ਨਵੀਂ ਦਿੱਲੀ, 11 ਜੂਨ
ਅਦਾਕਾਰਾ ਵਿਦਿਆ ਬਾਲਨ ਨੇ ਬੌਲੀਵੁੱਡ ਨਾਲ ਜੁੜੀਆਂ ਰੂੜੀਵਾਦੀ ਧਾਰਨਾਵਾਂ ਨੂੰ ਚੁਣੌਤੀ ਦਿੰਦਿਆਂ ਆਪਣੇ ਹਰ ਰੋਲ ਨੂੰ ਬਾਖੂਬੀ ਨਿਭਾਇਆ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਅਜਿਹਾ ਕੁੱਝ ਨਹੀਂ ਸੀ, ਜੋ ਉਸ ਨੇ ਜਾਣ-ਬੁੱਝ ਕੇ ਕੀਤਾ। ਵਿਦਿਆ ਨੇ ਬੌਲੀਵੁੱਡ ਦੀ 2005 ਵਿੱਚ ਆਈ ਫਿਲਮ ‘ਪਰਿਨੀਤਾ’ ਨਾਲ ਆਪਣੇ ਕਰੀਅਰ ਦੀ ਸ਼ੂੁਰੂਆਤ ਕੀਤੀ ਸੀ। ਉਸ ਨੇ ‘ਭੂਲ ਭੁਲੱਈਆ’, ‘ਨੋ ਵੱਨ ਕਿੱਲਡ ਜੈਸਿਕਾ’, ‘ਦਿ ਡਰਟੀ ਪਿਕਚਰ’, ‘ਪਾ’, ‘ਕਹਾਣੀ’, ‘ਇਸ਼ਕੀਆ’, ‘ਮਿਸ਼ਨ ਮੰਗਲ’, ‘ਤੁਮਹਾਰੀ ਸੁੱਲੂ’ ਅਤੇ ‘ਸ਼ੰਕੁਤਲਾ ਦੇਵੀ’ ਵਰਗੀਆਂ ਫਿਲਮਾਂ ਵਿੱਚ ਕੰਮ ਕਰਕੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਹੁਣ ਉਹ ਅਮਿਤ ਮਸੁਰਕਰ ਦੀ ਆਉਣ ਵਾਲੀ ਫਿਲਮ ‘ਸ਼ੇਰਨੀ’ ਵਿੱਚ ਜੰਗਲਾਤ ਅਧਿਕਾਰੀ ਦੇ ਕਿਰਦਾਰ ਵਿੱਚ ਦਿਖਾਈ ਦੇਵੇਗੀ। ਪਦਮਸ੍ਰੀ ਅਤੇ ਨੈਸ਼ਨਲ ਐਵਾਰਡ ਜੇਤੂ ਅਦਾਕਾਰਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਰੂੜੀਵਾਦੀ ਵਿਚਾਰਧਾਰਾ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਆਪਣੀ ਜ਼ਿੰਦਗੀ ਦੇ ਤਜਰਬੇ, ਖਾਸ ਕਰਕੇ ਇੱਕ ਅਦਾਕਾਰਾ ਵਜੋਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਆਪਣੇ ਬਿਹਤਰ ਅਦਾਕਾਰਾ ਬਣਨ ਦੇ ਰਾਹ ਵਿੱਚ ਕੋਈ ਅੜਿੱਕਾ ਨਹੀਂ ਆਉਣ ਦਿਆਂਗੀ।’’ ਉਸ ਨੇ ਕਿਹਾ, ‘‘ਇਸ ਲਈ ਜੇਕਰ ਕੋਈ ਮੈਨੂੰ ਕਹਿੰਦਾ ਹੈ ਕਿ ਮੈਂ ਬਹੁਤ ਛੋਟੀ ਹਾਂ, ਮੋਟੀ ਹਾਂ, ਨਿਡਰ ਹਾਂ ਜਾਂ ਬੇਸ਼ਰਮ ਹਾਂ ਜਾਂ ਬਹੁਤ ਸਮਝਦਾਰ ਹਾਂ ਜਾਂ ਹੋਰ ਜੋ ਕੁਝ ਵੀ ਹਾਂ, ਮੈਂ ਜਿਹੋ ਜਿਹੀ ਵੀ ਹਾਂ ਖ਼ੁਦ ਨੂੰ ਬਦਲ ਨਹੀਂ ਸਕਦੀ ਪਰ ਆਪਣਾ ਰਸਤਾ ਚੁਣ ਸਕਦੀ ਹਾਂ।’’ ਸੋਲ੍ਹਾਂ ਸਾਲ ਦੀ ਉਮਰ ਵਿੱਚ ਟੀਵੀ ਸੀਰੀਅਲ ‘ਹਮ ਪਾਂਚ’ ਨਾਲ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ‘ਸ਼ੇਰਨੀ’ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੀ ਹੈ। ਇਹ ਫਿਲਮ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ 18 ਜੂਨ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ