਵਾਜ਼ ’ਚ ਆਖਦਾ ਹੈ-ਸਰਦਾਰੋ, ਉਂਜ ਤਾਂ ਭਾਵੇਂ ਤੁਸੀਂ ਬੈਠੇ ਰਹਿੰਦੇ, ਪਰ ਹੁਣ ਤੁਹਾਡਾ ਰੁਕਣਾ ਮੁਸ਼ਕਲ ਏ। ਪਿੰਡ ਛੱਡਣ ਦੀ ਤਿਆਰੀ ਕਰ ਲਓ। ਹਮਲਾ ਕਿਸੇ ਵੇਲੇ ਵੀ ਹੋ ਸਕਦੈ।
ਓਧਰ ਬਢਿਆਣੇ ਕੈਂਪ ’ਚ ਜਦੋਂ ਭਾਣੇਵਾਲੀਏ ਨਹੀਂ ਪਹੁੰਚਦੇ ਤਾਂ ਪੀਰੋ ਚੱਕੀਆ ਸਰਦਾਰ ਅੱਠ-ਦਸ ਬੰਦੇ ਲੈ ਕੇ ਘੋੜੀਆਂ ’ਤੇ ਇਸ ਪਿੰਡ ਪਹੁੰਚ ਜਾਂਦਾ ਹੈ। ਗੁਰਬਚਨ ਸਿੰਘ ਘੁੰਮਣ ਉੱਚੀ ਆਵਾਜ਼ ’ਚ ਪੁੱਛਦਾ ਹੈ- ਤੁਸੀਂ ਆਪਣੀ ਮਰਜ਼ੀ ਨਾਲ ਰਹੇ ਹੋ ਕਿ ਤੁਹਾਨੂੰ ਕਿਸੇ ਨੇ ਡੱਕਿਆ ਏ? ਬੰਦਿਆਂ ਨੇ ਰਹਿਣਾ ਏ ਤਾਂ ਉਨ੍ਹਾਂ ਦੀ ਮਰਜ਼ੀ, ਪਰ ਅਸੀਂ ਘੁੰਮਣਾ ਦੀ ਕੋਈ ਕੁੜੀ ਇੱਥੇ ਨਹੀਂ ਜੇ ਰਹਿਣ ਦੇਣੀ।
ਰਲਾ ਸਿੰਘ ਆਖਦਾ ਹੈ-ਸਾਨੂੰ ਡੱਕਿਆ ਕਿਸੇ ਨਈਂ ਭਰਾਵੋ। ਅਸੀਂ ਤਾਂ ਹਮਲੇ ਦੇ ਡਰੋਂ ਪਿਛਾਂਹ ਪਰਤ ਆਏ ਆਂ। ਉਹ ਛੇਤੀਂ-ਛੇਤੀਂ ਘਰਾਂ ’ਚੋਂ ਨਿਕਲਣ ਦਾ ਹੁਕਮ ਦਿੰਦਾ ਹੈ। ਜਦੋਂ ਉਹ ਤੁਰਨ ਲੱਗਦੇ ਨੇ ਤਾਂ ਫਕੀਰ ਸਿੰਘ ਦੀ ਦੇਹ ਕੰਬਣ ਲੱਗ ਜਾਂਦੀ ਏ। ਉਹ ਸਤਾਰਾਂ-ਅਠਾਰਾਂ ਵਰ੍ਹਿਆਂ ਦਾ ਜਵਾਨ ਏ। ਉਹਨੂੰ ਚੁੱਕ ਕੇ ਲਿਜਾਣਾ ਵੀ ਮੁਸ਼ਕਿਲ ਏ। ਰਲਾ ਸਿੰਘ ਉਹਨੂੰ ਆਖਦਾ ਹੈ-ਮੈਂ ਤੈਨੂੰ ਬਢਿਆਣੇ ਕੈਂਪ ’ਚੋਂ ਆਣ ਕੇ ਲੈ ਜਾਵਾਂਗਾ। ਉਹਨੂੰ ਇੰਨਾ ਕੁ ਵੀ ਯਾਦ ਹੈ ਕਿ ਮਾਂ-ਪਿਓ ਅਤੇ ਭਰਾ ਉਹਦਾ ਮੱਥਾ ਚੁੰਮਦੇ ਨੇ ਤੇ ਸਿਸਕਦੇ ਹੋਏ ਘਰੋਂ ਬਾਹਰ ਹੋ ਜਾਂਦੇ ਨੇ। ਕੁਝ ਵਰ੍ਹੇ ਪਹਿਲਾਂ ਫਕੀਰ ਸਿੰਘ ਕੋਠੇ ਉੱਤੋਂ ਡਿੱਗ ਪਿਆ ਸੀ। ਸਿਰ ’ਚ ਲੱਗੀ ਗੁੱਝੀ ਸੱਟ ਕਾਰਨ ਉਹਨੂੰ ਦੌਰੇ ਪੈਣ ਲੱਗ ਪਏ ਸਨ। ਜਦੋਂ ਕਿਤੇ ਉਹ ਲੜਾਈ-ਝਗੜਾ ਵੇਖ ਲੈਂਦਾ ਤਾਂ ਉਹਦੀ ਦੇਹ ਪੱਤੇ ਵਾਂਗ ਕੰਬਣ ਲੱਗ ਜਾਂਦੀ। ਇਹ ਕੰਬਾਹਟ ਨਿਰੰਤਰ ਤੇਜ਼ ਹੁੰਦੀ ਰਹਿੰਦੀ ਤੇ ਆਖ਼ਰ ਉਹ ਬੇਹੋਸ਼ ਹੋ ਜਾਂਦਾ।
ਰਲਾ ਸਿੰਘ ਹੋਰੀਂ ਹਾਲੇ ਕੈਂਪ ’ਚ ਵੀ ਨਹੀਂ ਸਨ ਪਹੁੰਚੇ ਕਿ ਫਕੀਰ ਸਿੰਘ ਨੂੰ ਹੋਸ਼ ਆ ਗਿਆ ਸੀ। ਕੁਝ ਦੇਰ ਉਹ ਮੰਜੇ ’ਤੇ ਬੈਠਾ ਸੋਚਾਂ ’ਚ ਗੁੰਮ ਰਿਹਾ ਸੀ ਤੇ ਫਿਰ ਡਰਦਾ-ਡਰਦਾ ਦਰੋਂ ਬਾਹਰ ਨਿਕਲ ਗਿਆ ਸੀ। ਉਹਨੇ ਸੋਚਿਆ ਸੀ ਕਿ ਹਵੇਲੀ ’ਚ ਕੋਈ ਨਾ ਕੋਈ ਜੀਅ ਜ਼ਰੂਰ ਹੋਵੇਗਾ। ਓਥੇ ਜਾ ਕੇ ਉਹਨੇ ਵੇਖਿਆ ਕਿ ਬਸ ਇੱਕ ਮਾਰਖੰਡਾ ਬਲ਼ਦ ਖੜ੍ਹਾ ਸੀ ਜਿਹਨੂੰ ਉਹਦੇ ਦੋਵੇਂ ਛੋਟੇ ਭਰਾ ਹੀ ਖੋਲ੍ਹ ਸਕਦੇ ਸਨ।
ਨਿਰਾਸ਼ ਹੁੰਦਿਆਂ ਉਹ ਟਾਹਲੀ ਨਾਲ ਢਾਸਣਾ ਲਗਾ ਕੇ ਬੈਠ ਗਿਆ। ਸ਼ਾਮ ਢਲੇ ਰਾਂਝਾ ਆਇਆ ਤੇ ਉਹਨੂੰ ਪਤਿਆ ਕੇ ਦੀਵਾਨ ਸਿੰਘ ਹੋਰਾਂ ਦੇ ਘਰ ਲੈ ਗਿਆ। ਉਨ੍ਹਾਂ ਵੱਲ ਵੇਖਦਿਆਂ ਫਕੀਰ ਸਿੰਘ ਹੈਰਾਨ ਹੋ ਗਿਆ। ਉਨ੍ਹਾਂ ਸਾਰਿਆਂ ਦੇ ਹੁਲੀਏ ਬਦਲੇ ਹੋਏ ਸਨ। ਫਕੀਰ ਸਿੰਘ ਵੱਲ ਵੇਖਦਿਆਂ ਉਹ ਵੀ ਹੈਰਾਨ ਹੋ ਗਏ ਸਨ। ਭਾਗ ਦਾ ਵੱਡਾ ਪੁੱਤਰ ਉਜਾਗਰ ਸਿੰਘ ਬੋਲਿਆ ਸੀ-ਤੂੰ ਇੱਥੇ ਕਾਤ੍ਵੋਂ ਰਹਿ ਗਿਆਂ, ਓਏ ਫਕੀਰਿਆ?
ਫਕੀਰ ਸਿੰਘ ਨੇ ਸਾਰੀ ਕਹਾਣੀ ਸੁਣਾਈ। ਭਾਗ ਉਦਾਸ ਸੁਰ ’ਚ ਬੋਲਿਆ-ਮਿਸਤਰੀ ਗੁਲਾਮ ਰਸੂਲ ਤੇ ਫੀਦਾ ਹਜ਼ਾਮ ਚੌਧਰੀ ਬਣ ਗਏ ਨੇ। ਇਨ੍ਹਾਂ ਵੀ ਆਪਣਾ ਜਥਾ ਬਣਾ ਲਿਆ ਏ। ਸਾਰਾ ਪਿੰਡ ਇਨ੍ਹਾਂ ਹੀ ਲੁੱਟਿਆ ਏ। ਅਸੀਂ ਤਾਂ ਕੱਲ੍ਹ ਕਲਮਾ ਵੀ ਪੜ੍ਹ ਲਿਆ, ਪਰ ਉਨ੍ਹਾਂ ਸਾਨੂੰ ਵੀ ਨਹੀਂ ਬਖ਼ਸ਼ਿਆ। ਸਾਡੀ ਹਵੇਲੀ ’ਚੋਂ ਵੀ ਡੰਗਰ ਖੋਲ੍ਹ ਕੇ ਲੈ ਗਏ। ਇੱਥੋਂ ਤੱਕ ਕਿ ਸਾਡੀਆਂ ਅੱਖਾਂ ਸਾਹਮਣੇ ਏਸ ਘਰ ’ਚੋਂ ਚੰਗਾ-ਚੰਗਾ ਸਾਮਾਨ ਚੁੱਕ ਕੇ ਲੈ ਗਏ ਨੇ। ਰਲਾ ਸਹੀ ਕਹਿੰਦਾ ਸੀ। ਪਰ ਹੁਣ ਪਛਤਾਉਣ ਦਾ ਕੀ ਫਾਇਦਾ? ਤੂੰ ਰੋਟੀ ਖਾ ਕੇ ਇੱਥੋਂ ਨਿਕਲ ਜਾ। ਉਹ ਮੁੜ ਕਿਸੇ ਵਕਤ ਵੀ ਆ ਸਕਦੇ ਨੇ।
ਫਕੀਰ ਸਿੰਘ ਨੇ ਰੋਟੀ ਖਾਧੀ ਤੇ ਮੁੜ ਤੋਂ ਆਪਣੀ ਹਵੇਲੀ ’ਚ ਜਾ ਬੈਠਾ।
ਜਦੋਂ ਚੁਫ਼ੇਰੇ ਮੌਤ ਮੰਡਰਾਉਣ ਲੱਗੀ ਤਾਂ ਭਾਗ ਦੇ ਟੱਬਰ ਨੂੰ ਚੌਧਰੀ ਲਾਲ ਯਾਦ ਆਇਆ। ਉਹ ਇਨ੍ਹਾਂ ਦਾ ਦੂਰ-ਨੇੜਿਓਂ ਰਿਸ਼ਤੇਦਾਰ ਸੀ ਤੇ ਵੀਹ ਕੁ ਵਰ੍ਹੇ ਪਹਿਲਾਂ ਮੁਸਲਮਾਨ ਹੋ ਗਿਆ ਸੀ। ਉਹਦਾ ਵੱਡਾ ਭਰਾ ਸਿੱਖ ਸੀ ਤੇ ਹਿੰਦੋਸਤਾਨ ਵੱਲ ਤੁਰ ਗਿਆ ਸੀ। ਇਲਾਕੇ ’ਚ ਇਸ ਟੱਬਰ ਦੀ ਪੂਰੀ ਟੌਹਰ ਸੀ। ਜਦੋਂ ਇਨ੍ਹਾਂ ਦੀ ਮਾਂ ਮੋਈ ਸੀ ਤਾਂ ਮੁਸਲਮਾਨ ਅਤੇ ਸਿੱਖ ਦੋਵਾਂ ਪੁੱਤਰਾਂ ਨੇ ਸਾਂਝਾ ਇਕੱਠ ਕੀਤਾ ਸੀ। ਮੁਸਲਮਾਨ ਪੁੱਤਰ ਆਪਣੇ ਘਰ ਮੂਹਰੇ ਖੜ੍ਹਾ ਸੀ ਤੇ ਆਉਂਦੇ ਜਾਂਦੇ ਨੂੰ ਆਖਦਾ ਸੀ-ਅਗਰ ਹਲਾਲ ਖਾਣਾ ਹੈ ਤਾਂ ਇੱਧਰ ਆਓ। ਨਹੀਂ ਖਾਣਾ ਤਾਂ ਵੱਡੇ ਭਾਈ ਦੇ ਘਰ ਚਲੇ ਜਾਓ।
ਅੱਧੀ ਰਾਤੀਂ ਦੀਵਾਨ ਸਿੰਘ ਦਬੁਰਜੀ ਵਿਰਕਾਂ ਗਿਆ। ਉਹਨੇ ਚੌਧਰੀ ਲਾਲ ਨੂੰ ਆਪਣੀ ਸਾਰੀ ਦਰਦ-ਕਹਾਣੀ ਸੁਣਾਈ। ਉਹਦੇ ਅੱਠ ਪੁੱਤਰ ਸਨ। ਦਿਨ ਚੜ੍ਹਦੇ ਨੂੰ ਉਹਨੇ ਕੁਝ ਬੰਦੇ ਹੋਰ ਨਾਲ ਲਏ ਤੇ ਬੰਦੂਕ ਚੁੱਕੀ ਭਾਣੇਵਾਲੀ ਪਹੁੰਚ ਗਿਆ। ਉਹਨੇ ਗਰਜ ਕੇ ਆਖਿਆ-ਜੇ ਕਿਸੇ ਨੇ ਭਾਗ ਹੋਰਾਂ ਦੇ ਕਿਸੇ ਜੀਅ ਵੱਲ ਅੱਖ ਚੁੱਕ ਕੇ ਵੇਖਿਆ ਤਾਂ ਮੈਂ ਉਹਦੀਆਂ ਅੱਖਾਂ ਕੱਢ ਦੇਣੀਆਂ ਨੇ। ਸ਼ਾਮ ਤੱਕ ਇਨ੍ਹਾਂ ਦੇ ਖੁੰਢਾਂ ’ਤੇ ਡੰਗਰ ਬੱਝ ਜਾਣੇ ਚਾਹੀਦੇ ਨੇ ਤੇ ਹੋਰ ਸਾਮਾਨ ਵੀ ਮੁੜ ਜਾਣਾ ਚਾਹੀਦਾ ਏ।
ਸ਼ਾਮ ਤੱਕ ਭਾਗ ਹੋਰਾਂ ਦੇ ਡੰਗਰ ਤੇ ਹੋਰ ਸਾਮਾਨ ਮੁੜ ਆਇਆ ਸੀ।
ਚੌਧਰੀ ਲਾਲ ਕਰਕੇ ਗੁਲਾਮ ਰਸੂਲ ਹੋਰੀਂ ਥੋੜ੍ਹਾ ਸ਼ਾਂਤ ਹੋ ਗਏ। ਭਾਗ ਹੋਰੀਂ ਆਪਣੇ ਖੇਤਾਂ ’ਚ ਵੀ ਜਾਣ ਲੱਗ ਪਏ। ਫਕੀਰ ਸਿੰਘ ਦੀਆਂ ਦੋ ਭੈਣਾਂ ਸਾਹੋਵਾਲੇ ਪਿੰਡ ’ਚ ਵਿਆਹੀਆਂ ਹੋਈਆਂ ਸਨ। ਫਕੀਰ ਸਿੰਘ ਕਦੇ ਸਾਹੋਵਾਲੇ ਜਾਂਦਾ ਅਤੇ ਕਦੇ ਘਰ ਵੱਲ ਗੇੜਾ ਮਾਰਦਾ। ਜਦੋਂ ਉਹਨੂੰ ਕਿਸੇ ਪਾਸੇ ਕੋਈ ਜਾਣ-ਪਛਾਣ ਵਾਲਾ ਨਾ ਮਿਲਦਾ ਤਾਂ ਉਹ ਨਿਰਾਸ਼ ਹੋ ਕੇ ਆਪਣੀ ਹਵੇਲੀ ਆ ਜਾਂਦਾ। ਪਿਆਰੂ ਸਵੇਰ-ਸ਼ਾਮ ਉਹਦੇ ਵਾਸਤੇ ਰੋਟੀ ਲੈ ਕੇ ਆਉਂਦਾ। ਅਨੈਤਾ ਢੱਗੇ ਨੂੰ ਦੋ ਵਕਤ ਪੱਠੇ ਪਾ ਜਾਂਦਾ। ਫਕੀਰ ਸਿੰਘ ਬਹੁਤਾ ਵਕਤ ਆਪਣੀ ਹਵੇਲੀ ਅੰਦਰ ਗੁਜ਼ਾਰਦਾ। ਭਾਗ ਹੋਰਾਂ ਤੋਂ ਬਾਅਦ ਉਹਨੂੰ ਵੱਡਾ ਆਸਰਾ ਰਾਂਝੇ ਅਰਾਈਂ ਦਾ ਸੀ। ਉਹ ਉਹਨੂੰ ਬਢਿਆਣੇ ਕੈਂਪ ਤੱਕ ਛੱਡ ਕੇ ਆਉਣਾ ਚਾਹੁੰਦਾ ਸੀ, ਪਰ ਫਕੀਰ ਸਿੰਘ ਉਹਦੀ ਗੱਲ ਨਹੀਂ ਸੀ ਮੰਨਦਾ।
ਰਾਂਝਾ ਅਰਾਂਈ ਗੁਲਾਮ ਰਸੂਲ ਹੋਰਾਂ ਦੀ ਨਜ਼ਰ ’ਚ ਬਹੁਤ ਵੱਡਾ ‘ਗੁਨਾਹਗਾਰ’ ਸੀ। ਉਹ ‘ਕਾਫ਼ਿਰਾਂ’ ਦੀ ਮਦਦ ਕਰਦਾ ਰਿਹਾ ਸੀ। ਇੱਕ ਦਿਨ ਉਹ ਰਾਂਝੇ ਨੂੰ ਮਾਰਨ ਲਈ ਉਹਦੇ ਲੁਹਾਣੀ ਵਾਲੇ ਖੂਹ ’ਤੇ ਪਹੁੰਚ ਗਏ। ਰਾਂਝਾ ਟਿੰਡਾਂ ਰਾਹੀਂ ਖੂਹ ’ਚ ਉੱਤਰ ਗਿਆ। ਗੁਲਾਮ ਰਸੂਲ ਨੇ ਉੱਪਰੋਂ ਤਲਵਾਰ ਮਾਰੀ। ਰਾਂਝਾ ਆਪ ਤਾਂ ਬਚ ਗਿਆ, ਪਰ ਉਹਦਾ ਹੱਥ ਵੱਢਿਆ ਗਿਆ।
ਇੱਕ ਸ਼ਾਮ ਗੁਲਾਮ ਰਸੂਲ ਦੀ ‘ਟੋਲੀ’ ਫਕੀਰ ਸਿੰਘ ਹੋਰਾਂ ਦੀ ਹਵੇਲੀ ’ਚੋਂ ਢੱਗਾ ਖੋਲ੍ਹਣ ਆ ਗਈ। ਫਕੀਰ ਸਿੰਘ ਉਨ੍ਹਾਂ ਦੀਆਂ ਛਵੀਆਂ ਮੂਹਰੇ ਛਾਤੀ ਤਾਣ ਕੇ ਖੜੋ ਗਿਆ। ਗੁਲਾਮ ਰਸੂਲ ਨੇ ਬਰਛੀ ਉਹਦੇ ਢਿੱਡ ਦੇ ਆਰ-ਪਾਰ ਕਰ ਦਿੱਤੀ।
ਹਿੰਦੋਸਤਾਨ ਆ ਕੇ ਭਾਣੇਵਾਲੀਏ ਘੁੰਮਣ ਕਈ ਮਹੀਨੇ ਵੱਸਦੇ ਤੇ ਉੱਜੜਦੇ ਰਹੇ। ਆਖ਼ਰ ਉਹ ਜਲੰਧਰ ਦੇ ਪਿੰਡ ਲਾਹਦੜੇ ’ਚ ਪੱਕੇ ਤੌਰ ’ਤੇ ਟਿਕ ਗਏ। ਉਦੋਂ ਤੱਕ ਭਾਣੇਵਾਲੀ ਵੱਸਦੇ ਉਨ੍ਹਾਂ ਦੇ ਸਕੇ-ਸੋਧਰਿਆਂ ਦੇ ਦੀਨ ਬਦਲ ਗਏ ਸਨ। ਪਿਆਰਾ ਸਿੰਘ ਮੁਹਮੰਦ ਲਤੀਫ਼, ਉਜਾਗਰ ਸਿੰਘ ਨਵਾਬ ਦੀਨ ਤੇ ਦੀਵਾਨ ਸਿੰਘ ਜਲਾਲਦੀਨ ਹੋ ਗਿਆ ਸੀ। ਉਦੋਂ ਤੱਕ ਤਾਂ ਫਕੀਰ ਸਿੰਘ ਦੀ ‘ਮਿੱਟੀ’ ’ਤੇ ਘਾਹ ਉੱਗ ਆਇਆ ਸੀ।
ਰਲਾ ਸਿੰਘ ਨੇ ਲੰਬੜਦਾਰ ਹਜ਼ਾਰਾ ਸਿੰਘ ਕੋਲੋਂ ਦੀਵਾਨ ਸਿੰਘ ਦੇ ਨਾਂ ਖ਼ਤ ਲਿਖਵਾਇਆ। ਉਸ ਖ਼ਤ ’ਚ ਉਹਨੇ ਗੁਜਾਰਿਸ਼ ਕੀਤੀ ਕਿ ਉਹ ਫਕੀਰ ਸਿੰਘ ਨੂੰ ਕਿਸੇ ਨਾ ਕਿਸੇ ਹੀਲੇ ਹਿੰਦੋਸਤਾਨ ਭੇਜ ਦੇਣ। ਜਵਾਬ ’ਚ ਜਲਾਲਦੀਨ ਦਾ ‘ਪਾਟਿਆ’ ਖ਼ਤ ਆਇਆ। ਉਸ ਖ਼ਤ ’ਚ ਫਕੀਰ ਸਿੰਘ ਦੀ ਮੌਤ ਦੀ ਸਾਰੀ ਤਫ਼ਸੀਲ ਉਕਰੀ ਹੋਈ ਸੀ। ਇਸ ਮਨਹੂਸ ਖ਼ਤ ਤੋਂ ਬਾਅਦ ਰਲਾ ਸਿੰਘ ਦੇ ਘਰ ਸੱਥਰ ਵਿਛਿਆ। ਸਾਰੇ ਪਿੰਡ ਨੇ ਅਫ਼ਸੋਸ ਕੀਤਾ ਤੇ ਗੁਲਾਮ ਰਸੂਲ ਨੂੰ ਲਾਹਣਤਾਂ ਪਾਈਆਂ। ਚਿੱਠੀਆਂ ਦਾ ਇਹ ਸਿਲਸਿਲਾ ਮਸਾਂ ਚਾਰ ਕੁ ਵਰ੍ਹੇ ਚੱਲਿਆ। ਫਿਰ ਭਾਣੇਵਾਲੀਏ ਤੇ ਲਾਹਦੜੀਏ ਆਪੋ-ਆਪਣੀ ‘ਦੁਨੀਆ’ ’ਚ ਮਸਰੂਫ਼ ਹੋ ਗਏ। ਅੰਦਾਜ਼ਨ ਅੱਠ ਕੁ ਵਰ੍ਹੇ ਬਾਅਦ ਭਾਣੇਵਾਲੀ ਦਾ ਕੋਈ ਮੁਸਲਮਾਨ ‘ਇੱਧਰ’ ਆਇਆ। ਪਠਾਨਕੋਟ ’ਚ ਭਾਣੇਵਾਲੀ ਦਾ ਇੱਕ ਰਸੂਖ਼ਦਾਰ ਮਹਿਰਾ ਪਰਿਵਾਰ ਵੱਸਦਾ ਸੀ। ਉਹ ਮੁਸਲਮਾਨ ਕੁਝ ਦਿਨ ਤਾਂ ਓਥੇ ਰਿਹਾ ਤੇ ਫਿਰ ਗਰਾਈਆਂ ਨੂੰ ਮਿਲਣ ਵਾਸਤੇ ਲਾਹਦੜੇ ਆ ਗਿਆ। ਸਾਰਾ ਪਿੰਡ ਉਹਨੂੰ ਤਪਾਕ ਨਾਲ ਮਿਲਿਆ। ਉਸ ਕੋਲੋਂ ਭਾਗਕਿਆਂ, ਆਪਣੇ ਘਰਾਂ, ਖੂਹਾਂ ਤੇ ਰਾਂਝੇ ਅਰਾਈਂ ਦਾ ਹਾਲ-ਚਾਲ ਪੁੱਛਿਆ। ਉਹ ਹਰ ਸਵਾਲ ਦਾ ਨਿੱਕਾ-ਨਿੱਕਾ ਜਵਾਬ ਦਿੰਦਾ ਰਿਹਾ।
‘ਇੱਕ ਦਿਨ ਉਹਦੀ ਰੋਟੀ ਸਾਡੇ ਘਰ ਵੀ ਸੀ…।’ ਭਾਣੇਵਾਲੀ ਦੀ ਕਹਾਣੀ ਸੁਣਾਉਣ ਵਾਲਾ ਕਸ਼ਮੀਰ ਸਿੰਘ ਘੁੰਮਣ ਬੋਲਿਆ।
“…ਅਸੀਂ ਉਹਦੀ ਬਣਦੀ-ਸਰਦੀ ਸੇਵਾ ਕੀਤੀ। ਫਿਰ ਉਹ ਸਰਹਿੰਦ ਸ਼ਰੀਫ਼ ਚਲਾ ਗਿਆ ਸੀ। ਭਾਣੇਵਾਲੀ ਜਾ ਕੇ ਉਹਨੇ ਸਾਰੇ ਪਿੰਡ ਨੂੰ ਦੱਸਿਆ ਸੀ ਕਿ ਸਾਡੇ ਜੱਟ ਬੜੇ ਸੁਖੀ ਵੱਸਦੇ ਨੇ!’ ਇਹ ਆਖ ਕਸ਼ਮੀਰ ਸਿੰਘ ਨੇ ਠੰਢਾ ਅਤੇ ਡੂੰਘਾ ਹਉਕਾ ਭਰਿਆ।
‘ਉਹ ਮੁਸਲਮਾਨ ਕੌਣ ਸੀ?’ ਮੈਂ ਆਖ਼ਰੀ ਸਵਾਲ ਕੀਤਾ।
‘ਉਹ…।’ ਕਸ਼ਮੀਰ ਸਿੰਘ ਉਦਾਸ ਜਿਹਾ ਮੁਸਕਰਾਇਆ।
‘…ਮਿਸਤਰੀ ਗੁਲਾਮ ਰਸੂਲ ਸੀ। ਸਾਡੇ ਫਕੀਰ ਸਿੰਘ ਦਾ ਕਾਤਲ! ਪਰ ਅਸੀਂ ਉਹਨੂੰ ਪਤਾ ਨਈਂ ਸੀ ਲੱਗਣ ਦਿੱਤਾ ਕਿ ਸਾਨੂੰ ਸਾਰੀ ਕਹਾਣੀ ਪਤਾ ਏ। ਆਖ਼ਰ ਉਹ ਗਰਾਈਂ ਸੀ!’ ਇਹ ਆਖਦਿਆਂ ਫਕੀਰ ਸਿੰਘ ਦੇ ਛੋਟੇ ਭਾਈ ਦੀਆਂ ਅੱਖਾਂ ਛਲਕ ਗਈਆਂ ਸਨ।
ਸੰਪਰਕ: 97818-43444