ਲਾਸ ਏਂਜਲਸ, 24 ਅਗਸਤ
ਹੌਲੀਵੁੱਡ ਅਦਾਕਾਰਾ ਤੇ ਫਿਲਮ ਨਿਰਮਾਤਾ ਐਂਜਲੀਨਾ ਜੌਲੀ ਨੇ ਅਫ਼ਗਾਨਿਸਤਾਨ ਵਿਚੋਂ ਅਮਰੀਕਾ ਵੱਲੋਂ ਫ਼ੌਜਾਂ ਕੱਢਣ ਕਾਰਨ ਹਾਲਾਤ ਵਿਗੜਨ ’ਤੇ ਗੁੱਸਾ ਜ਼ਾਹਰ ਕੀਤਾ ਹੈ। ‘ਟਾਈਮ’ ਮੈਗਜ਼ੀਨ ਦੇ ਲੇਖ ਵਿੱਚ ਅਦਾਕਾਰਾ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਬਾਰੇ ਤੁਹਾਡੇ ਵਿਚਾਰ ਜੋ ਵੀ ਹੋਣ ਪਰ ਸਾਰੇ ਇਸ ਨਾਲ ਸਹਿਮਤ ਹਨ ਕਿ ਇਹ ਇਸ ਤਰ੍ਹਾਂ ਖ਼ਤਮ ਨਹੀਂ ਹੋਣਾ ਚਾਹੀਦਾ ਸੀ। ਉਸ ਨੇ ਕਿਹਾ ਕਿ ਅਫ਼ਗਾਨਿਸਤਾਨ ਸਰਕਾਰ ਤੇ ਤਾਲਿਬਾਨ ਵਿਚਕਾਰ ਸ਼ਾਂਤੀ ਸਮਝੌਤੇ ਦੀ ਯੋਜਨਾ ਤੋਂ ਅਜਿਹੇ ਵੇਲੇ ਭੱਜਣਾ ਸਹੀ ਨਹੀਂ ਸੀ ਜਿਸ ਕਾਰਨ ਅਫ਼ਗਾਨਿਸਤਾਨ ਸਰਕਾਰ ਡਿੱਗ ਗਈ ਤੇ ਉੱਥੇ ਹਾਲਾਤ ਬਦਤਰ ਹੋ ਗਏ। ਉਸ ਨੇ ਕਿਹਾ ਕਿ ਅਮਰੀਕਾ ਨੇ ਪਹਿਲਾਂ ਅਫਗਾਨਿਸਤਾਨ ਵਿੱਚ ਸ਼ਾਂਤੀ ਬਹਾਲੀ ਲਈ ਕਈ ਯਤਨ ਕੀਤੇ ਪਰ ਆਪਣੇ ਸਹਿਯੋਗੀਆਂ ਤੇ ਸਮਰਥਕਾਂ ਨੂੰ ਅਜਿਹੇ ਵੇਲੇ ਛੱਡਣਾ ਵਿਸ਼ਵਾਸਘਾਤ ਕਰਨ ਦੇ ਤੁੱਲ ਹੈ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਦੇ ਹਾਈ ਕਮਿਸ਼ਨਰ ਦੇ ਵਿਸ਼ੇਸ਼ ਦੂਤ ਵਜੋਂ ਮਾਨਵਤਾਵਾਦੀ ਕੰਮ ਪੂਰਾ ਕਰ ਚੁੱਕੀ ਐਂਜਲੀਨਾ ਜੌਲੀ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਦੀ ਕਰਨੀ ਤੋਂ ਸ਼ਰਮਿੰਦਾ ਹੈ ਅਤੇ ਮਹਿਸੂਸ ਕਰਦੀ ਹੈ ਕਿ ਅਫ਼ਗਾਨਿਸਤਾਨ ਵਿੱਚ ਵਾਪਰੀਆਂ ਘਟਨਾਵਾਂ ਨਾਲ ਅਮਰੀਕਾ ਦਾ ਕੱਦ ਕਾਫ਼ੀ ਘਟਿਆ ਹੈ। ਉਸ ਨੇ ਕਿਹਾ ਕਿ ਇੱਕ ਅਮਰੀਕੀ ਹੋਣ ਦੇ ਨਾਤੇ ਉਹ ਅਫ਼ਗਾਨਿਸਤਾਨ ਦੀਆਂ ਔਰਤਾਂ ਦੇ ਹਾਲਾਤ ਬਾਰੇ ਵੀ ਚਿੰਤਤ ਹੈ ਕਿਉਂਕਿ ਤਾਲਿਬਾਨ, ਔਰਤਾਂ ਨਾਲ ਬਦਸਲੂਕੀ ਕਰਦੇ ਹਨ। ਅਫ਼ਗਾਨਿਸਤਾਨ ਤੋਂ ਫ਼ੌਜਾਂ ਦੀ ਵਾਪਸੀ ਨੇ ਇੱਕ ਨਵਾਂ ਸ਼ਰਨਾਰਥੀ ਸੰਕਟ ਖੜ੍ਹਾ ਕਰ ਦਿੱਤਾ ਹੈ। -ਏਜੰਸੀ