ਮੁੰਬਈ: ਜਦੋਂ ਉਸ ਨੇ ਬੌਲੀਵੁੱਡ ’ਚ ਪੈਰ ਧਰਿਆ ਤਾਂ ਉਸ ਦੀ ਪ੍ਰਭਾਸ਼ਾਲੀ ਦਿੱਖ ਦੀ ਚਰਚਾ ਛਿੜ ਗਈ ਅਤੇ ਲੰਮੇ ਵਾਲ਼ ਉਸ ਦੇ ਸੁਹੱਪਣ ਨੂੰ ਚਾਰ ਚੰਨ੍ਹ ਲਾਉਂਦੇ ਸਨ। ਭਾਵੇਂ ਸਾਲ 1995 ਵਿੱਚ ਆਈ ਉਸ ਦੀ ਪਹਿਲੀ ਫ਼ਿਲਮ ‘ਬਰਸਾਤ’ ਉਮੀਦਾਂ ’ਤੇ ਖਰੀ ਨਹੀਂ ਉਤਰੀ ਪਰ ਉਸ ਨੇ ਆਪਣੇ ਕਰੀਅਰ ਦੇ ਪਹਿਲੇ ਦਹਾਕੇ ਵਿੱਚ ‘ਗੁਪਤ, ਸੋਲਜ਼ਰ, ਬਾਦਲ ਤੇ ਬਿੱਛੂ’ ਵਰਗੀਆਂ ਹਿੱਟ ਫ਼ਿਲਮਾਂ ਦਿੱਤੀਆਂ। ਇਸ ਦੇ ਬਾਵਜੂਦ ਜੋ ਕੁਝ ਵੀ ਵਾਪਰਿਆ ਉਹ ਖੁਸ਼ੀ ਦੇਣ ਵਾਲਾ ਨਹੀਂ ਸੀ। ਬੌਲੀਵੁੱਡ ਦੇ ਉੱਘੇ ਅਦਾਕਾਰ ਧਰਮਿੰਦਰ ਦੇ ਛੋਟੇ ਪੁੱਤਰ ਅਤੇ ਸੰਨੀ ਦਿਓਲ ਦੇ ਛੋਟੇ ਭਰਾ ਬੌਬੀ ਦਿਓਲ ਦਾ ਕਰੀਅਰ ਗਰਾਫ਼ ਅਚਾਨਕ ਹੇਠਾਂ ਚਲਾ ਗਿਆ। ਫ਼ਿਲਮਾਂ ਨੂੰ ਸਫ਼ਲਤਾ ਮਿਲਣੋਂ ਹਟ ਗਈ ਤੇ ਉਸ ਨੂੰ ਕੰਮ ਮਿਲਣਾ ਘੱਟ ਗਿਆ। ਬੌਬੀ ਦਿਓਲ ਨੇ ਦੱਸਿਆ ਕਿ ਉਸ ਨੂੰ ਹਕੀਕਤ ਸਵੀਕਾਰਨ ’ਚ ਕਾਫੀ ਸਮਾਂ ਲੱਗਿਆ ਕਿ ਉਸ ਨੂੰ ਫ਼ਿਲਮਾਂ ’ਚ ਮੁੱਖ ਭੂਮਿਕਾ ਦੀ ਝਾਕ ਛੱਡ ਕੇ ਕੁਝ ਹੋਰ ਕਿਰਦਾਰ ਨਿਭਾਉਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਬੌਬੀ ਨੇ ਦੱਸਿਆ,‘‘ਕਿਸੇ ਸਮੇਂ ਮੈਂ ਆਪਣੇ-ਆਪ ਨੂੰ ਵੱਡਾ ਸਟਾਰ ਸਮਝਦਾ ਸੀ ਪਰ ਫਿਰ ਸਾਰਾ ਕੁਝ ਬਦਲ ਗਿਆ। ਮੇਰੀ ਪੁੱਛ ਪ੍ਰਤੀਤ ਘੱਟ ਗਈ। ਮੈਂ ਅਜਿਹੇ ਦੌਰ ’ਚੋਂ ਲੰਘਿਆ ਜਿਥੇ ਮੈਨੂੰ ਸਮਝ ਨਹੀਂ ਆਇਆ ਕਿ ਇਹ ਭਾਣਾ ਕਿਵੇਂ ਵਾਪਰਿਆ ਤੇ ਮੈਂ ਨਿਰਾਸ਼ ਹੋਣ ਲੱਗ ਪਿਆ।’’ ਬੌਬੀ ਨੇ ਦੱਸਿਆ ਕਿ ਉਸ ਦੇ ਬੱਚੇ ਹੈਰਾਨ ਹੁੰਦੇ ਸਨ ਕਿ ਉਹ ਘਰ ਕਿਉਂ ਹੈ ਅਤੇ ਉਦੋਂ ਉਸ ਨੇ ਮਹਿਸੂਸ ਕੀਤਾ ਕਿ ਇਹ ਸਮਾਂ ਮੁੜ ਕੰਮ ਸ਼ੁਰੂ ਕਰਨ ਦਾ ਹੈ। ਅਦਾਕਾਰ ਨੇ ਆਖਿਆ,‘‘ਮੈਂ ਦੇਖਿਆ ਕਿ ਮੇਰੇ ਬੱਚੇ ਮੈਨੂੰ ਘਰ ਬੈਠੇ ਨੂੰ ਦੇਖ ਕੇ ਗੱਲਾਂ ਕਰਦੇ ਸਨ। ਮੈਂ ਸੋਚਿਆ ਕਿ ਅਦਾਕਾਰ ਹੋਣ ਦੇ ਨਾਤੇ ਮੇਰਾ ਕੰਮ ਅਭਿਨੈ ਕਰਨਾ ਅਤੇ ਕਿਰਦਾਰ ਨਿਭਾਉਣਾ ਹੈ ਅਤੇ ਇਹ ਸਿਰਫ਼ ਮੁੱਖ ਭੂਮਿਕਾ ਹੀ ਨਹੀਂ ਹੋਣੀ ਚਾਹੀਦੀ। ਅਦਾਕਾਰ ਹੋਣ ਦੇ ਨਾਤੇ ਮੈਂ ਮਹਿਸੂਸ ਕੀਤਾ ਕਿ ਮੈਨੂੰ ਖੁਦ ਨੂੰ ਸਾਬਤ ਕਰਨ ਦੀ ਲੋੜ ਅਤੇ ਫਿਰ ਮੈਂ ਚੀਜ਼ਾਂ ਨੂੰ ਨਵੇਂ ਨਜ਼ਰੀਏ ਨਾਲ ਦੇਖਣਾ ਸ਼ੁਰੂ ਕੀਤਾ। ਇਸ ਕਾਰਨ ਮੈਂ ਹੁਣ ਬਹੁਤ ਸਾਰਾ ਕੰਮ ਕਰ ਰਿਹਾ ਹਾਂ। ਲੋਕਾਂ ਨੇ ਮੇਰੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਦੇਖਿਆ ਕਿ ਮੇਰੇ ਵਿੱਚ ਵੱਖਰੇ ਕਿਰਦਾਰ ਨਿਭਾਉਣ ਦੀ ਸਮਰੱਥਾ ਹੈ।’’ ਜਾਣਕਾਰੀ ਅਨੁਸਾਰ ਬੌਬੀ ਦਿਓਲ ਦਾ ਮੰਨਣਾ ਹੈ ਕਿ ਉਸ ਨੇ ਚੰਗੀ ਵਾਪਸੀ ਕੀਤੀ ਹੈ। ਪਿਛਲੇ ਸਾਲ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ ‘ਆਸ਼ਰਮ’ ਉਸ ਦਾ ਬਾਬਾ ਨਿਰਾਲਾ ਵਾਲਾ ਕਿਰਦਾਰ ਲੋਕਾਂ ਨੂੰ ਕਾਫੀ ਪਸੰਦ ਆਇਆ। ਹੁਣ ਉਹ ਅਗਲੇ ਸਾਲ ਵਾਪਸੀ ਲਈ ਮੁੜ ਤਿਆਰ ਹੈ। -ਆਈਏਐੱਨਐੱਸ