ਧਰਮਪਾਲ
‘ਇਨਸਾਨ ਪੈਸਿਆਂ ਨਾਲ ਨਹੀਂ ਬਲਕਿ ਖੁਸ਼ੀਆਂ ਨਾਲ ਅਮੀਰ ਹੁੰਦਾ ਹੈ।’ ਇਹ ਕਹਿਣਾ ਹੈ ਜ਼ੀ ਟੀਵੀ ਦੇ ਸ਼ੋਅ ‘ਤੇਰੀ ਮੇਰੀ ਇਕ ਜਿੰਦੜੀ’ ਦੇ ਮੁੱਖ ਕਿਰਦਾਰ ਜੋਗੀ ਦਾ। ਉਹ ਅੱਜ ਦੀ ਭੱਜ ਦੌੜ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੰਦਾ ਹੈ। ਉਹ ਵੱਡੇ ਦਿਲਵਾਲਾ ਅਤੇ ਦਾਰਸ਼ਨਿਕ ਹੈ। ਉਸ ਕੋਲ ਜ਼ਮੀਨ ਅਤੇ ਪਸ਼ੂ ਪਾਲਣ ਦੀ ਡਿਗਰੀ ਵੀ ਹੈ। ਉਹ ਅੰਮ੍ਰਿਤਸਰ ਵਿਚ ਤਬੇਲਾ ਅਤੇ ਡੇਅਰੀ ਚਲਾਉਂਦਾ ਹੈ। ਉਹ ਛੋਟੀਆਂ ਛੋਟੀਆਂ ਗੱਲਾਂ ਵਿਚ ਖੁਸ਼ੀਆਂ ਲੱਭ ਲੈਂਦਾ ਹੈ। ਦੂਜੇ ਪਾਸੇ ਇਕ ਲੜਕੀ ਹੈ ਜੋ ਘਰ ਦੇ ਕੰਮਕਾਜ ਵਿਚ ਮਾਹਿਰ ਹੈ, ਪਰ ਨਾਲ ਹੀ ਉਹ ਅੰਮ੍ਰਿਤਸਰ ਦੀ ਪਹਿਲੀ ਅਜਿਹੀ ਲੜਕੀ ਹੈ ਜੋ ਔਰਤਾਂ ਲਈ ਟੈਕਸੀ ਚਲਾਉਂਦੀ ਹੈ ਅਤੇ ਆਪਣੀ ਖ਼ੁਦ ਦੀ ਮਹਿਲਾ ਕੈਬ ਸਰਵਿਸ ਸ਼ੁਰੂ ਕਰਨਾ ਚਾਹੁੰਦੀ ਹੈ। ਉਹ ਹੈ ਮਾਹੀ ਜੋ ਇਕੋ ਸਮੇਂ ਕਈ ਕੰਮ ਕਰਦੀ ਹੈ। ਉਹ ਆਪਣੀ ਪਛਾਣ ਬਣਾ ਕੇ ਆਪਣੇ ਪਰਿਵਾਰ ਦੀ ਮਦਦ ਕਰਨ ਨੂੰ ਵੀ ਬੇਤਾਬ ਹੈ।
ਜ਼ੀ ਟੀਵੀ ’ਤੇ ‘ਤੇਰੀ ਮੇਰੀ ਇਕ ਜਿੰਦੜੀ’ ਦਾ 27 ਜਨਵਰੀ ਨੂੰ ਪ੍ਰੀਮੀਅਰ ਸ਼ੋਅ ਹੋਵੇਗਾ। ਇਸ ਸ਼ੋਅ ਦਾ ਪ੍ਰਸਾਰਣ ਸੋਮਵਾਰ ਤੋਂ ਸ਼ਨਿਚਰਵਾਰ ਤਕ ਜ਼ੀ ਟੀਵੀ ’ਤੇ ਕੀਤਾ ਜਾਵੇਗਾ। ਇਹ ਅੰਮ੍ਰਿਤਸਰ ਆਧਾਰਿਤ ਪ੍ਰੇਮ ਕਹਾਣੀ ਹੈ ਜਿਸ ਵਿਚ ਮਾਹੀ ਅਤੇ ਜੋਗੀ ਦੀ ਜ਼ਿੰਦਗੀ ਦਿਖਾਈ ਗਈ ਹੈ। ਦੋਵਾਂ ਦੀ ਸ਼ਖ਼ਸੀਅਤ ਦੇ ਨਾਲ ਨਾਲ ਜ਼ਿੰਦਗੀ ਅਤੇ ਖੁਸ਼ੀਆਂ ਪ੍ਰਤੀ ਨਜ਼ਰੀਆ ਵੀ ਇਕ ਦੂਜੇ ਤੋਂ ਬਿਲਕੁਲ ਅਲੱਗ ਹੈ, ਪਰ ਫਿਰ ਵੀ ਦੋਵਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ।
ਹਾਲ ਹੀ ਵਿਚ ਇਸ ਸ਼ੋਅ ਨੂੰ ਅਨੋਖੇ ਢੰਗ ਨਾਲ ਸ਼ੁਰੂ ਕਰਦੇ ਹੋਏ ਅੰਮ੍ਰਿਤਸਰ ਵਿਚ ਮਾਹੀ ਅਤੇ ਜੋਗੀ ਨੂੰ ਜਿੱਥੇ ਮੀਡੀਆ ਨਾਲ ਮਿਲਵਾਇਆ ਗਿਆ, ਉੱਥੇ ਮਹਿਲਾ ਕਾਰ ਰੈਲੀ ਵੀ ਕੀਤੀ ਗਈ।
ਜ਼ੀ ਟੀਵੀ ਦੀ ਬਿਜ਼ਨਸ ਹੈੱਡ ਅਪਰਣਾ ਭੋਸਲੇ ਨੇ ਕਿਹਾ, ‘‘ਇਸ ਤੋਂ ਪਹਿਲਾਂ ਅਜਿਹੀਆਂ ਕਈ ਪ੍ਰੇਮ ਕਹਾਣੀਆਂ ਦਿਖਾਈਆਂ ਗਈਆਂ ਹਨ, ਜਿਸ ਵਿਚ ਦੋ ਵਿਪਰੀਤ ਪਿਛੋਕੜ ਦੇ ਲੋਕ ਇਕ ਦੂਜੇ ਪ੍ਰਤੀ ਆਕਰਸ਼ਿਤ ਹੋ ਜਾਂਦੇ ਹਨ, ਪਰ ਇਹ ਫ਼ਰਕ ਸਿਰਫ਼ ਸਮਾਜਿਕ, ਆਰਥਿਕ, ਧਾਰਮਿਕ ਅਤੇ ਉਮਰ ਦੇ ਫਾਸਲੇ ਤਕ ਸੀਮਤ ਰਿਹਾ ਹੈ। ਜਦੋਂ ਕਿ ‘ਤੇਰੀ ਮੇਰੀ ਇਕ ਜਿੰਦੜੀ’ ਜ਼ਰੀਏ ਅਸੀਂ ਆਪਣੇ ਦਰਸ਼ਕਾਂ ਨੂੰ ਦੋ ਅਜਿਹੇ ਲੋਕਾਂ ਦੀ ਪ੍ਰੇਮ ਕਹਾਣੀ ਦਿਖਾਉਣਾ ਚਾਹੁੰਦੇ ਹਾਂ ਜੋ ਜ਼ਿੰਦਗੀ ਅਤੇ ਇਸ ਦੀਆਂ ਉਪਲੱਬਧੀਆਂ ਪ੍ਰਤੀ ਅਲੱਗ ਨਜ਼ਰੀਆ ਰੱਖਦੇ ਹਨ। ਸਾਡਾ ਸ਼ੋਅ ਇਹ ਦਿਖਾਉਂਦਾ ਹੈ ਕਿ ਪਿਆਰ ਹਮੇਸ਼ਾਂ ਸਮਾਨ ਖਹਾਇਸ਼ਾਂ ਨਾਲ ਨਹੀਂ ਹੁੰਦਾ, ਬਲਕਿ ਕਦੇ ਕਦੇ ਦੋ ਅਲੱਗ ਅਲੱਗ ਨਜ਼ਰੀਆ ਰੱਖਣ ਵਾਲੇ ਲੋਕ ਵੀ ਇਕੱਠੇ ਮਿਲ ਕੇ ਖੁਸ਼ੀਆਂ ਲੱਭ ਸਕਦੇ ਹਨ।
ਸ਼ੋਅ ਵਿਚ ਮਾਹੀ ਦਾ ਕਿਰਦਾਰ ਨਿਭਾ ਰਹੀ ਅਮਨਦੀਪ ਸਿੱਧੂ ਦੱਸਦੀ ਹੈ, ‘‘ਮੈਨੂੰ ਪਤਾ ਸੀ ਕਿ ਮੈਂ ਜੋਸ਼ ਨਾਲ ਭਰੀ ਇਕ ਪੰਜਾਬੀ ਲੜਕੀ ਦੇ ਕਿਰਦਾਰ ਲਈ ਬਿਲਕੁਲ ਸਹੀ ਹਾਂ ਅਤੇ ਮੈਂ ਆਪਣੇ ਨਵੇਂ ਸਫ਼ਰ ਲਈ ਬੇਹੱਦ ਉਤਸ਼ਾਹਿਤ ਸੀ। ਅੰਮ੍ਰਿਤਸਰ ਅਤੇ ਪਟਿਆਲਾ ਵਿਚ ਸ਼ੂਟਿੰਗ ਕਰਨਾ ਇਸ ਸ਼ੋਅ ਦਾ ਸਭ ਤੋਂ ਰੁਮਾਂਚਕ ਹਿੱਸਾ ਸੀ। ਅੰਮ੍ਰਿਤਸਰ ਵਿਚ ਉਤਸ਼ਾਹੀ ਅਤੇ ਆਤਮਨਿਰਭਰ ਔਰਤਾਂ ਨਾਲ ਕਾਰ ਚਲਾਉਣਾ ਬਹੁਤ ਰੁਮਾਂਚਕ ਅਨੁਭਵ ਸੀ। ਇਹ ਔਰਤਾਂ ਅਸਲ ਵਿਚ ਹਰਫਨਮੌਲਾ ਹਨ ਜੋ ਘਰ ਦੇ ਕੰਮਕਾਜ ਸੰਭਾਲਣ ਦੇ ਨਾਲ ਨਾਲ ਮਾਹੀ ਦੀ ਤਰ੍ਹਾਂ ਆਪਣਾ ਪਰਿਵਾਰ ਚਲਾਉਣ ਵਿਚ ਮਦਦ ਕਰਦੀਆਂ ਹਨ। ਮੈਂ ਇਨ੍ਹਾਂ ਔਰਤਾਂ ਦੇ ਹੌਸਲੇ ਨੂੰ ਸਲਾਮ ਕਰਦੀ ਹਾਂ।’’
ਕਰਨ ਨੇ ਲਈ ਸਲਮਾਨ ਖਾਨ ਤੋਂ ਪ੍ਰੇਰਣਾ
ਸਟਾਰ ਭਾਰਤ ਜਲਦੀ ਹੀ ਆਪਣੀ ਵਿਲੱਖਣ ਪੇਸ਼ਕਸ਼ ‘ਅੰਮਾ ਕੇ ਬਾਬੂ ਕੀ ਬੇਬੀ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆ ਰਿਹਾ ਹੈ। ਸ਼ੂਨਯ ਸਕੁਵਾਇਰ ਵੱਲੋਂ ਨਿਰਮਤ ਇਸ ਕਹਾਣੀ ਜ਼ਰੀਏ ਚੈਨਲ ਇਕ ਰੁਮਾਂਚਕ ਜੋੜੀ ਦੀ ਕਹਾਣੀ ਨੂੰ ਦਰਸ਼ਕਾਂ ਦੇ ਅੱਗੇ ਰੱਖੇਗਾ ਜੋ ਉਨ੍ਹਾਂ ਦੀ ਨੋਕ ਝੋਕ ਨਾਲ ਉਨ੍ਹਾਂ ਦਾ ਦਿਲ ਜਿੱਤਣ ਵਾਲੇ ਹਨ।
ਇਹ ਸ਼ੋਅ ਤਿੰਨ ਵਿਲੱਖਣ ਅਤੇ ਵਿਸ਼ੇਸ਼ ਕਿਰਦਾਰਾਂ ਦੇ ਆਲੇ ਦੁਆਲੇ ਘੁੰਮਦਾ ਹੈ ਜੋ ਆਪਣੀ ਵਿਲੱਖਣ ਸ਼ਖ਼ਸੀਅਤ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਨਿਰਮਾਤਾਵਾਂ ਨੇ ਸ਼ੋਅ ਦੀ ਕਹਾਣੀ ਨੂੰ ਧਿਆਨ ਵਿਚ ਰੱਖਦੇ ਹੋਏ ਬਿਹਤਰੀਨ ਕਲਾਕਾਰਾਂ ਦੀ ਚੋਣ ਵਿਚ ਕੋਈ ਕਸਰ ਨਹੀਂ ਛੱਡੀ ਹੈ ਅਤੇ ਅੰਮਾ ਦੇ ਰੂਪ ਵਿਚ ਅਨੁਭਵੀ ਅਭਿਨੇਤਰੀ ਵਿਭਾ ਛਿੱਬਰ ਨੂੰ ਚੁਣਿਆ ਗਿਆ ਹੈ। ਬਾਬੂ ਦੇ ਰੂਪ ਵਿਚ ਕਰਨ ਖੰਨਾ ਅਤੇ ਬੇਬੀ ਦੇ ਰੂਪ ਵਿਚ ਗੌਰੀ ਅਗਰਵਾਲ ਨਜ਼ਰ ਆਉਣ ਵਾਲੀ ਹੈ। ਸ਼ੋਅ ਦੇ ਕਿਰਦਾਰ ਤਿਆਰੀ ਵਿਚ ਕੋਈ ਕਸਰ ਨਹੀਂ ਛੱਡ ਰਹੇ। ਉਹ ਆਪਣੀ ਭੂਮਿਕਾ ਨੂੰ ਸਹੀ ਤਰ੍ਹਾਂ ਨਿਭਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਕੁਸ਼ਤੀ ਦਾ ਪੂਰਾ ਅਭਿਆਸ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਉਹ ਸਲਮਾਨ ਖਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ਤੋਂ ਪ੍ਰੇਰਣਾ ਲੈ ਰਹੇ ਹਨ।
ਕਰਨ ਨੇ ਦੱਸਿਆ, ‘‘ਮੈਂ ਸਟਾਰ ਭਾਰਤ ਦੇ ਆਗਾਮੀ ਸ਼ੋਅ ‘ਅੰਮਾ ਕੇ ਬਾਬੂ ਕੀ ਬੇਬੀ’ ਵਿਚ ਕੰਮ ਕਰਨ ਦਾ ਮੌਕਾ ਹਾਸਲ ਕਰਕੇ ਉਤਸ਼ਾਹਿਤ ਹਾਂ। ਸ਼ੋਅ ਵਿਚ ਮੇਰਾ ਬਾਬੂ ਦਾ ਕਿਰਦਾਰ ਬਹੁਤ ਦਿਲਚਸਪ ਹੈ। ਮੈਂ ਹਮੇਸ਼ਾਂ ਇਸ ਤਰ੍ਹਾਂ ਮਜ਼ਬੂਤ ਕਿਰਦਾਰ ਨੂੰ ਨਿਭਾਉਣਾ ਚਾਹੁੰਦਾ ਸੀ ਅਤੇ ਅੰਤ ਵਿਚ ਮੈਨੂੰ ਇਹ ਮੌਕਾ ਮਿਲ ਹੀ ਗਿਆ। ਮੈਂ ਇਕ ਅਜਿਹੇ ਆਦਰਸ਼ਵਾਦੀ ਬੇਟੇ ਦੇ ਕਿਰਦਾਰ ਨੂੰ ਨਿਭਾ ਰਿਹਾ ਹਾਂ ਜੋ ਉਨ੍ਹਾਂ ਦੀ ਹਰ ਗੱਲ ਸੁਣਦਾ ਹੈ। ਉਨ੍ਹਾਂ ਦਾ ਕਿਹਾ ਮੰਨਦਾ ਹੈ ਅਤੇ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹੈ। ਇਸ ਦੇ ਇਲਾਵਾ ਉਹ ਅਖਾੜੇ ਦਾ ਪਹਿਲਵਾਨ ਵੀ ਹੈ। ਉਹ ਬਹੁਤ ਮਜ਼ਬੂਤ ਹੈ ਜਿਸ ਨੂੰ ਕੋਈ ਹਰਾ ਨਹੀਂ ਸਕਦਾ। ਬੇਸ਼ੱਕ ਮੈਂ ਇਸ ਕਿਰਦਾਰ ਲਈ ਨਵਾਂ ਹਾਂ, ਮੈਂ ਇਸ ਲਈ ਜਿੰਨਾ ਹੋ ਸਕਦਾ ਹੈ, ਓਨਾ ਹੋਮਵਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪਣੇ ਆਦਰਸ਼ ਸਲਮਾਨ ਖਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ਦੇਖੀ ਅਤੇ ਇਕ ਅਖਾੜੇ ਦੇ ਖਿਡਾਰੀ ਦੀ ਸਰੀਰਿਕ ਭਾਸ਼ਾ ਨੂੰ ਸਮਝਣ ਅਤੇ ਸਿੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਸ ਕਿਰਦਾਰ ਨੂੰ ਨਿਭਾਉਣ ਲਈ ਉਨ੍ਹਾਂ ਤੋਂ ਪ੍ਰੇਰਣਾ ਲੈਣ ਤੋਂ ਬਿਹਤਰ ਹੋਰ ਕੀ ਹੋ ਸਕਦਾ ਹੈ।’’
ਕਿੰਸ਼ੁਕ ਤੇ ਸ਼ਾਇਨੀ ਦੀ ਮਿਹਨਤ
ਇਸ ਮਹੀਨੇ ਸਟਾਰ ਪਲੱਸ ਦਾ ਸ਼ੋਅ ‘ਪਾਂਡਯਾ ਸਟੋਰ’ ਸ਼ੁਰੂ ਹੋਣ ਵਾਲਾ ਹੈ। ਇਸ ਸ਼ੋਅ ਵਿਚ ਹਰਮਨ ਪਿਆਰਾ ਅਦਾਕਾਰ ਕਿੰਸ਼ੁਕ ਮਹਾਜਨ ਅਤੇ ਸ਼ਾਇਨੀ ਦੋਸ਼ੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਅਲੱਗ ਅਵਤਾਰ ਵਿਚ ਨਜ਼ਰ ਆਉਣਗੇ। ਇਹ ਵੱਡੇ ਭਰਾ ਦੇ ਜੀਵਨ ’ਤੇ ਕੇਂਦਰਿਤ ਕਹਾਣੀ ਹੈ ਜੋ ਆਪਣੀ ਦੇਖਭਾਲ ਕਰਨ ਵਾਲੀ ਪਤਨੀ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਪਰਿਵਾਰ ਅਤੇ ਕਾਰੋਬਾਰ ਦੀਆਂ ਜ਼ਰੂਰਤਾਂ ਦਾ ਵੀ ਧਿਆਨ ਰੱਖਦਾ ਹੈ।
ਇਸ ਕਿਰਦਾਰ ਲਈ ਕਿੰਸ਼ੁਕ ਮਹਾਜਨ ਨੇ ਖ਼ੁਦ ਨੂੰ ਕਿਵੇਂ ਤਿਆਰ ਕੀਤਾ? ਦੇ ਜਵਾਬ ਵਿਚ ਉਸ ਨੇ ਕਿਹਾ, ‘‘ਮੈਂ ਇਸ ਤੋਂ ਪਹਿਲਾਂ ਜੋ ਫੈਮਿਲੀ ਡਰਾਮਾ ਵਾਲੇ ਸ਼ੋਅ’ਜ਼ ਕੀਤੇ ਹਨ, ਉਨ੍ਹਾਂ ਤੋਂ ਇਹ ਬਹੁਤ ਅਲੱਗ ਹੈ। ਪਿਛਲੇ ਸ਼ੋਅ’ਜ਼ ਵਿਚ ਮੈਂ ਮਜ਼ਬੂਤ ਕਿਰਦਾਰਾਂ ਨੂੰ ਨਿਭਾਇਆ ਹੈ ਅਤੇ ਹੁਣ ਮੈਨੂੰ ਇਕ ਜ਼ਿੰਮੇਵਾਰ, ਦੇਖਭਾਲ ਕਰਨ ਅਤੇ ਪਿਆਰ ਕਰਨ ਵਾਲੇ ਕਿਰਦਾਰ ਨੂੰ ਨਿਭਾਉਣ ਦਾ ਮੌਕਾ ਮਿਲਿਆ ਹੈ। ਇਸ ਲਈ ਜਦੋਂ ਇਹ ਮੌਕਾ ਮੇਰੇ ਕੋਲ ਆਇਆ ਤਾਂ ਮੈਨੂੰ ਇਸ ਨੂੰ ਚੁਣਨਾ ਹੀ ਸੀ। ਆਪਣੇ ਕਿਰਦਾਰ ਵਿਚ ਖਰਾ ਉਤਰਨ ਲਈ ਮੈਂ ਲਗਭਗ 5 ਕਿਲੋ ਵਜ਼ਨ ਘੱਟ ਕੀਤਾ ਅਤੇ ਡਾਈਟਿੰਗ ਵਿਚ ਕਈ ਪਰਹੇਜ਼ ਕੀਤੇ। ਮੈਨੂੰ ਗੁਜਰਾਤੀ ਭਾਸ਼ਾ ’ਤੇ ਵੀ ਕੰਮ ਕਰਨਾ ਪਿਆ। ਪਰ ਸਹਿ ਕਲਾਕਾਰ ਸ਼ਾਇਨੀ ਨੇ ਇਸ ਵਿਚ ਮੇਰੀ ਬਹੁਤ ਮਦਦ ਕੀਤੀ। ਇਸ ਸਭ ਤੋਂ ਉੱਪਰ ਸੋਮਨਾਥ ਅਤੇ ਬੀਕਾਨੇਰ ਵਿਚ ਸ਼ੂਟਿੰਗ ਕਰਨਾ ਮੇਰੇ ਲਈ ਆਸ਼ੀਰਵਾਦ ਦੇ ਰੂਪ ਵਿਚ ਸੀ ਕਿਉਂਕਿ ਇਸ ਦੌਰਾਨ ਆਪਣੇ ਕਿਰਦਾਰ ਦੀ ਵਾਸਤਵਿਕਤਾ ਅਤੇ ਪ੍ਰਮਾਣਿਕਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਦਾ ਨਿਰੀਖਣ ਕਰਨਾ ਅਤੇ ਇਸ ਨੂੰ ਆਪਣੇ ਕਿਰਦਾਰ ਵਿਚ ਢਾਲਣ ਦਾ ਮੈਨੂੰ ਮੌਕਾ ਮਿਲਿਆ।’’
ਆਪਣੇ ਕਿਰਦਾਰ ਦੀਆਂ ਤਿਆਰੀਆਂ ਬਾਰੇ ਅਭਿਨੇਤਰੀ ਸ਼ਾਇਨੀ ਦੋਸ਼ੀ ਨੇ ਕਿਹਾ, ‘‘ਮੈਨੂੰ ਇਹ ਕਹਾਣੀ ਬਹੁਤ ਪਸੰਦ ਆਈ। ਜਿਸ ਤਰ੍ਹਾਂ ਮੇਰੇ ਕਿਰਦਾਰ ਨੂੰ ਲਿਖਿਆ ਗਿਆ ਹੈ, ਉਹ ਬਹੁਤ ਕਾਬਲੇ ਤਾਰੀਫ਼ ਹੈ। ਮੈਂ ਮਜ਼ਬੂਤ, ਸਕਾਰਾਤਮਕ ਕਿਰਦਾਰ ਨਿਭਾ ਰਹੀ ਹਾਂ। ਆਪਣੇ ਆਪ ਵਿਚ ਇਹ ਕਿਰਦਾਰ ਬਹੁਤ ਚੁਣੌਤੀਪੂਰਨ ਹੈ, ਪਰ ਹਮੇਸ਼ਾਂ ਇਕ ਨਵੇਂ ਅਵਤਾਰ ਨੂੰ ਨਿਭਾਉਣਾ ਬਹੁਤ ਮਹੱਤਵਪੂਰਨ ਹੈ। ਹਾਲਾਂਕਿ ਮੈਂ ਅਸਲ ਜੀਵਨ ਵਿਚ ਗੁਜਰਾਤੀ ਹਾਂ ਅਤੇ ਮੈਂ ਆਪਣੇ ਕਿਰਦਾਰ ਧਰਾ ਨਾਲ ਖ਼ੁਦ ਨੂੰ ਜੋੜ ਸਕਦੀ ਹਾਂ। ਮੇਰੇ ਕਿਰਦਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੈਨੂੰ ਇਸ ਦੀਆਂ ਬਾਰੀਕੀਆਂ ਨੂੰ ਸਮਝਣਾ ਜ਼ਰੂਰੀ ਸੀ। ਸ਼ੋਅ ਦੀ ਸ਼ੁਰੂਆਤ ਤੋਂ ਪਹਿਲਾਂ ਅਸੀਂ ਵਰਕਸ਼ਾਪ ਵਿਚ ਸ਼ਾਮਲ ਹੋਏ ਜਿਸ ਦੇ ਬਦਲੇ ਮੈਨੂੰ ਆਪਣੇ ਕਿਰਦਾਰ ਨੂੰ ਬਿਹਤਰ ਸਮਝ ਸਕਣ ਵਿਚ ਮਦਦ ਮਿਲੀ। ਮੈਂ ਆਪਣੇ ਕਿਰਦਾਰ ਨੂੰ ਅਸਲ ਰੂਪ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਧਰਾ ਪਾਂਡਯਾ ਨਾਲ ਖ਼ੁਦ ਨੂੰ ਜੋੜ ਸਕਣਗੇ।’’