ਮੁੰਬਈ, 18 ਅਗਸਤ
ਪਾਕਿਸਤਾਨ ਦੇ ਫ਼ਿਲਮ ਨਿਰਦੇਸ਼ਕ ਅਸੀਮ ਅੱਬਾਸੀ ਜੋ ਕਿ ਵੈੱਬ ਸੀਰੀਜ਼ ‘ਚੁੜੈਲਜ਼’ ਰਾਹੀਂ ਪਹਿਲੀ ਵਾਰ ਭਾਰਤੀ ਡਿਜੀਟਲ ਸਟਰੀਮਿੰਗ ਪਲੇਟਫਾਰਮ ਉਤੇ ਆ ਰਹੇ ਹਨ, ਨੇ ਕਿਹਾ ਹੈ ਕਿ ਸਿਆਸੀ ਵਖ਼ਰੇਵਿਆਂ ਦੇ ਬਾਵਜੂਦ ਮਨੋਰੰਜਨ ਜਗਤ ਵਿਚ ਇਸ ਤਰ੍ਹਾਂ ਦਾ ਆਦਾਨ-ਪ੍ਰਦਾਨ ਭਾਰਤ-ਪਾਕਿ ਵਿਚਾਲੇ ਏਕਾ ਵਧਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਲਾ ਨੂੰ ਇਸ ਤਰ੍ਹਾਂ ਦੇ ਬਦਲ ਮੁਹੱਈਆ ਕਰਵਾਉਣੇ ਚਾਹੀਦੇ ਹਨ ਜੋ ਸਿਆਸੀ ਪੱਧਰ ਉਤੇ ਸੰਭਵ ਨਹੀਂ ਹੋ ਸਕੇ ਹਨ। ਅੱਬਾਸੀ ਨੇ ਕਿਹਾ ਕਿ ਇਹ ਪੁਲਾਂ ਨੂੰ ਉਸਾਰਨ ਤੇ ਜੋੜਨ ਵਾਂਗ ਹੈ। ਅੱਬਾਸੀ ਨੇ ਕਿਹਾ ਕਿ ਯੂਕੇ ਵਿਚ ਬੈਠੇ ਉਹ ਪਾਕਿਸਤਾਨੀ ਹੋਣ ਦੇ ਬਾਵਜੂਦ ਕਈ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਕਹਾਣੀਆਂ ਦੱਸ ਕੇ ਅਸੀਂ ਇਕ-ਦੂਜੇ ਨਾਲ ਜੁੜ ਰਹੇ ਹਾਂ ਜੋ ਕਿ ਮਨੋਰੰਜਨ ਦਾ ਸਭ ਤੋਂ ਪੁਰਾਣਾ ਤਰੀਕਾ ਹੈ। ਪਾਕਿ ਨਿਰਦੇਸ਼ਕ ਨੇ ਕਿਹਾ ਕਿ ਕਲਾ ਦਾ ਮੰਤਵ ਹੀ ਲੋਕਾਂ ਨੂੰ ਨੇੜੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਵਖ਼ਰੇਵਿਆਂ ਕਾਰਨ ਕੁਝ ਰੁਕਾਵਟਾਂ ਹਨ ਪਰ ਅਸੀਂ ਯਤਨ ਜਾਰੀ ਰੱਖਾਂਗੇ। ਵੈੱਬ ਸੀਰੀਜ਼ ਵਿਚ ਨਿਮਰਾ ਬੁਚਾ, ਸਰਵਤ ਗਿਲਾਨੀ, ਯਾਸਰਾ ਰਿਜ਼ਵੀ, ਮਿਹਰ ਬਾਨੋ ਦੀ ਅਹਿਮ ਅਤੇ ਪਾਕਿ ਸੁਪਰਸਟਾਰ ਮਹੀਰਾ ਖ਼ਾਨ ਦੀ ਵੀ ਛੋਟੀ ਜਿਹੀ ਭੂਮਿਕਾ ਹੈ।
-ਆਈਏਐਨਐੱਸ