ਮੁੰਬਈ: ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਮੰਨਣਾ ਹੈ ਕਿ ਆਪਣੇ ਸੁਰੱਖਿਅਤ ਖੇਤਰ ਤੋਂ ਬਾਹਰ ਨਿਕਲਣ ਲਈ, ਉਸ ਲਈ ਇਹ ਜ਼ਰੂਰੀ ਹੈ ਕਿ ਉਹ ਫਿਲਮਾਂ ਦੀ ਚੋਣ ਕਰਨ ਵੇਲੇ ਆਪਣੀ ਪਸੰਦ ਭਾਰੀ ਨਾ ਪੈਣ ਦੇਵੇ। ਉਸ ਨੇ ਆਪਣੀ 2012 ਦੀ ਪਹਿਲੀ ਫਿਲਮ ‘ਇਸ਼ਕਜ਼ਾਦੇ’ ਤੋਂ ਲੈ ਕੇ ‘ਔਰੰਗਜ਼ੇਬ’ ਅਤੇ ‘ਗੁੰਡੇ’ ਵਰਗੀਆਂ ਫਿਲਮਾਂ ਤੱਕ ਅਜਿਹੇ ਕਿਰਦਾਰ ਵੀ ਨਿਭਾਏ ਜੋ ਉਸ ਦੀ ਪਸੰਦ ਦੇ ਨਹੀਂ ਸਨ। ਗੱਲਬਾਤ ਦੌਰਾਨ ਉਸ ਨੇ ਕਿਹਾ, ‘‘ਇਹ ਜ਼ਰੂੁਰੀ ਨਹੀਂ ਕਿ ਹਰੇਕ ਕਿਰਦਾਰ ਮੇਰੀ ਪਸੰਦ ਦਾ ਹੋਵੇ ਅਤੇ ਇਹੀ ਇਕ ਅਦਾਕਾਰ ਦਾ ਗੁਣ ਹੈ। ਤੁਸੀਂ ਨਿੱਜੀ ਤੌਰ ’ਤੇ ਹਮੇਸ਼ਾ ਆਪਣੇ ਕਿਰਦਾਰ ਨਾਲ ਸਹਿਮਤ ਨਹੀਂ ਹੁੰਦੇ ਪਰ ਇਕ ਅਦਾਕਾਰ ਵਜੋਂ ਅਜਿਹਾ ਕਿਰਦਾਰ ਨਿਭਾਉਣਾ ਦਿਲਚਸਪ ਹੁੰਦਾ ਹੈ ਜੋ ਕਿ ਤੁਸੀਂ ਨਹੀਂ ਹੋ, ਨਹੀਂ ਤਾਂ ਮੈਂ ਆਪਣੇ ਆਪ ਨਾਲ ਖੇਡਦਾ ਰਹਾਂਗਾ। ਉਸ ਨੇ ਕਿਹਾ ਕਿ ‘2 ਸਟੇਟਸ’ ਤੋਂ ਕ੍ਰਿਸ਼ ਅਤੇ ‘ਕੀ ਐਂਡ ਕਾ’ ਤੋਂ ਕਬੀਰ ਵਰਗੇ ਕੁਝ ਕਿਰਦਾਰ ਹਨ ਜਿਹੜੇ ਉਸ ਵਰਗੇ ਹਨ। 37 ਸਾਲਾ ਅਦਾਕਾਰ ਨੇ ਕਿਹਾ, ‘‘ਕੁਝ ਕਿਰਦਾਰ ਤੁਹਾਡੇ ਨਾਲ ਮੇਲ ਖਾਂਦੇ ਹਨ, ਇਸ ਵਾਸਤੇ ਤੁਸੀਂ ‘2 ਸਟੇਟਸ’ ਅਤੇ ‘ਕੀ ਐਂਡ ਕਾ’ ਵਰਗੀਆਂ ਫਿਲਮਾਂ ਵੱਲ ਆਕਰਸ਼ਿਤ ਹੋ ਜਾਂਦੇ ਹੋ ਪਰ ਇਹ ਹਰ ਵਾਰ ਨਹੀਂ ਹੁੰਦਾ। ਤੁਸੀਂ ਆਪਣੇ ਆਪ ਨੂੰ ਐਨੀ ਗੰਭੀਰਤਾ ਨਾਲ ਨਹੀਂ ਲੈ ਸਕਦੇ ਕਿ ਤੁਸੀਂ ਆਪਣੇ ਖਿਆਲਾਂ ’ਚੋਂ ਹੀ ਨਾ ਨਿਕਲ ਸਕੋ। ਤੁਹਾਨੂੰ ਇਹ ਵਿਸ਼ਵਾਸ ਕਰਨਾ ਪਵੇਗਾ ਕਿ ਤੁਸੀਂ ਜੋ ਵੀ ਕਰ ਰਹੇ ਹੋ ਉਹ ਮਨੋਰੰਜਨ ਲਈ ਹੈ ਅਤੇ ਦਰਸ਼ਕਾਂ ਨਾਲ ਜੁੜਨ ਲਈ ਹੈ।’’ ਉਸ ਦੀ ਅਗਲੀ ਫਿਲਮ ‘ਏਕ ਵਿਲੇਨ ਰਿਟਰਨਜ਼’ ਹੈ, ਜੋ ਰੋਮਾਂਟਿਕ ਬਦਲਾ ਲੈਣ ਵਾਲੀ ਐਕਸ਼ਨ ਫਿਲਮ ਹੈ ਜਿਸ ਵਿੱਚ ਜੌਹਨ ਅਬਰਾਹਿਮ, ਤਾਰਾ ਸੁਤਾਰੀਆ ਅਤੇ ਦਿਸ਼ਾ ਪਟਾਨੀ ਵੀ ਹਨ। ਇਹ ਫਿਲਮ 29 ਜੁਲਾਈ ਨੂੰ ਰਿਲੀਜ਼ ਹੋਵੇਗੀ।-ਪੀਟੀਆਈ