ਨਵੀਂ ਦਿੱਲੀ, 15 ਜੁਲਾਈ
ਸੁਪਰੀਮ ਕੋਰਟ ਨੇ ਖ਼ਬਰ ਚੈਨਲ ਦੇ ਪੇਸ਼ਕਾਰ ਅਮੀਸ਼ ਦੇਵਗਨ ਨੂੰ ਸੂਫ਼ੀ ਸੰਤ ਬਾਰੇ ਕੀਤੀਆਂ ਕਥਿਤ ਨਿਰਾਦਰ ਭਰੀਆਂ ਟਿੱਪਣੀਆਂ ਦੇ ਮਾਮਲੇ ’ਚ ਮਿਲੀ ਰਾਹਤ ’ਚ ਵਾਧਾ ਕਰਦਿਆਂ ਸਖ਼ਤ ਕਾਰਵਾਈ ਤੋਂ ਅਥਾਰਿਟੀ ਨੂੰ ਰੋਕ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੇਵਗਨ ’ਤੇ 15 ਜੂਨ ਨੂੰ ਖ਼ਵਾਜਾ ਮੋਇਨੂਦੀਨ ਚਿਸ਼ਤੀ ਖ਼ਿਲਾਫ਼ ਬੋਲਣ ਦਾ ਦੋਸ਼ ਹੈ।
ਸਿਖ਼ਰਲੀ ਅਦਾਲਤ ਦੇ ਬੈਂਚ ਨੇ ਵੱਖ-ਵੱਖ ਰਾਜਾਂ ਵਿਚ ਕੇਸ ਦਰਜ ਕਰਵਾਉਣ ਵਾਲਿਆਂ ਤੇ ਸੂਬਿਆਂ ਨੂੰ ਵੀ ਆਪਣੇ ਹਲਫ਼ਨਾਮੇ ਦਾਖ਼ਲ ਕਰਨ ਲਈ ਕਿਹਾ ਹੈ। ਮਾਮਲੇ ਦੀ ਸੁਣਵਾਈ ਹੁਣ 5 ਅਗਸਤ ਨੂੰ ਹੋਵੇਗੀ। ਦੱਸਣਯੋਗ ਹੈ ਕਿ ਦੇਵਗਨ ਨੇ ਅਰਜ਼ੀ ਦਾਇਰ ਕਰ ਕੇ ਆਪਣੇ ਖ਼ਿਲਾਫ਼ ਦਰਜ ਅਪਰਾਧਕ ਕੇਸਾਂ ਦੀ ਜਾਂਚ ਉਤੇ ਰੋਕ ਲਾਉਣ ਅਤੇ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਦੇਵਗਨ ਨੇ ਮੁਆਫ਼ੀ ਮੰਗਦਿਆਂ ਕਿਹਾ ਸੀ ਕਿ ਗਲਤੀ ਨਾਲ ਮੂੰਹ ’ਚੋਂ ਚਿਸ਼ਤੀ ਨਿਕਲ ਗਿਆ ਜਦਕਿ ਉਹ ਮੁਸਲਿਮ ਸ਼ਾਸਕ ਅਲਾਊਦੀਨ ਖਿਲਜੀ ਦਾ ਜ਼ਿਕਰ ਕਰ ਰਿਹਾ ਸੀ। -ਪੀਟੀਆਈ