ਮੁੰਬਈ, 28 ਜੁਲਾਈ
ਅਦਾਕਾਰ ਆਯੂਸ਼ਮਾਨ ਖੁਰਾਨਾ ਫਿਲਹਾਲ ਭੋਪਾਲ ਵਿੱਚ ਆਪਣੀ ਆਉਣ ਵਾਲੀ ਫਿਲਮ ‘ਡਾਕਟਰ ਜੀ’ ਦੀ ਸ਼ੂਟਿੰਗ ਕਰ ਰਿਹਾ ਹੈ। ਉਹ ਅਦਾਕਾਰੀ ਨੂੰ ਪੇਸ਼ੇ ਵਜੋਂ ਚੁਣਨ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿਉਂਕਿ ਇਸ ਰਾਹੀਂ ਉਸ ਨੂੰ ਕਈ ਥਾਵਾਂ ’ਤੇ ਜਾਣ ਦਾ ਮੌਕਾ ਮਿਲਿਆ।
ਉਸ ਨੇ ਕਿਹਾ, ‘‘ਮੈਂ ਖੁਸ਼ਕਿਸਮਤ ਹਾਂ ਕਿ ਮੈਂ ਅਦਾਕਾਰੀ ਨੂੰ ਪੇਸ਼ੇ ਵਜੋਂ ਚੁਣਿਆ ਕਿਉਂਕਿ ਇਸ ਨੇ ਮੈਨੂੰ ਨਾ ਸਿਰਫ ਕਈ ਤਰ੍ਹਾਂ ਦੇ ਕਿਰਦਾਰ ਜਿਊਣ ਦਾ ਮੌਕਾ ਦਿੱਤਾ ਸਗੋਂ ਇਸ ਨਾਲ ਮੈਨੂੰ ਕਈ ਸ਼ਾਨਦਾਰ ਥਾਵਾਂ ’ਤੇ ਵੀ ਜਾਣ ਦਾ ਮੌਕਾ ਮਿਲਿਆ।’’ ਉਸ ਨੇ ਦੱਸਿਆ ਕਿ ਉਹ ਪਹਿਲੀ ਵਾਰ ਭੋਪਾਲ ਵਿੱਚ ਸ਼ੂਟਿੰਗ ਕਰ ਰਿਹਾ ਹੈ। ਉਸ ਨੇ ਕਿਹਾ, ‘‘ਮੈਂ ਖੁਸ਼ਕਿਸਮਤ ਹਾਂ ਕਿ ‘ਡਾਕਟਰ ਜੀ’ ਰਾਹੀਂ ਮੇਰੇ ਭੋਪਾਲ ਆਉਣ ਦਾ ਸਬੱਬ ਬਣਿਆ। ਮੈਂ ਝੀਲਾਂ ਦੇ ਇਸ ਖੂਬਸੂਰਤ ਸ਼ਹਿਰ ਵਿੱਚ ਪਹਿਲੀ ਵਾਰ ਸ਼ੂਟਿੰਗ ਕਰ ਰਿਹਾ ਹਾਂ। ਮੈਂ ਇੱਥੋਂ ਦੇ ਲੋਕਾਂ ਦੀ ਗਰਮਜੋਸ਼ੀ ਤੋਂ ਬਹੁਤ ਪ੍ਰਭਾਵਿਤ ਹਾਂ। ਉਨ੍ਹਾਂ ਨੇ ਹਮੇਸ਼ਾ ਲਈ ਮੇਰਾ ਦਿਲ ਜਿੱਤ ਲਿਆ ਹੈ।’’ ਉਸ ਨੂੰ ਲੱਗਦਾ ਹੈ ਕਿ ਉਹ ਸੁਭਾਗਾ ਹੈ ਕਿ ਉਹ ਭਾਰਤ ਵਰਗੇ ਖੂਬਸਰੂਤ ਦੇਸ਼ ਵਿੱਚ ਜਨਮਿਆ ਹੈ। ਉਸ ਨੇ ਕਿਹਾ, ‘‘ਇਸ ਸਾਲ ਦੀ ਸ਼ੁਰੂਆਤ ਵਿੱਚ ‘ਅਨੇਕ’ ਲਈ ਮੈਂ ਉੱਤਰ-ਪੂਰਬ ਵਿੱਚ ਸੀ, ਜਿੱਥੇ ਕਾਜ਼ੀਰੰਗਾ ਕੌਮੀ ਪਾਰਕ ਦੇਖਿਆ। ਧਰਤੀ ’ਤੇ ਭਾਰਤ ਸਭ ਤੋਂ ਖੂਬਸੂਰਤ ਜਗ੍ਹਾ ਹੈ। ਮੈਂ ਇਸ ਦੇਸ਼ ਵਿੱਚ ਪੈਦਾ ਹੋਣਾ ਆਪਣਾ ਸੁਭਾਗ ਸਮਝਦਾ ਹਾਂ, ਜੋ ਮੈਨੂੰ ਜ਼ਿੰਦਗੀ ਵਿੱਚ ਆਨੰਦ ਮਾਣਨ ਲਈ ਇੰਨੇ ਮੌਕੇ ਦਿੰਦੀ ਹੈ।’’ -ਆਈਏਐੱਨਐੱਸ