ਪ੍ਰਿੰਸੀਪਲ ਵਿਜੈ ਕੁਮਾਰ
ਨਰਿੰਦਰ ਦੇ ਸਕੂਲ ਵਿੱਚ ਦੀਵਾਲੀ ਦੇ ਤਿਉਹਾਰ ਤੋਂ ਦੋ-ਤਿੰਨ ਦਿਨ ਪਹਿਲਾਂ ਬੱਚਿਆਂ ਨੂੰ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਕਿਸੇ ਨਾ ਕਿਸੇ ਢੰਗ ਨਾਲ ਇਹ ਸੁਨੇਹਾ ਜ਼ਰੂਰ ਦਿੰਦੇ ਸਨ ਕਿ ਦੀਵਾਲੀ ਦਾ ਤਿਉਹਾਰ ਕਿਵੇਂ ਮਨਾਉਣਾ ਹੈ। ਚਾਰਟ, ਲੇਖ, ਕਹਾਣੀ, ਭਾਸ਼ਣ ਅਤੇ ਕਵਿਤਾ ਮੁਕਾਬਲੇ ਰਾਹੀਂ ਬੱਚਿਆਂ ਨੂੰ ਇਹ ਸੁਨੇਹਾ ਦਿੱਤਾ ਜਾਂਦਾ ਸੀ ਕਿ ਪਟਾਖੇ ਚਲਾਓ, ਮੋਮਬੱਤੀਆਂ ਅਤੇ ਦੀਵੇ ਬਾਲੋ, ਪਰ ਵਾਤਾਵਰਣ ਦਾ ਧਿਆਨ ਜ਼ਰੂਰ ਰੱਖੋ। ਸਕੂਲ ਦੇ ਬੱਚਿਆਂ ਤੋਂ ਇਹ ਵਾਅਦਾ ਜ਼ਰੂਰ ਲਿਆ ਜਾਂਦਾ ਸੀ ਕਿ ਉਹ ਦੀਵਾਲੀ ਦਾ ਤਿਉਹਾਰ ਮਨਾਉਂਦੇ ਹੋਏ ਵਾਤਾਵਰਣ ਦਾ ਧਿਆਨ ਜ਼ਰੂਰ ਰੱਖਣਗੇ।
ਇਸ ਵਰ੍ਹੇ ਦੀ ਦੀਵਾਲੀ ’ਤੇ ਸਕੂਲ ਵੱਲੋਂ ਕਹਾਣੀ ਮੁਕਾਬਲਾ ਕਰਵਾਇਆ ਗਿਆ ਸੀ। ਉਸ ਕਹਾਣੀ ਮੁਕਾਬਲੇ ਵਿੱਚ ਵੀ ਬੱਚਿਆਂ ਨੇ ਸਕੂਲ ਦੇ ਬੱਚਿਆਂ ਨੂੰ ਦੀਵਾਲੀ ’ਤੇ ਵਾਤਾਵਰਣ ਦਾ ਧਿਆਨ ਰੱਖਣਾ ਦਾ ਸੁਨੇਹਾ ਦਿੱਤਾ ਸੀ। ਨਰਿੰਦਰ ਆਪਣੇ ਪ੍ਰਿੰਸੀਪਲ ਅਤੇ ਅਧਿਆਪਕ ਦਾ ਸੁਨੇਹਾ ਸੁਣ ਤਾਂ ਲੈਂਦਾ ਸੀ। ਉਹ ਕਿਸੇ ਨਾ ਕਿਸੇ ਮੁਕਾਬਲੇ ਵਿੱਚ ਭਾਗ ਵੀ ਲੈਂਦਾ ਸੀ, ਪਰ ਉਹ ਦਿੱਤੀ ਨਸੀਹਤ ’ਤੇ ਅਮਲ ਨਹੀਂ ਕਰਦਾ ਸੀ। ਉਹ ਜਿਸ ਸ਼ਹਿਰ ਵਿੱਚ ਰਹਿੰਦਾ ਸੀ, ਉਸ ਵਿੱਚ ਪ੍ਰਦੂਸ਼ਣ ਵੀ ਬਹੁਤ ਸੀ, ਪਰ ਫੇਰ ਵੀ ਉਹ ਪਟਾਖੇ ਬਹੁਤ ਚਲਾਉਂਦਾ ਸੀ। ਜੇਕਰ ਉਸ ਦੇ ਪਾਪਾ-ਮੰਮੀ, ਦਾਦਾ ਜੀ ਅਤੇ ਵੱਡੇ ਭੈਣ ਜੀ ਉਸ ਨੂੰ ਜ਼ਿਆਦਾ ਪਟਾਖੇ ਚਲਾਉਣ ਤੋਂ ਰੋਕਦੇ ਸੀ ਤਾਂ ਗੁੱਸੇ ਹੋ ਜਾਂਦਾ ਸੀ।
ਦੀਵਾਲੀ ਦੇ ਤਿਉਹਾਰ ਤੋਂ ਦੋ ਦਿਨ ਪਹਿਲਾਂ ਉਹ ਆਪਣੇ ਦੋਸਤਾਂ ਨਾਲ ਸਕੂਲ ਤੋਂ ਘਰ ਨੂੰ ਆ ਰਿਹਾ ਸੀ। ਉਸ ਦੇ ਕੁਝ ਦੋਸਤ ਕਹਿ ਰਹੇ ਸਨ ਕਿ ਉਹ ਦੀਵਾਲੀ ਵਾਲੇ ਦਿਨ ਬਹੁਤ ਘੱਟ ਪਟਾਖੇ ਚਲਾਉਣਗੇ ਤੇ ਦੀਵੇ ਅਤੇ ਮੋਮਬੱਤੀਆਂ ਵੀ ਬਹੁਤ ਘੱਟ ਜਲਾਉਣਗੇ ਕਿਉਂਕਿ ਉਨ੍ਹਾਂ ਨੇ ਅਧਿਆਪਕ ਦੀ ਗੱਲ ਮੰਨ ਕੇ ਆਪਣੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਹੈ। ਉਨ੍ਹਾਂ ਬੱਚਿਆਂ ਦੀ ਗੱਲ ਸੁਣ ਕੇ ਨਰਿੰਦਰ ਅਤੇ ਉਸ ਦੇ ਨਾਲ ਦੇ ਕੁਝ ਬੱਚਿਆਂ ਨੇ ਕਿਹਾ ਕਿ ਅਧਿਆਪਕ ਤਾਂ ਐਵੇਂ ਕਹਿੰਦੇ ਰਹਿੰਦੇ ਨੇ, ਪਟਾਖੇ ਚਲਾਉਣ ਲਈ ਤਾਂ ਹੁੰਦੇ ਨੇ। ਮੋਮਬੱਤੀਆਂ ਅਤੇ ਦੀਵੇ ਜਿੰਨੇ ਵੱਧ ਤੋਂ ਵੱਧ ਬਾਲੋ, ਘਰ ਦੀ ਸ਼ਾਨ ਓਨੀ ਵੱਧ ਹੁੰਦੀ ਹੈ। ਦੀਵਾਲੀ ਦਾ ਤਿਉਹਾਰ ਤੀਜੇ ਦਿਨ ਸੀ। ਉਹ ਮਨ ਵਿੱਚ ਸੋਚ ਰਿਹਾ ਸੀ ਕਿ ਉਹ ਆਪਣੇ ਪਾਪਾ ਅਤੇ ਦਾਦਾ ਜੀ ਦੋਹਾਂ ਤੋਂ ਅੱਡ ਅੱਡ ਪੈਸੇ ਲੈ ਕੇ ਪਿਛਲੇ ਸਾਲ ਨਾਲੋਂ ਵੀ ਵੱਧ ਪਟਾਖੇ ਲੈ ਕੇ ਆਵੇਗਾ। ਜੇਕਰ ਕਿਸੇ ਨੇ ਮੈਨੂੰ ਪਟਾਖੇ ਲੈਣ ਲਈ ਪੈਸੇ ਨਹੀਂ ਦਿੱਤੇ ਤਾਂ ਮੈਂ ਰੁੱਸ ਜਾਵਾਂਗਾ। ਰੋਟੀ ਨਹੀਂ ਖਾਵਾਂਗਾ।
ਉਸ ਨੇ ਸੌਣ ਤੋਂ ਪਹਿਲਾਂ ਆਪਣੇ ਦਾਦਾ ਜੀ ਅਤੇ ਪਾਪਾ ਤੋਂ ਵਾਅਦਾ ਕਰਵਾ ਲਿਆ ਕਿ ਉਹ ਉਸ ਨੂੰ ਉਸ ਦੀ ਇੱਛਾ ਅਨੁਸਾਰ ਪਟਾਖੇ ਖ਼ਰੀਦਣ ਲਈ ਪੈਸੇ ਜ਼ਰੂਰ ਦੇਣਗੇ। ਉਹ ਸਵੇਰੇ ਜਲਦੀ ਉੱਠ ਕੇ ਤਿਆਰ ਹੋ ਕੇ ਆਪਣੇ ਪਾਪਾ ਨੂੰ ਨਾਲ ਲੈ ਕੇ ਅਤੇ ਦਾਦਾ ਜੀ ਤੋਂ ਲਏ ਗਏ ਪੈਸਿਆਂ ਦੇ ਪਟਾਖੇ ਲੈਣ ਚਲਾ ਗਿਆ। ਉਹ ਆਪਣੇ ਪਾਪਾ ਦੇ ਕਹਿਣ ਦੇ ਬਾਵਜੂਦ ਪਿਛਲੇ ਸਾਲ ਨਾਲੋਂ ਵੀ ਵੱਧ ਪਟਾਖੇ ਖ਼ਰੀਦ ਲਿਆਇਆ। ਜਿਵੇਂ ਹੀ ਸ਼ਾਮ ਦਾ ਵੇਲਾ ਹੋਇਆ, ਉਸ ਦੇ ਕਈ ਦੋਸਤ ਉਸ ਨੂੰ ਨਾਲ ਲੈ ਕੇ ਪਟਾਖੇ ਚਲਾਉਣ ਲੱਗ ਪਏ। ਥੋੜ੍ਹੀ ਦੇਰ ਮਗਰੋਂ ਇੱਕ ਬੱਚਾ ਦੌੜਦਾ ਹੋਇਆ ਆਇਆ। ਉਸ ਨੇ ਨਰਿੰਦਰ ਦੇ ਪਾਪਾ ਨੂੰ ਕਿਹਾ, ‘ਅੰਕਲ, ਨਰਿੰਦਰ ਬੇਹੋਸ਼ ਹੋ ਕੇ ਡਿੱਗ ਪਿਆ ਹੈ।’
ਨਰਿੰਦਰ ਦੇ ਪਾਪਾ ਘਬਰਾਏ ਹੋਏ ਉਸ ਥਾਂ ’ਤੇ ਪਹੁੰਚੇ ਜਿੱਥੇ ਉਹ ਬੇਹੋਸ਼ ਪਿਆ ਸੀ। ਨਰਿੰਦਰ ਨੂੰ ਸਭ ਕੁਝ ਸੁਣ ਰਿਹਾ ਸੀ, ਪਰ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ। ਉਸ ਨੂੰ ਸਾਹ ਲੈਣ ਵਿੱਚ ਵੀ ਔਖ ਹੋ ਰਹੀ ਸੀ। ਉਸ ਦੀਆਂ ਅੱਖਾਂ ਸਾਹਮਣੇ ਸੁੱਕੇ ਹੋਏ ਰੁੱਖਾਂ, ਮੁਰਝਾਏ ਹੋਏ ਫੁੱਲਾਂ ਦੇ ਪੌਦੇ, ਧੂੰਏਂ ਨਾਲ ਭਰਿਆ ਹੋਇਆ ਆਸਮਾਨ ਅਤੇ ਹਸਪਤਾਲ ਵਿੱਚ ਪਏ ਸਾਹ ਦੇ ਰੋਗੀਆਂ ਦੇ ਦ੍ਰਿਸ਼ ਆ ਰਹੇ ਸਨ। ਉਸ ਨੂੰ ਕੁਦਰਤ ਉਦਾਸ ਲੱਗ ਰਹੀ ਸੀ। ਉਸ ਦੇ ਪਾਪਾ ਉਸ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਨੇ ਨਰਿੰਦਰ ਨੂੰ ਚੈੱਕ ਕਰਨ ਤੋਂ ਬਾਅਦ ਕਿਹਾ ਕਿ ਬੱਚਾ ਛੋਟਾ ਹੈ। ਇਸ ਦੇ ਅੰਦਰ ਪਟਾਖਿਆਂ ਦਾ ਧੂੰਆਂ ਚਲਾ ਗਿਆ ਹੈ। ਇਸ ਨੂੰ ਥੋੜ੍ਹੀ ਦੇਰ ਬਾਅਦ ਹੋਸ਼ ਆ ਜਾਵੇਗਾ, ਪਰ ਇਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਕਈ ਦਿਨ ਲੱਗ ਜਾਣਗੇ। ਨਰਿੰਦਰ ਡਾਕਟਰ ਦੀਆਂ ਗੱਲਾਂ ਸੁਣ ਕੇ ਉੱਚੀ ਉੱਚੀ ਰੋਂਦਾ ਹੋਇਆ ਕਹਿ ਰਿਹਾ ਸੀ ਕਿ ਉਹ ਨਵੰਬਰ ਮਹੀਨੇ ਵਿੱਚ ਹੋਣ ਵਾਲੀ ਪ੍ਰੀਖਿਆ ਕਿਵੇਂ ਦੇਵੇਗਾ?
ਉਸ ਦੀ ਰੋਂਦੇ ਹੋਏ ਦੀ ਆਵਾਜ਼ ਸੁਣ ਕੇ ਉਸ ਦੇ ਮੰਮੀ ਘਬਰਾਏ ਹੋਏ ਦੌੜ ਕੇ ਉਸ ਕੋਲ ਪਹੁੰਚ ਗਏ। ਉਨ੍ਹਾਂ ਨੇ ਉਸ ਨੂੰ ਪਿਆਰ ਕਰਦੇ ਹੋਏ ਕਿਹਾ, ‘ਬੇਟਾ, ਕੀ ਹੋਇਆ, ਤੂੰ ਰੋਂਦਾ ਹੋਇਆ ਕੀ ਬੋਲ ਰਿਹਾ ਹੈ? ਆਪਣੀ ਮੰਮੀ ਨੂੰ ਵੇਖ ਕੇ ਉਸ ਨੂੰ ਪਤਾ ਲੱਗਾ ਕਿ ਉਹ ਤਾਂ ਆਪਣੇ ਬਿਸਤਰੇ ’ਤੇ ਪਿਆ ਹੈ। ਉਹ ਸੁਪਨਾ ਵੇਖ ਰਿਹਾ ਸੀ। ਉਸ ਨੇ ਆਪਣੇ ਮੰਮੀ-ਪਾਪਾ ਅਤੇ ਦਾਦਾ ਜੀ ਨੂੰ ਆਪਣੇ ਸੁਪਨੇ ਬਾਰੇ ਸਭ ਕੁਝ ਦੱਸਦਿਆਂ ਕਿਹਾ ਕਿ ਉਹ ਦੀਵਾਲੀ ਤਾਂ ਮਨਾਏਗਾ, ਪਰ ਕੁਦਰਤ ਨੂੰ ਉਦਾਸ ਨਹੀਂ ਹੋਣ ਦੇਵੇਗਾ ਤੇ ਨਾ ਹੀ ਪ੍ਰਦੂਸ਼ਣ ਵਿੱਚ ਵਾਧਾ ਹੋਣ ਦੇਵੇਗਾ।
ਸੰਪਰਕ: 98726-27136