ਪਰਮਜੀਤ ਸਿੰਘ ਨਿੱਕੇ ਘੁੰਮਣ
‘ਐ ਦਿਲੇ ਨਾਦਾਂ ਆਰਜ਼ੂ ਕਿਆ ਹੈ’, ‘ਆਖੋਂ ਹੀ ਆਖੋਂ ਮੇਂ ਇਸ਼ਾਰਾ ਹੋ ਗਿਆ’, ‘ਯੇ ਦਿਲ ਔਰ ਉਨ ਕੀ ਨਿਗਾਹੋਂ ਕੇ ਸਾਏ’ ਅਤੇ ‘ਆਜਾ ਰੇ ਆਜਾ ਰੇ ਓ ਮੇਰੇ ਦਿਲਬਰ ਆਜਾ ਦਿਲ ਕੀ ਪਿਆਸ ਬੁਝਾ ਜਾ ਰੇ’ ਆਦਿ ਜਿਹੇ ਮਨਮੋਹਕ ਗੀਤਾਂ ਦੇ ਰਚੇਤਾ ਸ਼ਾਇਰ ਜਾਂਨਿਸਾਰ ਅਖ਼ਤਰ ਦਾ ਅੰਦਾਜ਼-ਏ-ਬਿਆਂ ਬੜਾ ਦਿਲਕਸ਼ ਸੀ। ਉਨ੍ਹਾਂ ਦੀ ਸ਼ਬਦ ਚੋਣ ਵੀ ਬਹੁਤ ਅਰਥਪੂਰਨ ਸੀ। ਉੱਚਕੋਟੀ ਦੀ ਸ਼ਾਇਰੀ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਸੀ ਤੇ ਉਨ੍ਹਾਂ ਦੇ ਹੋਣਹਾਰ ਪੁੱਤਰ ਜਾਵੇਦ ਅਖ਼ਤਰ ਨੇ ਵੀ ਹੁਣ ਤੱਕ ਸ਼ਾਇਰੀ ਅਤੇ ਫਿਲਮੀ ਗੀਤਕਾਰੀ ਨੂੰ ਬੁਲੰਦੀਆਂ ਪ੍ਰਦਾਨ ਕੀਤੀਆਂ ਹਨ।
ਜਾਂਨਿਸਾਰ ਅਖ਼ਤਰ ਦਾ ਜਨਮ ਗਵਾਲੀਅਰ ਵਿਖੇ ਵਸਦੇ ਉੱਘੇ ਸ਼ਾਇਰ ਮੁਰਤਜ਼ਾ ਖ਼ੈਰਾਬਾਦੀ ਦੇ ਘਰ 18 ਫਰਵਰੀ, 1914 ਨੂੰ ਹੋਇਆ। ਗਵਾਲੀਅਰ ਦੇ ਵਿਕਟੋਰੀਆ ਹਾਈ ਸਕੂਲ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ 1930 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਸੀ ਤੇ ਇੱਥੋਂ ਐੱਮ.ਏ. ਤੱਕ ਦੀ ਪੜ੍ਹਾਈ ਮੁਕੰਮਲ ਕਰਨ ਪਿੱਛੋਂ ਉਨ੍ਹਾਂ ਪੀਐੱਚ.ਡੀ. ਕਰਨੀ ਸ਼ੁਰੂ ਕਰ ਦਿੱਤੀ, ਪਰ ਕੁਝ ਪਰਿਵਾਰਕ ਕਾਰਨਾਂ ਕਰਕੇ ਉਨ੍ਹਾਂ ਨੂੰ ਪੜ੍ਹਾਈ ਵਿਚਾਲੇ ਛੱਡ ਕੇ ਗਵਾਲੀਅਰ ਪਰਤਣਾ ਪੈ ਗਿਆ। ਗਵਾਲੀਅਰ ਆ ਕੇ ਉਨ੍ਹਾਂ ਨੇ ਵਿਕਟੋਰੀਆ ਕਾਲਜ ਵਿਖੇ ਉਰਦੂ ਜ਼ੁਬਾਨ ਦੇ ਲੈਕਚਰਾਰ ਵਜੋਂ ਨੌਕਰੀ ਕਰ ਲਈ। 29 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਨਿਕਾਹ ਮਕਬੂਲ ਉਰਦੂ ਸ਼ਾਇਰ ਮਜ਼ਾਜ਼ ਲਖ਼ਨਵੀ ਦੀ ਧੀ ਸਾਫ਼ੀਆ ਸਿਰਾਜ-ਉਲ-ਹੱਕ ਨਾਲ ਹੋ ਗਿਆ ਤੇ ਠੀਕ ਚਾਰ ਸਾਲ ਬਾਅਦ ਹੋਏ ਮੁਲਕ ਦੇ ਬਟਵਾਰੇ ਪਿੱਛੋਂ ਅਖ਼ਤਰ ਆਪਣੇ ਪਰਿਵਾਰ ਸਮੇਤ ਭੋਪਾਲ ਆ ਗਏ ਤੇ ਇੱਥੇ ਉਨ੍ਹਾਂ ਨੇ ਹਮੀਦੀਆ ਕਾਲਜ ਵਿਖੇ ਉਰਦੂ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ। ਉਹ ਮੁਸ਼ਾਇਰਿਆਂ ਵਿੱਚ ਸ਼ਿਰਕਤ ਕਰਨ ਲੱਗੇ ਤੇ ਛੇਤੀ ਹੀ ਉਨ੍ਹਾਂ ਦਾ ਸ਼ੁਮਾਰ ਉੱਘੇ ਸ਼ਾਇਰਾਂ ਵਿੱਚ ਹੋਣ ਲੱਗ ਪਿਆ। ਫਿਰ ਇੱਕ ਦਿਨ ਉਨ੍ਹਾਂ ਨੇ ‘ਪ੍ਰੌਗਰੈਸਿਵ ਰਾਈਟਰਜ਼ ਮੂਵਮੈਂਟ’ ਵਿੱਚ ਸ਼ਮੂਲੀਅਤ ਕਰ ਲਈ ਤੇ ਇਸ ਜਥੇਬੰਦੀ ਦੇ ਪ੍ਰਧਾਨ ਚੁਣੇ ਗਏ।
ਜਾਂਨਿਸਾਰ ਅਖ਼ਤਰ ਦੇ ਜੀਵਨ ਅਤੇ ਬੌਲੀਵੁੱਡ ਦੀ ਕਿਸਮਤ ਵਿੱਚ ਇੱਕ ਅਹਿਮ ਮੋੜ ਉਸ ਵੇਲੇ ਆਇਆ ਜਦੋਂ ਅਚਾਨਕ ਇੱਕ ਦਿਨ ਉਨ੍ਹਾਂ ਨੇ ਨੌਕਰੀ ਅਤੇ ਸ਼ਹਿਰ ਦੋਵੇਂ ਛੱਡ ਕੇ ਬੰਬਈ ਜਾਣ ਅਤੇ ਬਤੌਰ ਫਿਲਮੀ ਗੀਤਕਾਰ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਲੈ ਲਿਆ। ਇੱਥੇ ਉਨ੍ਹਾਂ ਦੀ ਮੁਲਾਕਾਤ ਬੌਲੀਵੁੱਡ ਅਤੇ ਸਾਹਿਤ ਜਗਤ ਦੇ ਉੱਘੇ ਹਸਤਾਖ਼ਰਾਂ ਵਜੋਂ ਸਤਿਕਾਰੇ ਜਾਂਦੇ ਰਜਿੰਦਰ ਸਿੰਘ ਬੇਦੀ, ਮੁਲਕ ਰਾਜ ਅਨੰਦ, ਇਸਮਤ ਚੁਗਤਾਈ ਅਤੇ ਕ੍ਰਿਸ਼ਨ ਚੰਦਰ ਨਾਲ ਹੋ ਹੋਈ। ਫਿਰ ਇਹ ਯਾਰੀ ਇੰਨੀ ਗੂੜ੍ਹੀ ਹੋ ਗਈ ਕਿ ਇਨ੍ਹਾਂ ਪੰਜਾਂ ਨੇ ਰਲ ਕੇ ‘ਬੰਬੇ ਗਰੁੱਪ ਆਫ ਰਾਈਟਰਜ਼’ ਦਾ ਗਠਨ ਕਰ ਦਿੱਤਾ।
ਜਾਂਨਿਸਾਰ ਅਖ਼ਤਰ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ 1955 ਵਿੱਚ ਬਣੀਆਂ ਦੋ ਫਿਲਮਾਂ ‘ਯਾਸਮੀਨ’ ਅਤੇ ‘ਬਾਪ ਰੇ ਬਾਪ’ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਨਾਲ ਸ਼ਿੰਗਾਰੀਆਂ ਫਿਲਮਾਂ ਵਿੱਚ ‘ਨਯਾ ਅੰਦਾਜ਼’, ‘ਬਲੈਕ ਕੈਟ’, ‘ਰੁਸਤਮ-ਸੋਹਰਾਬ’, ‘ਪ੍ਰੇਮ ਪਰਬਤ’, ‘ਸ਼ੰਕਰ ਹੁਸੈਨ’, ‘ਨੂਰੀ’ ਅਤੇ ‘ਰਜ਼ੀਆ ਸੁਲਤਾਨ’ ਸਮੇਤ ਕਈ ਹੋਰ ਫਿਲਮਾਂ ਸ਼ਾਮਿਲ ਸਨ। ਉਨ੍ਹਾਂ ਨੇ ਬਤੌਰ ਲੇਖਕ, ਗੀਤਕਾਰ ਅਤੇ ਨਿਰਮਾਤਾ ਫਿਲਮ ‘ਬਹੂ ਬੇਗਮ’ ਕੀਤੀ ਜੋ ਸਫਲ ਰਹੀ ਸੀ। ਅਖ਼ਤਰ ਦੀ ਸ਼ਾਇਰੀ ਨਾਲ ਲਬਰੇਜ਼ ਜੋ ਸੰਗ੍ਰਹਿ ਪਾਠਕਾਂ ਤੱਕ ਪੁੱਜੇ ਸਨ, ਉਨ੍ਹਾਂ ਵਿੱਚ ‘ਖ਼ਾਮੋਸ਼ ਆਵਾਜ਼’, ‘ਪਿਛਲੇ ਪਹਿਰ’, ‘ਨਜ਼ਰੇ ਬੁੱਤਾਂ’, ‘ਘਰ ਆਂਗਨ’, ‘ਨਿਗਾਹੋਂ ਕੇ ਸਾਏ’, ‘ਤੁਮ੍ਹਾਰੇ ਨਾਮ’ ਅਤੇ ‘ਖ਼ਾਕ-ਏ-ਦਿਲ’ ਆਦਿ ਸ਼ਾਮਿਲ ਸਨ। ਪੰਡਿਤ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਬੀਤੇ 300 ਸਾਲ ਵਿੱਚ ਲਿਖੀ ਗਈ ਬਾਕਮਾਲ ਹਿੰਦੁਸਤਾਨੀ ਸ਼ਾਇਰੀ ਇਕੱਤਰ ਕਰਕੇ ਉਸ ਦਾ ਸੰਗ੍ਰਹਿ ਛਾਪਣ ਦੀ ਤਾਕੀਦ ਕੀਤੀ ਤਾਂ ਇਸ ਦੇ ਫਲਸਰੂਪ ‘ਹਿੰਦੁਸਤਾਨ ਹਮਾਰਾ’ ਨਾਮਕ ਕਾਵਿ ਸੰਗ੍ਰਹਿ ਹੋਂਦ ਵਿੱਚ ਆਇਆ ਜਿਸ ਦੀਆਂ ਤਿੰਨ ਜਿਲਦਾਂ ਦੀ ਪ੍ਰਕਾਸ਼ਨਾ 1965, 1974 ਅਤੇ 2006 ਵਿੱਚ ਕੀਤੀ ਗਈ ਸੀ। ਜਾਂਨਿਸਾਰ ਅਖ਼ਤਰ ਦੀ ਬਾਕਮਾਲ ਸ਼ਾਇਰੀ ਦੇ ਕੁਝ ਨਮੂਨੇ ਹਨ;
* ਆਹਟ ਸੀ ਕੋਈ ਆਏ ਤੋ ਲਗਤਾ ਹੈ ਕਿ ਤੁਮ ਹੋ
ਸਾਇਆ ਕੋਈ ਲਹਿਰਾਏ ਤੋ ਲਗਤਾ ਹੈ ਕਿ ਤੁਮ ਹੋ।
* ਆਖੋਂ ਮੇਂ ਜੋ ਭਰ ਲੋਗੇ ਤੋ ਕਾਂਟੋਂ ਸੇ ਚੁਭੇਂਗੇ
ਯੇ ਖ਼ੁਆਬ ਤੋ ਪਲਕੋਂ ਪੇ ਸਜਾਨੇ ਕੇ ਲੀਏ ਹੈਂ।
* ਯੂੰ ਤੋ ਅਹਿਸਾਨ ਹਸੀਨੋਂ ਕੇ ਉਠਾਏ ਹੈਂ ਬਹੁਤ
ਪਿਆਰ ਲੇਕਿਨ ਜੋ ਕੀਆ ਹੈ ਤੁਮਹੀਂ ਸੇ ਹਮਨੇ।
* ਲਹਿਜ਼ਾ ਬਨਾ ਕੇ ਬਾਤ ਕਰੇਂ ਉਨ ਕੇ ਸਾਮਨੇ
ਹਮ ਸੇ ਤੋ ਇਸ ਤਰਹਾ ਤਮਾਸ਼ਾ ਕੀਆ ਨਾ ਜਾਏ।
* ਆਜ ਮੁੱਦਤ ਮੇਂ ਵੋ ਮੁਝੇ ਯਾਦ ਆਏ ਹੈਂ
ਦਰ-ਓ-ਦੀਵਾਰ ਪੇ ਕੁਛ ਸਾਏ ਹੈਂ।
* ਅੱਛਾ ਹੈ ਕਿ ਉਨਸੇ ਕੋਈ ਤਕਾਜ਼ਾ ਨਾ ਕੀਆ ਜਾਏ
ਅਪਨੀ ਨਜ਼ਰੋਂ ਮੇਂ ਆਪ ਕੋ ਰੁਸਵਾ ਨਾ ਕੀਆ ਜਾਏ।
ਵਿਆਹ ਦੇ ਠੀਕ ਦਸ ਸਾਲ ਬਾਅਦ 1953 ਵਿੱਚ ਜਾਂਨਿਸਾਰ ਅਖ਼ਤਰ ਦੀ ਬੇਗਮ ਸਾਫ਼ੀਆ ਆਪਣੇ ਪਿੱਛੇ ਦੋ ਬੇਟੇ ਜਾਵੇਦ ਅਖ਼ਤਰ ਅਤੇ ਸਲਮਾਨ ਅਖ਼ਤਰ ਨੂੰ ਛੱਡ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਗਈ। 1956 ਵਿੱਚ ਉਨ੍ਹਾਂ ਬੀਬੀ ਖਦੀਜਾ ਤਲਤ ਨਾਲ ਦੂਜਾ ਵਿਆਹ ਕਰਵਾ ਲਿਆ, ਪਰ ਖਦੀਜਾ ਨੇ ਅਖ਼ਤਰ ਦੇ ਬੇਟਿਆਂ ਨਾਲ ਮਤਰੇਈ ਮਾਂ ਵਾਲਾ ਹੀ ਸਲੂਕ ਕੀਤਾ। ਆਪਣੇ ਬੇਟਿਆਂ ਨੂੰ ਪਾਲਣ ਪੋਸ਼ਣ ਹਿੱਤ ਆਪਣੇ ਰਿਸ਼ਤੇਦਾਰਾਂ ਨੂੰ ਸੌਂਪ ਕੇ ਅਖ਼ਤਰ ਖ਼ੁਦ ਬੌਲੀਵੁੱਡ ਵਿੱਚ ਮਸਰੂਫ਼ ਹੋ ਗਏ ਤੇ ਅਖ਼ੀਰ 19 ਅਗਸਤ, 1976 ਨੂੰ ਇਸ ਦੁਨੀਆ ਤੋਂ ਕੂਚ ਕਰ ਗਏ। ਆਪਣੇ ਦੇਹਾਂਤ ਸਮੇਂ ਉਹ ਆਪਣੇ ਪਰਮ ਮਿੱਤਰ ਕਮਾਲ ਅਮਰੋਹੀ ਨਾਲ ਫਿਲਮ ‘ਰਜ਼ੀਆ ਸੁਲਤਾਨ’ ’ਤੇ ਕੰਮ ਕਰ ਰਹੇ ਸੀ। 1980 ਵਿੱਚ ਆਈ ਫਿਲਮ ‘ਨੂਰੀ’ ਦੇ ਗੀਤ ‘ਆਜਾ ਰੇ ਓ ਮੇਰੇ ਦਿਲਬਰ ਆਜਾ’ ਲਈ ਮਰਨ ਉਪਰੰਤ ਉਨ੍ਹਾਂ ਨੂੰ ਫਿਲਮਫੇਅਰ ਦੇ ‘ਸਰਬੋਤਮ ਗੀਤਕਾਰ ਪੁਰਸਕਾਰ’ ਲਈ ਨਾਮਜ਼ਦ ਕੀਤਾ ਗਿਆ ਸੀ। ਆਪਣੀ ਸ਼ਾਇਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਇੱਕ ਵਾਰ ਕਿਹਾ ਸੀ;
ਆਸ਼ਾਰ ਮੇਰੇ ਯੂੰ ਤੋ ਜ਼ਮਾਨੇ ਕੇ ਲੀਏ ਹੈਂ
ਕੁਛ ਸ਼ੇਅਰ ਫ਼ਕਤ ਉਨ ਕੋ ਸੁਨਾਨੇ ਕੇ ਲੀਏ ਹੈਂ।
ਸੰਪਰਕ: 97816-46008