ਮੁੰਬਈ: ਅਦਾਕਾਰ ਤੇ ਨਿਰਮਾਤਾ ਅਜੈ ਦੇਵਗਨ ਨੇ ਅੱਜ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਕਿ ਉਹ ਦੱਖਣ ਦੇ ਮਸ਼ਹੂਰ ਨਿਰਮਾਤਾ ਦਿਲ ਰਾਜੂ ਨਾਲ ਮਿਲ ਕੇ ਤੇਲਗੂ ਫ਼ਿਲਮ ‘ਨਾਂਧੀ’ ਦੀ ਹਿੰਦੀ ਰੀਮੇਕ ਬਣਾਏਗਾ। ਮੂਲ ਰੂਪ ਵਿੱਚ ਇਹ ਫ਼ਿਲਮ, ਜੋ ਕਿ ਇੱਕ ਕੋਰਟ ਰੂਮ ਕ੍ਰਾਈਮ ਡਰਾਮਾ ਹੈ, ਇਸ ਸਾਲ ਫਰਵਰੀ ਮਹੀਨੇ ਰਿਲੀਜ਼ ਹੋਈ ਸੀ। ਅਜੈ ਦੇਵਗਨ ਨੇ ਸੋਸ਼ਲ ਮੀਡੀਆ ਰਾਹੀਂ ਇਹ ਅਧਿਕਾਰਤ ਖ਼ਬਰ ਦਿੱਤੀ ਹੈ। ਉਸ ਨੇ ਲਿਖਿਆ, ‘ਇਹ ਸਾਰਿਆਂ ਨਾਲ ਇੱਕ ਕਹਾਣੀ ਸਾਂਝੀ ਕਰਨ ਲਈ ਅਹਿਮ ਸਮਾਂ ਹੈ। ਦਿਲ ਰਾਜੂ ਪ੍ਰੋਡਕਸ਼ਨਜ਼ ਅਤੇ ਏਡੀਐੱਫ ਫਿਲਮਜ਼ ਰਲ ਕੇ ਤੇਲਗੂ ਹਿੱਟ ਫ਼ਿਲਮ ਨਾਂਧੀ ਦੀ ਹਿੰਦੀ ਰੀਮੇਕ ਬਣਾਉਣ ਲਈ ਤਿਆਰ ਹਨ।’ ਉਸ ਨੇ ਲਿਖਿਆ, ‘ਨਾਂਧੀ ਇੱਕ ਅਹਿਮ ਫ਼ਿਲਮ ਹੈ, ਜੋ ਪ੍ਰਸ਼ਾਸਨ ਦੀਆਂ ਕਮੀਆਂ ਨੂੰ ਉਜਾਗਰ ਕਰਦੀ ਹੈ। ਮੂਲ ਤੇਲਗੂ ਫ਼ਿਲਮ ਬਹਤ ਅਸਰਦਾਰ ਸੀ ਅਤੇ ਇਹ ਦਿਲ ਨੂੰ ਛੂੰਹਦੀ ਹੈ। ਦਿਲ ਰਾਜੂ ਤੇ ਮੈਂ ਵੱਡੇ ਪੱਧਰ ’ਤੇ ਦਰਸ਼ਕਾਂ ਤੱਕ ਪਹੁੰਚਾਉਣ ਇਸ ਫ਼ਿਲਮ ਦੀ ਹਿੰਦੀ ਰੀਮੇਕ ਬਣਾਉਣ ਲਈ ਹੱਥ ਮਿਲਾਉਣ ਦਾ ਫ਼ੈਸਲਾ ਕੀਤਾ ਹੈ।’ ਅਜੈ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਹਾਲੇ ਤੱਕ ਫ਼ਿਲਮ ਲਈ ਡਾਇਰੈਕਟਰ ਅਤੇ ਕਲਾਕਾਰਾਂ ਦੀ ਚੋਣ ਨਹੀਂ ਕੀਤੀ ਗਈ ਹੈ। -ਆਈਏਐੱਨਐੱਸ