ਜੱਗਾ ਸਿੰਘ ਆਦਮਕੇ
ਹਰ ਖਿੱਤੇ ਵਿੱਚ ਵੱਖ ਵੱਖ ਤਰ੍ਹਾਂ ਦਾ ਮੌਸਮ ਹੁੰਦਾ ਹੈ। ਹਰ ਖਿੱਤੇ ਦਾ ਆਪਣਾ ਸਾਲ ਅਤੇ ਉਸ ਦੇ ਮਹੀਨੇ ਹੁੰਦੇ ਹਨ। ਹਰ ਖਿੱਤੇ ਦੇ ਲੋਕਾਂ ਦੇ ਰੀਤੀ ਰਿਵਾਜਾਂ, ਤਿਉਹਾਰਾਂ ਆਦਿ ਵਰਗੇ ਬਹੁਤ ਸਾਰੇ ਪੱਖ ਇਨ੍ਹਾਂ ਮਹੀਨਿਆਂ ਨਾਲ ਸਬੰਧਤ ਹੁੰਦੇ ਹਨ। ਕੁਝ ਇਸੇ ਤਰ੍ਹਾਂ ਹੀ ਪੰਜਾਬ ਦੇ ਦੇਸੀ ਮਹੀਨਿਆਂ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਮਹੀਨਿਆਂ ਨਾਲ ਮੌਸਮ ਅਤੇ ਰੁੱਤਾਂ ਵਿੱਚ ਆਉਂਦੀਆਂ ਤਬਦੀਲੀਆਂ ਜੁੜੀਆਂ ਹੋਈਆਂ ਹੁੰਦੀਆਂ ਹਨ।
ਹਰ ਮਹੀਨੇ ਦੀ ਆਪਣੀ ਆਪਣੀ ਪਹਿਚਾਣ ਅਤੇ ਬਹੁ-ਪੱਖੀ ਮਹੱਤਵ ਹੈ। ਕੁਝ ਇਸੇ ਤਰ੍ਹਾਂ ਹੀ ਦੇਸੀ ਮਹੀਨਾ ਅੱਸੂ ਹੈ। ਅੱਸੂ ਦੇਸੀ ਸਾਲ ਦਾ ਸੱਤਵਾਂ ਮਹੀਨਾ ਹੈ। ਸਾਉਣ ਮਹੀਨੇ ਵਿੱਚ ਨਮੀ ਭਰਪੂਰ ਮੌਨਸੂਨੀ ਪੌਣਾਂ ਕਾਰਨ ਨਿੱਕੀ ਨਿੱਕੀ ਕਣੀ ਦੀਆਂ ਭਰਪੂਰ ਬਰਸਾਤਾਂ ਜਨ ਜੀਵਨ, ਬਨਸਪਤੀ ਆਦਿ ਲਈ ਵਰਦਾਨ ਸਾਬਤ ਹੁੰਦੀਆਂ ਹਨ। ਭਾਦੋਂ ਮਹੀਨੇ ਮੌਨਸੂਨੀ ਪੌਣਾਂ ਵਾਪਸ ਮੁੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਬਰਸਾਤਾਂ ਵਿੱਚ ਕੁਝ ਵਿਰਾਮ ਲੱਗਦਾ ਹੈ। ਜਿਹੜੀ ਬਰਸਾਤ ਹੁੰਦੀ ਹੈ, ਉਹ ਵੀ ਸਾਉਣ ਨਾਲੋਂ ਕੁਝ ਵੱਖਰੀ ਕਿਸਮ ਦੀ ਹੁੰਦੀ ਹੈ। ਭਾਦੋਂ ਮਹੀਨੇ ਭਾਵੇਂ ਬਰਸਾਤਾਂ ਜਾਰੀ ਰਹਿੰਦੀਆਂ ਹਨ, ਪਰ ਫਿਰ ਵੀ ਤਨ ’ਤੇ ਚੁਭਣ ਵਾਲੀ ਧੁੱਪ ਅਤੇ ਹੁੰਮਸ ਪਰੇਸ਼ਾਨ ਕਰਨ ਵਾਲੇ ਸਾਬਤ ਹੁੰਦੇ ਹਨ। ਉੱਥੇ ਅੱਸੂ ਮਹੀਨੇੇ ਗਰਮੀ ਘਟਣ ਕਾਰਨ ਮੌਸਮ ਸੁਹਾਵਣਾ ਹੋ ਜਾਂਦਾ ਹੈ ਅਤੇ ਜੀਵ ਕੁਝ ਸੁੱਖ ਦਾ ਸਾਹ ਲੈਂਦੇੇ ਹਨ। ਅੱਸੂ ਮਹੀਨਾ ਇੱਕ ਕਿਸਮ ਨਾਲ ਗਰਮੀ ਤੇ ਸਰਦੀ ਦੇ ਵਿਚਕਾਰ ਦੀ ਰੁੱਤ ਸਾਬਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ ਬਾਰਾਮਾਹ ਵਿੱਚ ਅੱਸੂ ਮਹੀਨੇ ਸਬੰਧੀ ਕੁਝ ਇਸ ਤਰ੍ਹਾਂ ਬਿਆਨ ਕੀਤਾ ਮਿਲਦਾ ਹੈ;
ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ॥
***
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ॥
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ॥
ਕੁਝ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਅੱਸੂ ਮਹੀਨੇ ਸਬੰਧੀ ਬਾਰਾਮਾਹਾ ਵਿੱਚ ਫਰਮਾਉਂਦੇ ਹਨ;
ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ॥
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ॥
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥
ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ॥
ਅੱਸੂ ਮਹੀਨੇ ਵਿੱਚ ਭਾਦੋਂ ਦੀ ਗਰਮੀ ਦੀ ਥਾਂ ਸਰਦੀ ਦੀ ਰੁੱਤ ਦਾ ਆਰੰਭ ਹੁੰਦਾ ਹੈ। ਅੱਸੂ ਦੇ ਅਜਿਹੇੇ ਪੱਖ ਕਾਰਨ ਪ੍ਰਸਿੱਧ ਹੈ;
ਅੱਸੂ ਪਾਲਾ ਜੰਮਿਆ, ਕੱਤੇ ਵੱਡਾ ਹੋ।
ਮੱਘਰ ਫੌਜਾਂ ਚੜ੍ਹਦੀਆਂ, ਪੋਹ ਲੜਾਈ ਹੋ।
ਜਿੱਥੇ ਦੇਸੀ ਮਹੀਨਿਆਂ ਪ੍ਰਤੀ ਪੰਜਾਬੀਆਂ ਦਾ ਭਾਵਨਾਤਮਕ ਲਗਾਅ ਹੋਣਾ ਲਾਜ਼ਮੀ ਹੈ, ਉੱਥੇ ਅੱਸੂ ਮਹੀਨਾ ਆਉਣ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ, ਰੁੱਤ ਸੁਹਾਵਣੀ ਹੋ ਜਾਂਦੀ ਹੈ। ਸ਼ਾਇਦ ਅਜਿਹਾ ਹੋਣ ਕਾਰਨ ਹੀ ਕੁਝ ਅਜਿਹਾ ਕਿਹਾ ਮਿਲਦਾ ਹੈ;
ਅੱਸੂ ਫੱਗਣ ਚੇਤ ਨਹੀਂ ਲੱਭਣੇ
ਖਾਲਾਂ ਵੱਟਾਂ ਖੇਤ ਨਹੀਂ ਲੱਭਣੇ।
ਜਿੱਥੇ ਭਾਦੋਂ ਦੀ ਧੁੱਪ ਪਰੇਸ਼ਾਨ ਕਰਨ ਵਾਲੀ ਹੁੰਦੀ ਹੈ, ਉੱਥੇ ਅੱਸੂ ਦੀ ਸੁਹਾਵਣੀ ਰੁੱਤ ਤਨ ਮਨ ਵਿੱਚ ਵੱਖਰਾ ਹੀ ਸਰੂਰ ਪੈਦਾ ਕਰਨ ਦਾ ਕੰਮ ਕਰਦੀ ਹੈ। ਅਜਿਹਾ ਹੋਣ ਕਾਰਨ ਆਪਣੇ ਪਿਆਰਿਆਂ ਦੇ ਕੋਲੇ ਹੋਣ ਦੀ ਲੋਚਾ ਪੈਦਾ ਹੁੰਦੀ ਹੈ। ਕਿਸੇ ਆਪਣੇ ਦੇ ਦੂਰ ਗਏ ਹੋਣ ਦੇ ਵਿਛੋੜੇ ਨੂੰ ਅਤੇ ਅਜਿਹੇ ਸਮੇਂ ਨਜ਼ਦੀਕ ਹੋਣ ਸਬੰਧੀ ਕਿਸੇ ਪਤਨੀ ਵੱਲੋਂ ਟੱਪੇ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈੈ;
ਚੜਿ੍ਹਆ ਮਹੀਨਾ ਅੱਸੂ, ਪੀਆ ਨੂੰ ਕੌਣ ਦੱਸੂ
ਮਨ ਦੀਏ ਭੋਲੀਏ।
ਪੀਆ ਵਸੇ ਪਰਦੇਸ, ਦਿਲ ਦੇੇ ਭੇਦ
ਕਿਸ ਦੇ ਨਾਲ ਖੋਲ੍ਹੀਏ।
ਅੱਸੂ ਦੀ ਸੁੰਦਰ ਰੁੱਤ ਦੇ ਨਾਲ ਨਾਲ ਤਿਉਹਾਰ ਵੀ ਰਫ਼ਤਾਰ ਫੜ ਲੈਂਦੇ ਹਨ। ਅੱਸੂ ਮਹੀਨੇ ਸਰਾਧ ਮਨਾਏ ਜਾਂਦੇ ਹਨ। ਇਨ੍ਹਾਂ ਸਬੰਧੀ ਬੋਲੀਆਂ, ਟੱਪਿਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਅੱਸੂ ਨਾ ਜਾਈਂ ਚੰਨਾ, ਪਿੱਤਰ ਮਨਾਵਣੇ।
ਕੱਤੇ ਨਾ ਜਾਈਂ ਚੰਨਾ, ਬਲਣ ਦੀਵਾਲੀਆਂ।
ਅੱਸੂ ਮਹੀਨਾ ਸਾਉਣੀ ਦੀ ਫ਼ਸਲ ਦੇ ਮਾੜੇ ਚੰਗੇ ਹੋਣ ਦੀਆਂ ਸੰਭਾਵਨਾਵਾਂ ਨੂੰ ਤੈਅ ਕਰਦਾ ਹੈ। ਇਸ ਮਹੀਨੇ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਇਸ ਵਾਰ ਫ਼ਸਲ ਚੰਗੀ ਹੋਵੇਗੀ ਜਾਂ ਮਾੜੀ। ਇਸ ਸਬੰਧੀ ਅਖਾਣਾਂ, ਕਹਾਵਤਾਂ ਕੁਝ ਇਸ ਤਰ੍ਹਾਂ ਮਿਲਦੀਆਂ ਹਨ;
ਅੱਸੂ ਜਿੱਤੇ ਤੇ ਅੱਸੂ ਹਾਰੇ
ਅੱਸੂ ਮਹੀਨੇ ਭਾਦੋਂ ਵਾਲੀ ਹੁੰਮਸ ਭਰੀ ਗਰਮੀ ਦੀ ਥਾਂ ਸੁਹਾਵਣੀ ਰੁੱਤ ਆ ਜਾਂਦੀ ਹੈ। ਦਿਨੇ ਕੁਝ ਕੁ ਧੁੱਪ ਹੁੰਦੀ ਹੈ ਅਤੇ ਰਾਤੀ ਨੂੰ ਠੰਢ ਹੋ ਜਾਂਦੀ ਹੈ। ਇਸ ਮਹੀਨੇ ਅਜਿਹਾ ਹੋਣ ਕਾਰਨ ਅਜਿਹਾ ਪ੍ਰਸਿੱਧ ਹੈ;
ਅੱਸੂ ਮਾਹ ਨਿਰਾਲਾ, ਦਿਨੇ ਧੁੱਪ ਤੇ ਰਾਤੀਂ ਪਾਲਾ
ਅੱਸੂ ਮਹੀਨੇ ਮੀਂਹ ਪੈਣ ਦਾ ਵਿਸ਼ੇਸ਼ ਮਹੱਤਵ ਹੈੈ। ਜਦੋਂ ਅਜੋਕੇ ਸਿੰਚਾਈ ਸਾਧਨਾਂ ਦੀ ਅਣਹੋਂਦ ਸੀ, ਤਦ ਜੇਕਰ ਇਸ ਮਹੀਨੇ ਮੀਂਹ ਪੈ ਜਾਂਦਾ ਤਾਂ ਮੌਜੂਦਾ ਸਾਉਣੀ ਦੀ ਫ਼ਸਲ ਦੇ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋਣ ਦੇ ਨਾਲ ਨਾਲ ਅਗਲੀ ਹਾੜ੍ਹੀ ਦੀ ਫ਼ਸਲ ਲਈ ਵੀ ਨਮੀ ਰੇਤਲੀਆਂ ਜ਼ਮੀਨਾਂ ਵਿੱਚ ਬਰਕਰਾਰ ਰਹਿੰਦੀ ਹੈ;
ਅੱਸੂ ਵੱਸੇ ਹਾੜ੍ਹੀ ਸਾਉਣੀ ਦੀ ਨੀਂਹ ਰੱਖੇ
ਅੱਸੂ ਮਹੀਨੇ ਤੋਂ ਸਰਦ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ। ਅੱਸੂ ਮਹੀਨੇ ਦੇ ਅਜਿਹੇ ਪੱਖ ਦਾ ਜ਼ਿਕਰ ਗੀਤਾਂ, ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈੈ;
ਅੱਸੂ ਨੇ ਕੱਤਕ ਨੂੰ ਡੋਰ ਫੜਾ ਦਿੱਤੀ
ਹੁਣ ਉਸ ਦੀ ਜ਼ਿੰਮੇਵਾਰੀ ਏ
ਵੱਖ ਵੱਖ ਮਹੀਨਿਆਂ ਦੌਰਾਨ ਖਾਣ ਪੀਣ ਸਬੰੰਧੀ ਲੋਕ ਸਿਆਣਪਾਂ ਪ੍ਰਚੱਲਿਤ ਹਨ। ਅੱਸੂ ਵਿੱਚ ਗੁੜ ਖਾਣਾ ਕੁਝ ਇਸ ਤਰ੍ਹਾਂ ਚੰਗਾ ਮੰਨਿਆ ਜਾਂਦਾ ਹੈ;
ਚੇਤ ਨਿੰਮ, ਵਿਸਾਖ ਭਾਤ
ਜੇਠ ਹਾੜ੍ਹ ਸਵੇ ਦਿਨ ਰਾਤ
ਸਾਵਣ ਹਰੜ, ਭਾਦਰੋਂ ਚਿੱਤਰਾ
ਅੱਸੂ ਗੁੜ ਖਾਵੇਂ ਤੂੰ ਮਿੱਤਰਾ।
ਅੱਸੂ ਵਿੱਚ ਸਾਉਣੀ ਦੀਆਂ ਫ਼ਸਲਾਂ ਦੇ ਨੇੜੇ ਆਉਣ ਅਤੇ ਮੌਸਮ ਵਿੱਚ ਤਬਦੀਲੀ ਹੋਣ ਕਾਰਨ ਵਿਆਹ ਵੀ ਸ਼ੁਰੂ ਹੋ ਜਾਂਦੇ ਹਨ। ਇਸ ਸਮੇਂ ਜਿੱਥੇ ਵਰਤੋਂ ਲਈ ਦੁੱਧ ਬਹੁਤਾਤ ਵਿੱਚ ਉਪਲੱਬਧ ਹੁੰਦਾ ਹੈ, ਉੱਥੇ ਸਬਜ਼ੀਆਂ ਦੀ ਵੀ ਸਥਾਨਕ ਪੱਧਰ ’ਤੇ ਭਰਮਾਰ ਹੁੰਦੀ। ਗਰਮੀ ਘਟਣ ਕਾਰਨ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਵੀ ਘੱਟ ਖ਼ਰਾਬ ਹੁੰਦੇ ਹਨ। ਭਾਦੋਂ ਮਹੀਨੇ ਦੇ ਅਜਿਹੇ ਪੱਖ ਦਾ ਜ਼ਿਕਰ ਟੱਪਿਆਂ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਬਿਆਨ ਕੀਤਾ ਮਿਲਦਾ ਹੈ;
ਮੈਂ ਤੈਨੂੰ ਆਖਦੀ ਬਾਬਲਾ
ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ।
ਤੇਰਾ ਅੰਨ ਨਾ ਤਰੱਕੇ ਕੋਠੜੀ
ਤੇ ਦਹੀਂ ਨਾ ਅਮਲਾ ਜਾਵੇ।
ਬਾਬਲ ਮੈਂ ਬੇਟੀ ਮੁਟਿਆਰ
ਵੇ ਬਾਬਲ ਧਰਮੀ ਮੈਂ ਬੇਟੀ ਮੁਟਿਆਰ।
ਅੱਸੂ ਮਹੀਨੇ ਸਬੰਧੀ ਵੱਖ ਵੱਖ ਸ਼ਾਇਰਾਂ ਦੁਆਰਾ ਆਪਣੀ ਰਚਨਾ ਬਾਰਾਮਾਹ ਵਿੱਚ ਵੱਖ ਵੱਖ ਤਰੀਕਿਆਂ ਨਾਲ ਜ਼ਿਕਰ ਕੀਤਾ ਗਿਆ ਹੈ। ਮੀਆਂ ਹਿਦਾਇਤ ਅੱਲ੍ਹਾ ਨੇ ਆਪਣੇ ਬਾਰਾਮਾਹਾ ਵਿੱਚ ਅੱਸੂ ਮਹੀਨੇ ਸਬੰਧੀ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ;
ਅੱਸੂ ਆਨ ਸਤਾਇਆ ਮੈਨੂੰ ਤਰਫ ਜੰਗਲ ਉਠ ਵੀਣੀ ਹਾਂ
ਕਰਕੇ ਯਾਦ ਪੀਆ ਨੂੰ ਰੋਵਾਂ ਇਕੱਲੀ ਹੋ ਹੋ ਬਹਿਣੀ ਹਾਂ
ਅੱਸੂ ਮਹੀਨੇ ਬਦਲੇ ਮੌਸਮ ਦੇ ਮਿਜਾਜ਼ ਦੇ ਨਾਲ ਨਾਲ ਸਾਉਣੀ ਦੀਆਂ ਵੱਖ ਵੱਖ ਫ਼ਸਲਾਂ ਵੀ ਨੇੜੇ ਲੱਗ ਜਾਂਦੀਆਂ ਹਨ। ਗੁਆਰਾ, ਬਾਜਰਾ, ਮੱਕੀ, ਤਿਲ, ਮੂੰਗੀ ਆਦਿ ਵਰਗੀਆਂ ਫ਼ਸਲਾਂ ਪੱਕ ਕੇ ਆਉਣ ਲਈ ਤਿਆਰ ਹੋ ਜਾਂਦੀਆਂ ਹਨ। ਇਸ ਦੇ ਨਾਲ ਨਾਲ ਗਰਮੀ ਦੀ ਥਾਂ ਹਵਾ ਠੰਢੀ ਹੋ ਜਾਂਦੀ ਹੈ;
ਅੱਸੂ ਰੁੱਤ ਆਸ ਦੀ, ਦਾਣੇ ਚੰਗੇ ਘਰ ਆਉਣ।
ਦਿਨੇ ਨਿੱਘੀ ਧੁੱਪ, ਰਾਤੀਂ ਵਗੇ ਠੰਢੀ ਠੰਢੀ ਪੌਣ।
ਇਸ ਦੇ ਨਾਲ ਨਾਲ ਅੱਸੂ ਮਹੀਨੇ ਪੰਜਾਬ ਦੀ ਪ੍ਰਮੁੱਖ ਫ਼ਸਲ ਕਪਾਹ ਵੀ ਖਿੜਨੀ ਸ਼ੁਰੂ ਹੋ ਜਾਂਦੀ ਹੈ। ਅਜਿਹਾ ਹੋਣ ਕਾਰਨ ਇਸ ਮਹੀਨੇ ਦਾ ਸਬੰਧ ਜੋੜ ਕੇ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਅੱਸੂ ਦਿਨੇ ਧੁੱਪ ਖਿੜੇ ਤੇ ਖੇਤੀਂ ਖਿੜੇ ਕਪਾਹ।
ਆਹਰੀਂ ਲੱਗੇ ਲੋਕ, ਫਸਲ ਆਉਣ ਦਾ ਚਾਅ।
ਇਸ ਤਰ੍ਹਾਂ ਅੱਸੂ ਮਹੀਨਾ ਆਪਣੀ ਵਿਸ਼ੇਸ਼ ਪਹਿਚਾਣ ਰੱਖਦਾ ਹੈ। ਭਾਦੋਂ ਦੀ ਹੁੁੰਮਸ ਅਤੇ ਗਰਮੀ ਦੀ ਥਾਂ ਇਸ ਮਹੀਨੇ ਸਰਦੀ ਦੀ ਰੁੱਤ ਵੱਲ ਨੂੰ ਮੌਸਮ ਵਧਦਾ ਹੈ। ਜਿੱਥੇ ਇਸ ਮਹੀਨੇ ਦੇ ਆਰੰਭ ਵਿੱਚ ਹੀ ਰਾਤਾਂ ਠੰਢੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਉੱਥੇ ਇਸ ਮਹੀਨੇ ਦੇ ਅੱਧ ਤੱਕ ਜਾਂਦਿਆਂ ਜਾਂਦਿਆਂ ਦਿਨਾਂ ਦਾ ਤਾਪਮਾਨ ਵੀ ਕਾਫ਼ੀ ਘਟ ਜਾਂਦਾ ਹੈ। ਫ਼ਸਲਾਂ ਪੱਕਣ ਦਾ ਸਮਾਂ ਨਜ਼ਦੀਕ ਹੋਣ ਕਾਰਨ ਅਤੇ ਖੇਤੀਂ ਖਿੜੀ ਕਪਾਹ ਕਾਰਨ ਕਿਸਾਨਾਂ ਕੋਲ ਕਾਫ਼ੀ ਸਾਰੇ ਰੁਝੇਵੇਂ ਹੁੰਦੇ ਹਨ। ਅਜਿਹਾ ਹੋਣ ਕਾਰਨ ਬਦਲੀ ਰੁੱਤ ਦੇ ਨਾਲ ਨਾਲ ਵੱਖਰਾ ਜਿਹਾ ਵਾਤਾਵਰਨ ਹੁੰਦਾ ਹੈ।
ਸੰਪਰਕ: 81469-24800