ਲਾਸ ਏਂਜਲਸ, 1 ਜੁਲਾਈ
ਬਾਲੀਵੁੱਡ ਸਿਤਾਰਿਆਂ ਆਲੀਆ ਭੱਟ, ਰਿਤਿਕ ਰੌਸ਼ਨ ਅਤੇ ਡਿਜ਼ਾਈਨਰ ਨੀਤਾ ਲੂਲਾ ਨੂੰ ਅਕੈਡਮੀ ਆਫ ਮੋਸ਼ਨ ਪਿਕਚਰ ਆਰਟ ਐਂਡ ਸਾਇੰਸਿਜ਼ (ਏਐੱਮਪੀਏਐੱਸ) ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਸਮਾਗਮ ਲਈ ਕੁੱਲ 819 ਕਲਾਕਾਰਾਂ ਅਤੇ ਕਾਰਜਕਾਰੀਆਂ ਨੂੰ ਸੱਦਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਆਲੀਆ ਦੀ ਪਿਛਲੀ ਫਿਲਮ ‘ਗਲੀ ਬੁਆਏ’, ਜਿਸ ਦਾ ਨਿਰਦੇਸ਼ਨ ਜ਼ੋਇਆ ਅਖ਼ਤਰ ਵਲੋਂ ਕੀਤਾ ਗਿਆ ਸੀ, 2019 ਦੇ ਆਸਕਰਜ਼ ਦੀ ਕੌਮਾਂਤਰੀ ਫੀਚਰ ਫਿਲਮ ਸ਼੍ਰੇਣੀ ਲਈ ਭਾਰਤ ਦੀ ਅਧਿਕਾਰਤ ਐਂਟਰੀ ਸੀ। ਹਾਲਾਂਕਿ ਇਹ ਫਿਲਮ ਆਖਰੀ ਪੰਜ ਵਿੱਚ ਆਪਣੀ ਜਗ੍ਹਾ ਬਣਾਊਣ ਵਿੱਚ ਨਾਕਾਮ ਰਹੀ ਸੀ। ਇਨ੍ਹਾਂ ਤੋਂ ਇਲਾਵਾ ਸੱਦਾ ਪ੍ਰਾਪਤ ਕਰਨ ਵਾਲੇ ਹੋਰ ਭਾਰਤੀ ਨਾਵਾਂ ਵਿੱਚ ਕਾਸਟਿੰਗ ਡਾਇਰੈਕਟਰ ਨੰਦਿਨੀ ਸ਼੍ਰੀਕਾਂਤ, ਦਸਤਾਵੇਜ਼ੀ ਫਿਲਮਸਾਜ਼ ਨਿਸ਼ਠਾ ਜੈਨ, ਸ਼੍ਰਿਲੇਅ ਅਬਰਾਹਮ, ਅਮਿਤ ਮਧੇਸ਼ੀਆ, ਵਿਜ਼ੁਅਲ ਇਫੈਕਟਸ ਸੁਪਰਵਾਈਜ਼ਰ ਵਿਸ਼ਾਲ ਆਨੰਦ ਅਤੇ ਸੰਦੀਪ ਕਮਲ ਸ਼ਾਮਲ ਹਨ। ਅਕੈਡਮੀ ਵਲੋਂ ਜਾਰੀ ਬਿਆਨ ਰਾਹੀਂ ਦੱਸਿਆ ਗਿਆ ਕਿ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ, ਊਨ੍ਹਾਂ ਵਿੱਚ 45 ਫੀਸਦੀ ਮਹਿਲਾਵਾਂ ਹਨ। ਕੁੱਲ 68 ਮੁਲਕਾਂ ਦੇ ਕਲਾਕਾਰਾਂ ਨੂੰ ਮੈਂਬਰਾਂ ਵਜੋਂ ਸੱਦਾ ਦਿੱਤਾ ਗਿਆ ਹੈ। ਸੱਦਾ ਕਬੂਲਣ ਵਾਲਿਆਂ ਨੂੰ 93ਵੇਂ ਅਕੈਡਮੀ ਪੁਰਸਕਾਰਾਂ ਲਈ ਵੋਟ ਕਰਨ ਦਾ ਅਧਿਕਾਰ ਮਿਲੇਗਾ। -ਪੀਟੀਆਈ