ਨਵੀਂ ਦਿੱਲੀ:
ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਪ੍ਰੀਤੀ ਜ਼ਿੰਟਾ ਦੀ ਫਿਲਮ ‘ਵੀਰ-ਜ਼ਾਰਾ’ ਦੇ 20 ਸਾਲ ਪੂਰੇ ਹੋਣ ’ਤੇ ਭਲਕੇ ਵੀਰਵਾਰ ਉਸ ਨੂੰ ਮੁੜ ਰਿਲੀਜ਼ ਕੀਤਾ ਜਾਵੇਗਾ। ‘ਯਸ਼ ਰਾਜ ਫਿਲਮਜ਼’ ਨੇ ਇਸ ਨੂੰ 600 ਸਕਰੀਨਾਂ ’ਤੇ ਮੁੜ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਇਹ ਫਿਲਮ 12 ਨਵੰਬਰ 2004 ਨੂੰ ਰਿਲੀਜ਼ ਹੋਈ ਸੀ। ਫਿਲਮ ਦਾ ਨਿਰਦੇਸ਼ਨ ਯਸ਼ ਚੋਪੜਾ ਨੇ ਕੀਤਾ ਸੀ। ਇਹ ਫਿਲਮ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਵੀਰ ਪ੍ਰਤਾਪ ਸਿੰਘ ਅਤੇ ਪਾਕਿਸਤਾਨੀ ਸਿਆਸਤਦਾਨ ਦੀ ਧੀ ਜ਼ਾਰਾ ਹਯਾਤ ਖਾਨ ਦੁਆਲੇ ਘੁੰਮਦੀ ਹੈ। ਯਸ਼ ਰਾਜ ਫਿਲਮਜ਼ ਨੇ ਬਿਆਨ ਵਿੱਚ ਕਿਹਾ ਕਿ ‘ਵੀਰ-ਜ਼ਾਰਾ’ ਭਾਰਤ ਅਤੇ ਦੁਨੀਆ ਭਰ ਵਿੱਚ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਸੀ। ਵਾਈਆਰਐੱਫ ਦੇ ਅਧਿਕਾਰੀ ਨੈਲਸਨ ਡਿਸੂਜ਼ਾ ਨੇ ਕਿਹਾ, ‘ਸੋਸ਼ਲ ਮੀਡੀਆ ਤੋਂ ਲੈ ਕੇ ਸਾਡੇ ਦਫ਼ਤਰਾਂ ਵਿੱਚ ਇਸ ਫਿਲਮ ਨੂੰ ਮੁੜ ਰਿਲੀਜ਼ ਕਰਨ ਦੀ ਮੰਗ ਆ ਰਹੀ ਸੀ। ਉਮੀਦ ਹੈ ਕਿ ਵਾਈਆਰਐੱਫ ਦਾ ਇਹ ਫ਼ੈਸਲਾ ਫਿਲਮ ਦੇ ਪ੍ਰਸ਼ੰਸਕਾਂ ਨੂੰ ਪਸੰਦ ਆਵੇਗਾ।’ ਫਿਲਮ ਵਿੱਚ ਰਾਣੀ ਮੁਖਰਜੀ, ਅਮਿਤਾਭ ਬੱਚਨ, ਹੇਮਾ ਮਾਲਿਨੀ, ਦਿਵਿਆ ਦੱਤਾ, ਬੋਮਨ ਇਰਾਨੀ, ਕਿਰਨ ਖੇਰ, ਅਨੁਪਮ ਖੇਰ, ਮਨੋਜ ਵਾਜਪਾਈ ਅਤੇ ਜ਼ੋਹਰਾ ਸਹਿਗਲ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆ ਸਨ। ਇਸ ਫ਼ਿਲਮ ਨੂੰ ਅੱਜ ਵੀ ‘ਤੇਰੇ ਲੀਏ’, ‘ਮੈਂ ਯਹਾਂ ਹੂੰ’, ‘ਦੋ ਪਲ’, ‘ਆਇਆ ਤੇਰੇ ਦਰ ਪਰ ਦੀਵਾਨਾ’ ਅਤੇ ‘ਐਸਾ ਦੇਸ ਹੈ ਮੇਰਾ’ ਵਰਗੇ ਗੀਤਾਂ ਲਈ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਗੀਤਾਂ ਦੀਆਂ ਤਰਜ਼ਾਂ ਮੂਲ ਰੂਪ ਵਿੱਚ ਮਰਹੂਮ ਸੰਗੀਤ ਨਿਰਦੇਸ਼ਕ ਮਦਨ ਮੋਹਨ ਵੱਲੋਂ ਬਣਾਈਆਂ ਗਈਆਂ ਸਨ ਪਰ ਬਾਅਦ ਵਿੱਚ ਉਨ੍ਹਾਂ ਦੇ ਪੁੱਤਰ ਸੰਜੀਵ ਕੋਹਲੀ ਨੇ ਇਨ੍ਹਾਂ ਵਿੱਚ ਕੁੱਝ ਬਦਲਾਅ ਕਰਕੇ ਗੀਤ ਨਵੇਂ ਸਿਰਿਓਂ ਤਿਆਰ ਕੀਤੇ। ਫਿਲਮ ਦੇ ਗੀਤ ਜਾਵੇਦ ਅਖ਼ਤਰ ਨੇ ਲਿਖੇ ਅਤੇ ਲਤਾ ਮੰਗੇਸ਼ਕਰ, ਜਗਜੀਤ ਸਿੰਘ, ਉਦਿਤ ਨਾਰਾਇਣ, ਸੋਨੂੰ ਨਿਗਮ, ਗੁਰਦਾਸ ਮਾਨ, ਰੂਪ ਕੁਮਾਰ ਰਾਠੌਰ ਅਤੇ ਅਹਿਮਦ ਤੇ ਮੁਹੰਮਦ ਹੁਸੈਨ ਨੇ ਗਾਏ ਸਨ। -ਪੀਟੀਆਈ