ਰਜਨੀ ਭਗਾਣੀਆ
ਔਰਤ ਨੂੰ ਸਾਡੇ ਸਮਾਜ ਵਿੱਚ ਕਿੰਨੀਆਂ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ, ਪਰ ਉਹ ਕਦੇ ਹਿੰਮਤ ਨਹੀਂ ਹਾਰਦੀ ਇਹੋ ਜਿਹੀ ਇੱਕ ਸ਼ਖ਼ਸੀਅਤ ਹੈ ਅੰਮ੍ਰਿਤਪਾਲ ਕੌਰ ਚਾਹਲ। ਉਸ ਨੇ ਆਪਣੇ ਸੰਘਰਸ਼ਸ਼ੀਲ ਜੀਵਨ ਵਿੱਚੋਂ ਨਿਕਲ ਕੇ ਆਪਣੀ ਅਦਾਕਾਰੀ ਨਾਲ ਆਪਣੀ ਉਮਦਾ ਪਹਿਚਾਣ ਬਣਾਈ ਹੈ।
ਉਹ ਜ਼ਿਲ੍ਹਾ ਸੰਗਰੂਰ ਵਿੱਚ ਜੰਮੀ-ਪਲੀ ਤੇ ਉੱਥੇ ਹੀ ਪੜ੍ਹਾਈ ਕੀਤੀ। ਉਸ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ ਜੋ ਅੰਦਰ ਹੀ ਅੰਦਰ ਸੁਲਘਦਾ ਰਿਹਾ। ਵਿਆਹ ਤੋਂ ਬਾਅਦ ਉਹ ਮੁਹਾਲੀ ਆ ਗਈ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਵਿੱਚ ਆਪਣੇ ਸ਼ੌਕ ਨੂੰ ਵੀ ਜ਼ਿੰਦਾ ਰੱਖਿਆ। ਇਸ ਦੌਰਾਨ ਉਸ ਨੂੰ ਦੂਰਦਰਸ਼ਨ ‘ਤੇ ਛੋਟੇ-ਛੋਟੇ ਨਾਟਕ ਕਰਨ ਦਾ ਮੌਕਾ ਮਿਲਿਆ। ਫਿਰ ਇੱਕ ਦਿਨ ਸਬੱਬ ਬਣਿਆ ਕਿ ਉਸ ਨੂੰ ਗੀਤ ਵਿੱਚ ਅਦਾਕਾਰੀ ਕਰਨ ਦੀ ਪੇਸ਼ਕਸ਼ ਹੋਈ। ਪਹਿਲੀ ਵਾਰ ਉਸ ਨੇ ਹਰਫ਼ ਚੀਮਾ ਦੇ ਗੀਤ ‘ਬੇਬੇ’ ਵਿੱਚ ਅਦਾਕਾਰੀ ਕੀਤੀ। ਫਿਰ ਉਹ ਆਪਣੀ ਤੋਰ ਤੁਰਦੀ ਰਹੀ ਤੇ ਕਈ ਕਲਾਕਾਰਾਂ ਨਾਲ ਕੰਮ ਕੀਤਾ। ਜਿਨ੍ਹਾਂ ਵਿੱਚ ਰਣਜੀਤ ਬਾਵਾ ਦਾ ਗੀਤ ‘ਮੰਜ਼ਿਲ’, ਰਾਜਵੀਰ ਜਵੰਦਾ, ਯੁਵਰਾਜ ਹੰਸ, ਨੂਰਾਂ ਭੈਣਾਂ ਦਾ ‘ਮੁਕੱਦਰ’ ਤੇ ਪੱਵੀ ਵਿਰਕ ਦਾ ‘ਚਾਬੀਆਂ’, ਜੁਗਰਾਜ ਸੰਧੂ ਦਾ ‘ਲਾਹੌਰ’ ਗੀਤ ਤੇ ਸੁਰਿੰਦਰ ਸ਼ਿੰਦਾ ਦਾ ‘ਬਾਪੂ ਮੇਰਾ ਇੰਗਲਿਸ਼ ਗਾਲ੍ਹਾਂ ਕੱਢਦਾ….’ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਬਲਰਾਜ ਦਾ ਗੀਤ ‘ਝਾਂਜਰਾਂ’, ਰੌਸ਼ਨ ਪ੍ਰਿੰਸ ਦਾ ‘ਲਾਰੇ 2’ ਗੀਤ, ਮਹਿਤਾਬ ਵਿਰਕ ਤੇ ਸੋਨੀਆ ਮਾਨ ਦਾ ਗੀਤ ‘ਸੰਜੋਗ’ ਵੀ ਕੀਤਾ।
ਇਨ੍ਹਾਂ ਸਭ ਦੇ ਚੱਲਦੇ ਅੰਮ੍ਰਿਤਪਾਲ ਕੌਰ ਨੇ ਫੇਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਜਿਵੇਂ ਜਿਵੇਂ ਉਹ ਅੱਗੇ ਵਧਦੀ ਗਈ, ਉਸ ਨੂੰ ਲਘੂ ਫਿਲਮਾਂ ਵੀ ਮਿਲੀਆਂ ਜਿਨ੍ਹਾਂ ਵਿੱਚ ‘ਰੱਬ ਮਿਲਿਆ’, ‘ਖਾੜਕੂ’, ਵੈੱਬਸੀਰੀਜ਼ ‘ਸੱਤ ਅਜੂਬੇ’ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਦੂਰਦਰਸ਼ਨ ਦੇ ਸੀਰੀਅਲ ‘ਚਿੜੀਆਂ ਦਾ ਚੰਬਾ’ ਵਿੱਚ ਕੰਮ ਕਰਕੇ ਵੀ ਕਾਫ਼ੀ ਸ਼ਲਾਘਾ ਹਾਸਲ ਕੀਤੀ।
ਉਹ ਕਈ ਪੰਜਾਬੀ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੀ ਹੈ ਜਿਨ੍ਹਾਂ ਵਿੱਚ ‘ਨਿੱਕਾ ਜ਼ੈਲਦਾਰ’, ‘ਕੁੜੀਆਂ ਜਵਾਨ ਬਾਪੂ ਪਰੇਸ਼ਾਨ’, ‘ਵਾਪਸੀ’ ਤੇ ‘ਪਰਿੰਦੇ’ ਸ਼ਾਮਲ ਹਨ। ਇਸ ਤੋਂ ਇਲਾਵਾ ਹਿੰਦੀ ਫਿਲਮਾਂ ‘ਗੋਲਡ’, ‘ਸ਼ਗਨ’ ਤੇ ਆਲੀਆ ਭੱਟ ਦੀ ‘ਰਾਜ਼ੀ’ ਫਿਲਮ ਵਿੱਚ ਵੀ ਕੰਮ ਕੀਤਾ ਤੇ ਕਈ ਐਡ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ। ਉਹ 800 ਦੇ ਕਰੀਬ ਗੀਤਾਂ ਵਿੱਚ ਮਾਂ ਦਾ ਕਿਰਦਾਰ ਨਿਭਾ ਚੁੱਕੀ ਹੈ।
ਉਹ ਇਸ ਸਮੇਂ ਕਲਰਜ਼ ਚੈਨਲ ਦੇ ਮਸ਼ਹੂਰ ਟੀ.ਵੀ. ਸੀਰੀਅਲ ‘ਉਡਾਰੀਆਂ’ ਵਿੱਚ ‘ਲਵਲੀ ਤਾਈ’ ਦਾ ਕਿਰਦਾਰ ਨਿਭਾ ਰਹੀ ਹੈ। ਉਹ ਦੱਸਦੀ ਹੈ ਕਿ ਲੋਕ ਉਸ ਨੂੰ ਦੇਖ ਕੇ ਕਹਿੰਦੇ ਹਨ ਕਿ ਉਹ ‘ਉਡਾਰੀਆਂ’ ਵਾਲੇ ਤਾਈ ਜੀ ਆ ਗਏ। ਸ਼ਾਲਾ! ਉਹ ਆਪਣੇ ਅਦਾਕਾਰੀ ਦੇ ਖੇਤਰ ਵਿੱਚ ਨਿਰੰਤਰ ਗਤੀਸ਼ੀਲ ਰਹੇ।
ਸੰਪਰਕ: 79736-67793