ਮੁੰਬਈ: ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਆਪਣੇ 66ਵਾਂ ਜਨਮਦਿਨ ਆਪਣੇ ਆਂਢ-ਗੁਆਂਢ ’ਚ ਰਹਿੰਦੇ ਬੱਚਿਆਂ ਨਾਲ ਨਾਸ਼ਤਾ ਪਾਰਟੀ ਕਰਕੇ ਮਨਾਇਆ। ਅਨੁਪਮ ਇਨ੍ਹਾਂ ਬੱਚਿਆਂ ਨੂੰ ਆਪਣੇ ਜਿਗਰੀ ਦੋਸਤ ਆਖਦੇ ਹਨ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਐਤਵਾਰ ਸਵੇਰ ਨੂੰ ਬੱਚਿਆਂ ਨਾਲ ਨੱਚਦੇ ਨਜ਼ਰ ਆ ਰਹੇ ਹਨ। ਅਨੁਪਮ ਨੇ ਲਿਖਿਆ ਹੈ, ‘ਆਪਣੇ ਜਿਗਰੀ ਦੋਸਤਾਂ ਨਾਲ ਜਨਮ ਦਿਨ ਦੀ ਸ਼ੁਰੂਆਤ ਕਰਨ ਨਾਲੋਂ ਚੰਗਾ ਹੋਰ ਕੀ ਹੋ ਸਕਦਾ ਹੈ#ਕੋਹਿਨੂਰ#ਭਾਰਤੀ#ਰਾਹੁਲ#ਸਾਕਸ਼ੀ#ਦਿਵਿਆ#ਦਰਸ਼ਨਾ#ਯੋਗੇਸ਼ ਅਤੇ #ਆਰਿਕ!! ਅਸੀਂ ਇੱਕ ਦੂਜੇ ਨੂੰ ਬਹੁਤ ਖੁਸ਼ ਰੱਖਦੇ ਹਾਂ।’ ਇਸ ਦੇ ਨਾਲ ਹੀ ਅਨੁਪਮ ਨੇ ਇਸ ਵਕਤ ਸਭ ਤੋਂ ਵੱਧ ਪ੍ਰਚੱਲਿਤ ਹੋ ਰਹੀ ਟਿਕਟੌਕ ਵੀਡੀਓ ‘ਪਾਅਰੀ ਹੋ ਰਈ ਹੈ’ ਦਾ ਹੈਸ਼ਟੈਗ ਵੀ ਵਰਤਿਆ। ਇਸੇ ਦੌਰਾਨ ਬੌਲੀਵੁੱਡ ਦੀਆਂ ਕਈ ਹਸਤੀਆਂ ਨੇ ਟਵਿੱਟਰ ਰਾਹੀਂ ਅਨੁਪਮ ਖੇਰ ਨੂੰ ਜਨਮਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ। ਸਤੀਸ਼ ਕੌਸ਼ਿਕ ਨੇ ਲਿਖਿਆ, ‘ਹੈਲੋ ਸ਼ਿਮਲਾ ਬੁਆਏ@ਅਨੁਪਮ ਖੇਰ। ਇਸ ਸਾਲ ਹੋਰ ਵੀ ਜਵਾਨ ਹੋ ਗਏ ਹੋ ਤੇ ਇਸ ਦਾ ਅਸਰ ਮੇਰੇ ’ਤੇ ਵੀ ਦਿਖ ਰਿਹਾ ਹੈ। ਇੱਕ ਇਨਸਾਨ ਵਜੋਂ ਅਤੇ ਇੱਕ ਅਦਾਕਾਰ ਵਜੋਂ ਤੁਹਾਡੇ ਮੁੱਖ ’ਤੇ ਦਿਖਣ ਵਾਲੀ ਚਮਕ ਅਤੇ ਖੂਬਸੂਰਤੀ ਸਭ ਨੂੰ ਪ੍ਰੇਰਦੀ ਹੈ। ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। -ਆਈਏਐੱਨਐੱਸ