ਚੰਡੀਗੜ੍ਹ: ਪਿਛਲੇ ਮਹੀਨੇ ਇਕ ਰੋਜ਼ਾ ਅਤੇ ਟੀ-20 ਮੈਚਾਂ ਦੀ ਕਪਤਾਨੀ ਛੱਡਣ ਵਾਲੇ ਵਿਰਾਟ ਕੋਹਲੀ ਨੇ ਬੀਤੀ ਸ਼ਾਮ ਸੋਸ਼ਲ ਮੀਡੀਆ ’ਤੇ ਭਾਰਤੀ ਟੈਸਟ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਉਪਰੰਤ ਵਿਰਾਟ ਕੋਹਲੀ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ ’ਤੇ ਆਪਣੇ ਪਤੀ ਲਈ ਇੱਕ ਭਾਵੁਕ ਪੱਤਰ ਲਿਖਿਆ ਹੈ। ਅਨੁਸ਼ਕਾ ਨੇ ਲਿਖਿਆ, ‘‘ਮੈਨੂੰ 2014 ਦਾ ਉਹ ਦਿਨ ਯਾਦ ਹੈ, ਜਦੋਂ ਟੈਸਟ ਕ੍ਰਿਕਟ ਤੋਂ ਐੱਮਐੱਸ ਦੇ ਸੇਵਾਮੁਕਤ ਹੋਣ ਦੇ ਫ਼ੈਸਲੇ ਮਗਰੋਂ ਤੁਹਾਨੂੰ ਕਪਤਾਨ ਬਣਾਇਆ ਗਿਆ ਸੀ। ਮੈਨੂੰ ਯਾਦ ਹੈ ਐੱਮਐੱਸ, ਤੁਸੀਂ ਅਤੇ ਮੈਂ ਉਸ ਦਿਨ ਬਾਅਦ ਵਿੱਚ ਗੱਲਬਾਤ ਕੀਤੀ ਸੀ ਅਤੇ ਉਹ ਮਜ਼ਾਕ ਕਰ ਰਿਹਾ ਸੀ ਕਿ ਤੁਹਾਡੀ ਦਾੜ੍ਹੀ ਕਿੰਨੀ ਛੇਤੀ ਸਫੈਦ ਹੋਣੀ ਸ਼ੁਰੂੁ ਹੋ ਗਈ ਹੈ। ਉਸੇ ਦਿਨ ਤੋਂ, ਮੈਂ ਦੇਖਿਆ ਤੁਹਾਡੀ ਦਾੜ੍ਹੀ ਹੋਰ ਵੀ ਸਫੈਦ ਹੁੰਦੀ ਗਈ। ਮੈਂ ਵਿਕਾਸ ਹੁੰਦਾ ਦੇਖਿਆ, ਅਸੀਮ ਵਿਕਾਸ, ਤੁਹਾਡੇ ਆਸ-ਪਾਸ ਤੇ ਤੁਹਾਡੇ ਅੰਦਰ। ਹਾਂ, ਮੈਨੂੰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਜੋਂ ਤੁਹਾਡੀ ਤਰੱਕੀ ਤੇ ਤੁਹਾਡੀ ਅਗਵਾਈ ਹੇਠ ਟੀਮ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ। ਪਰ ਇਸੇ ਤੋਂ ਵੀ ਵੱਧ ਮਾਣ ਮੈਨੂੰ ਤੁਹਾਡੇ ਅੰਦਰਲੇ ਵਿਕਾਸ ’ਤੇ ਹੈ।’’ ਅਨੁਸ਼ਕਾ ਨੇ ਲਿਖਿਆ ਹੈ, ‘‘2014 ਦੌਰਾਨ ਅਸੀਂ ਬਹੁਤ ਛੋਟੇ ਅਤੇ ਭੋਲੇ ਸੀ। ਇਹ ਸੋਚਣਾ ਕਿ ਚੰਗੇ ਇਰਾਦੇ, ਸਾਕਾਰਤਮਕ ਉਦੇਸ਼ ਤੁਹਾਨੂੰ ਜ਼ਿੰਦਗੀ ਨੂੰ ਅੱਗੇ ਲੈ ਜਾਂਦੇ ਹਨ। ਇਹ ਯਕੀਨੀ ਤੌਰ ’ਤੇ ਹੁੰਦਾ ਹੈ ਪਰ ਚੁਣੌਤੀਆਂ ਤੋਂ ਬਗ਼ੈਰ ਨਹੀਂ ਹੈ। ਇਨ੍ਹਾਂ ਬਹੁਤ ਸਾਰੀਆਂ ਚੁਣੌਤੀਆਂ ਦਾ ਤੁਸੀਂ ਸਾਹਮਣਾ ਕੀਤਾ, ਜੋ ਤੁਹਾਡੇ ਖੇਤਰ ਦੀਆਂ ਨਹੀਂ ਸਨ। ਪਰ ਫਿਰ ਵੀ ਇਹੀ ਜ਼ਿੰਦਗੀ ਹੈ। ਇਹ ਤੁਹਾਨੂੰ ਉੱਥੇ ਪਰਖਦੀ ਹੈ, ਜਿੱਥੇ ਤੁਹਾਨੂੰ ਇਸ ਦੀ ਉਮੀਦ ਨਹੀਂ ਹੁੰਦੀ ਪਰ ਜਿੱਥੇ ਤੁਹਾਨੂੰ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਅਤੇ ਮੇਰੇ ਪਿਆਰੇ, ਮੈਨੂੰ ਤੁਹਾਡੇ ’ਤੇ ਬਹੁਤ ਮਾਣ ਹੈ ਕਿਉਂਕਿ ਤੁਸੀਂ ਆਪਣੇ ਨੇਕ ਇਰਾਦਾ ਤੋਂ ਨਹੀਂ ਥਿੜਕੇ।’’ -ਟ੍ਰਿਬਿਊਨ ਵੈੱਬ ਡੈਸਕ