ਮੁੰਬਈ: ਇੰਡੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਬੋਸਟਨ ਵਿੱਚ ਅਦਾਕਾਰ ਅੰਸ਼ੂਮਨ ਝਾਅ ਨੂੰ ਫਿਲਮ ‘ਮਿਡਨਾਈਟ ਡੇਲੀ’ ਵਿੱਚ ਨਿਭਾਏ ਗਏ ਕਿਰਦਾਰ ਲਈ ‘ਸਰਬੋਤਮ ਅਦਾਕਾਰ-ਆਲੋਚਕ ਐਵਾਰਡ’ ਮਿਲਿਆ ਹੈ। ਇਸ ਸਬੰਧੀ ਫਿਲਮ ਦੇ ਨਿਰਦੇਸ਼ਕ ਰਾਕੇਸ਼ ਰਾਵਤ ਨੇ ਕਿਹਾ, ‘‘ਉਹ ਬਹੁਤ ਵਿਲੱਖਣ ਕਲਾਕਾਰ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਉਹ ਮੇਰੀ ਪਹਿਲੀ ਫਿਲਮ ਦਾ ਹਿੱਸਾ ਬਣਨ ਲਈ ਰਾਜ਼ੀ ਹੋ ਗਿਆ ਤੇ ਇਸ ਕਿਰਦਾਰ ਨੂੰ ਇੰਨੀ ਸੂਖਮਤਾ ਦਿੱਤੀ।’’ ‘ਮਿਡਨਾਈਟ ਡੇਲੀ’ ਦਿੱਲੀ ਦੀਆਂ ਬੇਰਹਿਮ ਰਾਤਾਂ ’ਤੇ ਆਧਾਰਤ ਕਹਾਣੀ ਹੈ। ਇਸ ਵਿੱਚ ਅੰਸ਼ੁਮਨ ਸਰਜੀਕਲ ਬਲੇਡ ਚੋਰੀ ਕਰ ਕੇ ਔਰਤਾਂ ’ਤੇ ਹਮਲਾ ਕਰਦਾ ਹੈ। ਅੰਸ਼ੂਮਨ ਫਿਲਹਾਲ ਨਿਰਦੇਸ਼ਕ ਵਜੋਂ ਆਪਣੀ ਪਹਿਲੀ ਫਿਲਮ ‘ਲਾਰਡ ਕਰਜ਼ਨ ਕੀ ਹਵੇਲੀ’ ਦੀ ਰਿਲੀਜ਼ ਉਡੀਕ ਰਿਹਾ ਹੈ। ਕਾਮੇਡੀ ਥ੍ਰਿਲਰ ’ਚ ਅਰਜੁਨ ਮਾਥੁਰ, ਰਸਿਕਾ ਦੁੱਗਲ ਤੇ ਪਰਮਬਰਤ ਚੈਟਰਜੀ ਨਜ਼ਰ ਆਉਣਗੇ। -ਆਈਏਐੱਨਐੱਸ