ਮੁੰਬਈ: ਬੌਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਨੇ ਅੱਜ ਕਿਹਾ ਕਿ ਉਸ ਨੇ ਆਪਣੀ ਆਉਣ ਵਾਲੀ ਫ਼ਿਲਮ ‘ਖੋ ਗਏ ਹਮ ਕਹਾਂ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਮੁੰਬਈ ਵਿੱਚ ਤਿੰਨ ਦੋਸਤਾਂ ਦੀ ‘ਡਿਜੀਟਲ ਯੁੱਗ ਦੀ ਕਹਾਣੀ’ ਪੇਸ਼ ਕਰਦੀ ਇਸ ਫ਼ਿਲਮ ਵਿੱਚ ਅਨੰਨਿਆ ਪਾਂਡੇ, ਸਿਧਾਰਥ ਚਤੁਰਵੇਦੀ ਅਤੇ ਆਦਰਸ਼ ਗੌਰਵ ਨੇ ਮੁੱਖ ਭੂਮਿਕਾ ਨਿਭਾਈ ਹੈ। ਅਦਾਕਾਰਾ ਨੇ ਆਪਣੇ ਅਧਿਕਾਰਤ ਇੰਸਟਗ੍ਰਾਮ ਪੇਜ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅਨੰਨਿਆ ਨੇ ਲਿਖਿਆ, ‘‘ਅਸੀਂ ਇੱਕ ਫ਼ਿਲਮ ਬਣਾਈ ਹੈ। ਫ਼ਿਲਮ ‘ਖੋ ਗਏ ਹਮ ਕਹਾਂ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਜਿਹੜੀ ਕਿ ਬਹੁਤ ਖੋਜਪੂਰਨ, ਸੁਝਾਆਤਮਕ ਅਤੇ ਖੁੱਲ੍ਹੇ ਪ੍ਰਗਟਾਵੇ ਰਾਹੀਂ ਮਨੋਵਿਗਿਆਨਕ ਤਜਰਬਾ ਪ੍ਰਦਾਨ ਕਰਦੀ ਹੈ। ਮੈਨੂੰ ਨਹੀਂ ਪਤਾ ਸੀ ਕਿ ਇੱਕੋ ਵੇਲੇ ਇੰਨੇ ਸਾਰੇ ਲੋਕਾਂ ਨੂੰ ਪਿਆਰ ਕਰਨਾ ਸੰਭਵ ਹੈ ਪਰ ਮੈਂ ਸੈੱਟ ’ਤੇ ਰੋਜ਼ਾਨਾ ਇਸ ਫ਼ਿਲਮ ਨਾਲ ਜੁੜੇ ਹਰ ਇੱਕ ਵਿਅਕਤੀ ਲਈ ਇਹ ਮਹਿਸੂਸ ਕੀਤਾ।’’ ਉਸ ਨੇ ਕਿਹਾ ਕਿ ਫ਼ਿਲਮ ਦੇ ਸਹਿ-ਅਦਾਕਾਰ ਚਤੁਰਵੇਦੀ ਅਤੇ ਗੌਰਵ ਹੁਣ ਉਸ ਦੇ ਵਧੀਆ ਦੋਸਤ ਹਨ। ਦੱਸਣਯੋਗ ਹੈ ਕਿ ਫ਼ਿਲਮ ‘ਖੋ ਗਏ ਹਮ ਕਹਾਂ’ ਦਾ ਨਿਰਦੇਸ਼ਨ ਫ਼ਿਲਮਕਾਰ ਅਰਜੁਨ ਵਰੇਨ ਸਿੰਘ ਨੇ ਕੀਤਾ ਹੈ, ਜਿਸ ਨੇ ਫ਼ਿਲਮ ਦੀ ਸਕ੍ਰਿਪਟ ਜ਼ੋਇਆ ਅਖ਼ਤਰ ਤੇ ਰੀਮਾ ਸਿੰਘ ਨਾਲ ਮਿਲ ਕੇ ਲਿਖੀ ਹੈ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਦਾ ਪ੍ਰੋਗਰਾਮ ਹੈ। -ਪੀਟੀਆਈ