ਮਨਦੀਪ ਸਿੰਘ ਸਿੱਧੂ
1930ਵਿਆਂ ਦੇ ਦਹਾਕੇ ਵਿੱਚ ਸ੍ਰੀ ਰਣਜੀਤ ਮੂਵੀਟੋਨ ਕੰਪਨੀ ਦੀਆਂ ਪੁਰਾਣਿਕ, ਸਮਾਜਿਕ ਤੇ ਮਜ਼ਾਹੀਆ ਫ਼ਿਲਮਾਂ ਵਿੱਚ ਆਪਣੀਆਂ ਸੰਗੀਤਕ ਸੇਵਾਵਾਂ ਸਦਕਾ ਭਰਪੂਰ ਸ਼ੋਹਰਤ ਖੱਟਣ ਵਾਲੇ ਉਸਤਾਦ ਝੰਡੇ ਖ਼ਾਨ ਉਰਫ਼ ਪ੍ਰੋਫੈਸਰ ਝੰਡੇ ਖ਼ਾਨ ਉਰਫ਼ ਗ਼ੁਲਾਮ ਮੁਸਤਫ਼ਾ ਦੀ ਪੈਦਾਇਸ਼ 1871 ਨੂੰ ਜੰਮੂ ਦੇ ਪਿੰਡ ਕੋਟਲੀ ਓਖਲਾਂ ਦੇ ਪੰਜਾਬੀ ਕਸ਼ਮੀਰੀ ਪਰਿਵਾਰ ਵਿੱਚ ਹੋਈ। ਉੱਥੇ ਥੋੜ੍ਹਾ ਸਮਾਂ ਰਹਿਣ ਤੋਂ ਬਾਅਦ ਉਹ ਸਿਆਲਕੋਟ ਤੇ ਫਿਰ ਲਾਹੌਰ ਆ ਗਏ। ਲਾਹੌਰ ਦੇ ਹੀ ਚੀਫ਼ ਕਾਲਜ ਵਿੱਚ ਉਸਤਾਦ ਝੰਡੇ ਖ਼ਾਨ ਵਿਦਿਆਰਥੀਆਂ ਨੂੰ ਸੰਗੀਤ ਦੀ ਤਰਬੀਅਤ ਦਿੰਦੇ ਰਹੇ।
ਉਨ੍ਹਾਂ ਨੇ ਮੌਸੀਕੀ ਦੀ ਤਾਲੀਮ ਸਕੇ ਉਸਤਾਦ ਭਰਾਵਾਂ ਛੱਜੂ ਖ਼ਾਨ, ਨਜ਼ੀਰ ਖ਼ਾਨ, ਖ਼ਾਦਮ ਹੁਸੈਨ ਭਿੰਡੀ ਬਾਜ਼ਾਰ, ਬੰਬਈ ਵਾਲਿਆਂ ਤੋਂ ਹਾਸਲ ਕੀਤੀ। 1895 ਵਿੱਚ ਝੰਡੇ ਖ਼ਾਨ ਜੁਬਲੀ ਥੀਏਟਰੀਕਲ, ਕੰਪਨੀ ਵਿੱਚ ਸ਼ਾਮਲ ਹੋ ਗਏ, ਜਿਸ ਦੇ ਮਾਲਕ ਲਾਲਾ ਬਦਰੀ ਪ੍ਰਸ਼ਾਦ ਦਿੱਲੀ ਸਨ। ਉਸ ਵੇਲੇ ਨਾਟਕ ਕੰਪਨੀਆਂ ਪੂਰੇ ਜੋਬਨ ਉੱਤੇ ਸਨ ਅਤੇ ਝੰਡੇ ਖ਼ਾਨ ਵੀ ਬੰਬੇ ਦੀ ਐੱਲਫਰਡ ਥੀਏਟਰ ਕੰਪਨੀ ਵਿੱਚ ਹਾਰਮੋਨੀਅਮ-ਵਾਦਕ ਵਜੋਂ ਸ਼ਾਮਲ ਹੋ ਗਏ। ਉਨ੍ਹਾਂ ਦੇ ਡਰਾਮਿਆਂ ਦੀਆਂ ਤਰਜ਼ਾਂ ਰਾਗਦਾਰੀ ਦੀਆਂ ਤਰਜ਼ਾਂ ਹੁੰਦੀਆਂ ਸਨ ਜੋ ਰੂਹ ਨੂੰ ਸਕੂਨ ਦਿੰਦੀਆਂ ਸਨ। ਫਿਰ ਉਸਤਾਦ ਝੰਡੇ ਖ਼ਾਨ ਨੇ ਥੀਏਟਰ ਛੱਡ ਕੇ ਕਲਕੱਤੇ ਵਿੱਚ ਸੰਗੀਤ ਸਕੂਲ ਖੋਲ੍ਹ ਲਿਆ, ਜਿੱਥੇ ਉਹ ਸੰਗੀਤ ਦੀ ਵਿੱਦਿਆ ਦਿੰਦੇ ਰਹੇ। ਹੌਲੀ-ਹੌਲੀ ਉਨ੍ਹਾਂ ਦੀਆਂ ਸੰਗੀਤਕ ਧੁੰਨਾਂ ਦੀ ਮਹਿਕ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਤੱਕ ਵੀ ਜਾ ਪਹੁੰਚੀ।
ਜਦੋਂ ਸੇਠ ਚੰਦੂ ਲਾਲ ਸ਼ਾਹ ਨੇ ਆਪਣੇ ਫ਼ਿਲਮਸਾਜ਼ ਅਦਾਰੇ ਰਣਜੀਤ ਮੂਵੀਟੋਨ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਫ਼ਿਲਮ ‘ਦੇਵੀ ਦੇਵਯਾਨੀ’ (1931) ਬਣਾਈ ਤਾਂ ਮੌਸੀਕਾਰ ਵਜੋਂ ਉਸਤਾਦ ਝੰਡੇ ਖ਼ਾਨ ਦਾ ਇੰਤਖ਼ਾਬ ਕੀਤਾ। ਅਦਾਕਾਰਾਂ ਵਿੱਚ ਮਿਸ ਗੌਹਰ, ਕੁਮਾਰੀ ਕਮਲਾ, ਡੀ. ਬਿਲੀਮੋਰੀਆ, ਮਾਸਟਰ ਭਗਵਾਨ ਦਾਸ ਵਗੈਰਾ ਸ਼ਾਮਲ ਸਨ। ਰਣਜੀਤ ਮੂਵੀਟੋਨ ਦੀਆਂ ਹੀ ਚੰਦੂ ਲਾਲ ਸ਼ਾਹ ਨਿਰਦੇਸ਼ਿਤ ਫ਼ਿਲਮਾਂ ‘ਸਤੀ ਸਾਵਿੱਤਰੀ’ (1932) ਦੇ ਕੁੱਲ 16 ਗੀਤਾਂ, ਫ਼ਿਲਮ ‘ਸ਼ੈਲ ਬਾਲਾ’ (1932) ਵਿੱਚ 10 ਗੀਤਾਂ, ਫ਼ਿਲਮ ‘ਰਾਧਾ ਰਾਣੀ’ ਉਰਫ਼ ‘ਡਿਵਾਈਨ ਲੇਡੀ’ (1932) ਦੇ 19 ਗੀਤਾਂ, ਫ਼ਿਲਮ ‘ਮਿਸ 1933’ (1933) ਦੇ 16 ਗੀਤਾਂ, ‘ਵਿਸ਼ਵ ਮੋਹਿਨੀ’ ਉਰਫ਼ ‘ਦਿ ਟੈਂਪਟਰੈਸ’ (1933) ਦੇ 7 ਗੀਤਾਂ ਅਤੇ ਫ਼ਿਲਮ ‘ਤਾਰਾ ਸੁੰਦਰੀ’ (1934) ਦੇ 14 ਗੀਤਾਂ ਦਾ ਸ਼ਾਹਕਾਰ ਸੰਗੀਤ ਤਰਤੀਬ ਕੀਤਾ।
ਰਣਜੀਤ ਮੂਵੀਟੋਨ ਦੀਆਂ ਹੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮਾਂ ‘ਚਾਰ ਚਕਰਮ’ ਉਰਫ਼ ‘ਫੋਰ ਰਾਸਕਲਸ’ ਉਰਫ਼ ‘ਚੰਡਾਲ ਚੌਕੜੀ’ ਉਰਫ਼ ‘ਚਾਰ ਭੌਂਦੂ’ (1932) ਦੇ 7 ਗੀਤਾਂ ਦਾ ਸੰਗੀਤ, ‘ਭੋਲ਼ਾ ਸ਼ਿਕਾਰ’ ਉਰਫ਼ ‘ਐਸੇ ਵਿਕਟਮ’ (1933) ਦੇ 12 ਗੀਤਾਂ ਦਾ ਸੰਗੀਤ, ਫ਼ਿਲਮ ‘ਭੂਲ ਭੁਲਈਆ’ ਉਰਫ਼ ‘ਕਾਮੇਡੀ ਆਫ਼ ਐਰਰਸ’ (1933) ਦੇ 7 ਗੀਤਾਂ ਦਾ ਸੰਗੀਤ ਅਤੇ ਫ਼ਿਲਮ ‘ਵੀਰ ਬਬਰੂਵਾਹਨ’ (1934) ਦੇ 16 ਗੀਤਾਂ ਦਾ ਸੰਗੀਤ ਮੁਰੱਤਬਿ ਕੀਤਾ। ਰਣਜੀਤ ਮੂਵੀਟੋਨ ਦੀ ਹੀ ਚੰਦੂਲਾਲ ਸ਼ਾਹ ਨਿਰਦੇਸ਼ਿਤ ਫ਼ਿਲਮ ‘ਪ੍ਰਭੂ ਕਾ ਪਿਆਰਾ’ ਉਰਫ਼ ‘ਗੌਡਸ ਬਿਲਵਡ’ (1936) ਦੇ 10 ਗੀਤਾਂ ਦਾ ਸੰਗੀਤ ਉਸਤਾਦ ਝੰਡੇ ਖ਼ਾਨ ਤੇ ਉਸਤਾਦ ਬੰਨੇ ਖ਼ਾਨ ਨੇ ਤਰਤੀਬ ਦਿੱਤਾ। ਰਣਜੀਤ ਮੂਵੀਟੋਨ ਦੀ ਹੀ ਨੰਦਲਾਲ-ਜਸਵੰਤਲਾਲ ਨਿਰਦੇਸ਼ਿਤ ਫ਼ਿਲਮ ‘ਪਰਦੇਸੀ ਪ੍ਰੀਤਮ’ ਉਰਫ਼ ‘ਸਟਰੀਟ ਐਂਜਲਸ’ (1933) ਦੇ 14 ਗੀਤਾਂ ਦਾ ਦਿਲਕਸ਼ ਸੰਗੀਤ ਝੰਡੇ ਖ਼ਾਨ ਨੇ ਤਿਆਰ ਕੀਤਾ।
ਅਜੰਤਾ ਸਿਨੇਟੋਨ, ਬੰਬੇ ਦੀ ਆਨੰਦ ਪ੍ਰਸ਼ਾਦ ਕਪੂਰ ਨਿਰਦੇਸ਼ਿਤ ਫ਼ਿਲਮ ‘ਦੁਖ਼ਤਰ-ਏ-ਹਿੰਦ’ ਉਰਫ਼ ‘ਡਾਟਰ ਆਫ਼ ਇੰਡੀਆ’ ਉਰਫ਼ ‘ਭਾਰਤੀ ਬਾਲਾ’ (1934) ਦੇ 14 ਗੀਤਾਂ ਦੀਆਂ ਤਰਜ਼ਾਂ ਉਸਤਾਦ ਝੰਡੇ ਖ਼ਾਨ ਤੇ ਬੀ. ਐੱਸ. ਹੂਗਨ ਨੇ ਤਾਮੀਰ ਕੀਤੀਆਂ। ਈਸਟਰਨ ਆਰਟਸ, ਬੰਬੇ ਦੀ ਪ੍ਰੇਮਾਂਕੁਰ ਅਟੋਰਥੀ ਨਿਰਦੇਸ਼ਿਤ ਫ਼ਿਲਮ ‘ਭਾਰਤ ਕੀ ਬੇਟੀ’ (1935) ਵਿੱਚ ਉਸਤਾਦ ਝੰਡੇ ਖ਼ਾਨ ਨੇ ਫ਼ਿਲਮ ਦੇ ਕੁੱਲ 12 ਗੀਤਾਂ ’ਚੋਂ 9 ਗੀਤਾਂ ਦੀਆਂ ਤੇ ਬਾਕੀ 3 ਗੀਤਾਂ ਦੀਆਂ ਧੁੰਨਾਂ ਅਨਿਲ ਬਿਸਵਾਸ ਨੇ ਮੁਰੱਤਬਿ ਕੀਤੀਆਂ। ਰਾਮ ਦਰਯਾਨੀ ਦੇ ਫ਼ਿਲਮਸਾਜ਼ ਅਦਾਰੇ ਦਰਯਾਨੀ ਪ੍ਰੋਡਕਸ਼ਨਜ਼, ਬੰਬੇ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਫ਼ਿਲਮ ‘ਤਸਵੀਰ-ਏ-ਵਫ਼ਾ’ ਉਰਫ਼ ‘ਫ਼ਿਦਾ-ਏ-ਵਤਨ’ (1936) ਵਿੱਚ ਉਸਤਾਦ ਝੰਡੇ ਖ਼ਾਨ ਤੇ ਅਨਿਲ ਬਿਸਵਾਸ ਨੇ 10 ਗੀਤਾਂ ਦਾ ਸੰਗੀਤ ਤਿਆਰ ਕੀਤਾ।
ਅੰਮ੍ਰਿਤ ਫ਼ਿਲਮਜ਼, ਲਾਹੌਰ ਦੀ ਏ. ਪੀ. ਕਪੂਰ ਨਿਰਦੇਸ਼ਿਤ ਫ਼ਿਲਮ ‘ਆਂਸੂਓਂ ਕੀ ਦੁਨੀਆ’ ਉਰਫ਼ ‘ਸਾਰੋ ਆਫ਼ ਮੈਨ’ (1936) ’ਚ ਵੀ ਉਸਤਾਦ ਝੰਡੇ ਖ਼ਾਨ ਦਾ ਸੰਗੀਤ ਸੀ, ਪਰ ਇਸ ਫ਼ਿਲਮ ਦੇ ਗੀਤਾਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ। ਇਹ ਫ਼ਿਲਮ ਬਟਾਲੇ (ਪੰਜਾਬ) ਦੇ ਗੱਭਰੂ ਸੁਰਿੰਦਰ ਨਾਥ (ਬੀ.ਏ.ਐੱਲ.ਐੱਲ.ਬੀ.) ਦੀ ਹੀਰੋ ਵਜੋਂ ਪਹਿਲੀ ਫ਼ਿਲਮ ਸੀ। ਗੋਲਡਨ ਈਗਲ ਮੂਵੀਜ਼, ਸਿੰਧ ਦੀ ਸੀ. ਐੱਲ. ਲਾਲਾ ਨਿਰਦੇਸ਼ਿਤ ਫ਼ਿਲਮ ‘ਪ੍ਰੇਮ ਬੰਧਨ’ ਉਰਫ਼ ‘ਵਿਕਟਿਮਜ਼ ਆਫ਼ ਲਵ’ (1936) ਵਿੱਚ ਝੰਡੇ ਖ਼ਾਨ ਨੇ 9 ਗੀਤਾਂ ਵਿੱਚੋਂ 4 ਗੀਤਾਂ ਦੀਆਂ ਸੋਹਣੀਆਂ ਤਰਜ਼ਾਂ ਬਣਾਈਆਂ। ਈਸਟਰਨ ਆਰਟਸ, ਬੰਬੇ ਦੀ ਦਵਾਰਕਾ ਖੋਸਲਾ ਨਿਰਦੇਸ਼ਿਤ ਫ਼ਿਲਮ ‘ਸ਼ੇਰ ਕਾ ਪੰਜਾ’ (1936) ਦੇ 11 ਗੀਤਾਂ ਦਾ ਸੰਗੀਤ ਉਸਤਾਦ ਝੰਡੇ ਖ਼ਾਨ ਤੇ ਅਨਿਲ ਬਿਸਵਾਸ ਨੇ ਤਿਆਰ ਕੀਤਾ। ਅਨਿਲ ਬਿਸਵਾਸ ਦੇ ਮੁਤਾਬਕ ਫ਼ਿਲਮ ਦਾ ਸੰਗੀਤ ਅਤੇ ਗੀਤਾਂ ਦੀਆਂ ਤਰਜ਼ਾਂ ਉਨ੍ਹਾਂ ਨੇ ਬਣਾਈਆਂ ਸਨ ਅਤੇ ਝੰਡੇ ਖ਼ਾਨ ਨੇ ਸਿਰਫ਼ ਸਾਰੰਗੀ ਵਜਾਈ ਸੀ। ਵਿਸ਼ਣੂ ਮੂਵੀਟੋਨ, ਬੰਬੇ ਦੀ ਧੀਰੂਭਾਈ ਦੇਸਾਈ ਨਿਰਦੇਸ਼ਿਤ ਫ਼ਿਲਮ ‘ਪਯਾਮ-ਏ-ਹਕ’ ਉਰਫ਼ ‘ਨੀਤੀ ਵਿਜਯ’ (1939) ’ਚ ਉਸਤਾਦ ਝੰਡੇ ਖ਼ਾਨ ਤੇ ਸ਼ਿਆਮ ਬਾਬੂ ਨੇ 13 ਗੀਤਾਂ ਦਾ ਸੰਗੀਤ ਤਿਆਰ ਕੀਤਾ।
ਭਗਵਤੀ ਚਰਨ ਵਰਮਾ ਦੇ ਲਿਖੇ ਨਾਵਲ ਉੱਤੇ ਆਧਾਰਿਤ ਕਾਰਪੋਰੇਸ਼ਨ ਆਫ਼ ਇੰਡੀਆ, ਕਲਕੱਤਾ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਸ਼ਾਸਤਰੀ ਸੰਗੀਤ ਪ੍ਰਧਾਨ ਫ਼ਿਲਮ ‘ਚਿੱਤਰਲੇਖਾ’ (1941) ’ਚ ਉਸਤਾਦ ਝੰਡੇ ਖ਼ਾਨ ਨੇ ਫ਼ਿਲਮ ਦੇ 10 ਗੀਤਾਂ ਵਿੱਚੋਂ 3 ਦਾ ਸੰਗੀਤ ਦਿੱਤਾ, ਜਿਨ੍ਹਾਂ ਵਿੱਚ ‘ਨੀਲ ਕਮਲ ਮੁਸਕਾਏ ਭੰਵਰਾਂ ਝੂਠੀ ਕਸਮੇਂ ਖਾਏ’ (ਭਾਗ 1/2/ਰਾਮ ਦੁਲਾਰੀ), ‘ਤੁਮ ਜਾਓ ਬੜੇ ਭਗਵਾਨ ਬੜੇ ਇਨਸਾਨ ਬਨੋ ਤੋ ਜਾਨੋ’ (ਰਾਮ ਦੁਲਾਰੀ) ਗੀਤ ਬਹੁਤ ਪਸੰਦ ਕੀਤੇ ਗਏ ਜਦੋਂਕਿ ਬਾਕੀ 7 ਗੀਤਾਂ ਦਾ ਸੰਗੀਤ ਏ. ਐੱਸ. ਗਿਆਨੀ ਨੇ ਤਰਤੀਬ ਕੀਤਾ। ਟਾਈਟਲ ਕਿਰਦਾਰ ਅਦਾਕਾਰਾ ਮਹਿਤਾਬ ਨੇ ਅਦਾ ਕੀਤਾ, ਜਿਸ ਦੇ ਸਨਮੁੱਖ ਨੰਦਰੇਰਕਰ ‘ਬਿਜ ਗੁਪਤਾ’ ਦਾ ਪਾਰਟ ਨਿਭਾ ਰਿਹਾ ਸੀ। ਇਹ ਕਾਮਯਾਬ ਫ਼ਿਲਮ 18 ਜੁਲਾਈ 1941 ਨੂੰ ਪੈਲੇਸ ਥੀਏਟਰ, ਮੈਕਲੋਡ ਰੋਡ, ਲਾਹੌਰ ਵਿਖੇ ਰਿਲੀਜ਼ ਹੋਈ।
ਕਮਲ ਰਾਏ ਪਿਕਚਰਜ਼, ਬੰਬੇ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਇਤਿਹਾਸਕ ਫ਼ਿਲਮ ‘ਸ਼ਹਿਨਸ਼ਾਹ ਅਕਬਰ’ (1943) ’ਚ ਝੰਡੇ ਖ਼ਾਨ ਨੇ ਫ਼ਿਲਮ ਦੇ 14 ਗੀਤਾਂ ਦਾ ਸੋਹਣਾ ਸੰਗੀਤ ਤਿਆਰ ਕੀਤਾ, ਜਿਨ੍ਹਾਂ ਦੇ ਬੋਲ ਪੰਡਤ ਇੰਦਰ, ਦੀਵਾਨ ਸ਼ਰਰ, ਅਰਸ਼ਦ ਗੁਜਰਾਤੀ, ਝੰਡੇ ਖ਼ਾਨ ਨੇ ਤਹਿਰੀਰ ਕੀਤੇ। ਫ਼ਿਲਮ ’ਚ ਕੁਮਾਰ ਨੇ ‘ਅਕਬਰ’ ਦਾ ਟਾਈਟਲ ਕਿਰਦਾਰ ਨਿਭਾਇਆ। 1941-42 ਵਿੱਚ ਉਸਤਾਦ ਝੰਡੇ ਖ਼ਾਨ ਨੇ ਹਮੀਦ ਪਿਕਚਰਜ਼, ਬੰਬੇ ਦੀ ਫ਼ਿਲਮ ‘ਜੀਵਨ ਕਾ ਸਾਜ਼’ ਦੇ 12 ਗੀਤਾਂ ਦਾ ਸੰਗੀਤ ਦਿੱਤਾ ਸੀ, ਜਿਨ੍ਹਾਂ ਵਿੱਚੋਂ ਕੁਝ ਗੀਤ ਅਮੀਰਬਾਈ ਕਰਨਾਟਕੀ ਤੇ ਸਰਸਵਤੀ ਰਾਣੇ ਨੇ ਗਾਏ ਸਨ, ਪਰ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ। ਇਸ ਫ਼ਿਲਮ ਦੇ ਗ੍ਰਾਮੋਫ਼ੋਨ ਰਿਕਾਰਡ (78ਆਰ.ਪੀ.ਐੱਮ) ਕੋਲੰਬੀਆ ਕੰਪਨੀ ਨੇ ਜਾਰੀ ਕੀਤੇ ਸਨ। ਇਸ ਤੋਂ ਬਾਅਦ ਉਸਤਾਦ ਝੰਡੇ ਖ਼ਾਨ ਨੇ ਬੰਬੇ ਤੋਂ ਲਾਹੌਰ ਦਾ ਰੁਖ਼ ਕੀਤਾ। ਜਦੋਂ ਸੇਠ ਜਗਨਨਾਥ ਮਾਹੇਸ਼ਵਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਏ. ਜੇ. ਐੱਨ. ਮਾਹੇਸ਼ਵਰੀ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਸ਼ੰਕਰ ਮਹਿਤਾ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫ਼ਿਲਮ ‘ਰਾਵੀ ਪਾਰ’ (1942) ਬਣਾਈ ਤਾਂ ਇਸ ਫ਼ਿਲਮ ਵਿੱਚ ਵਕਤ ਦੇ ਦੋ ਮਸ਼ਹੂਰ ਸੰਗੀਤਕਾਰਾਂ ਨੂੰ ਸੰਗੀਤ ਦੇਣ ਦਾ ਮੌਕਾ ਦਿੱਤਾ, ਜਿਨ੍ਹਾਂ ਵਿੱਚ ਉਸਤਾਦ ਝੰਡੇ ਖ਼ਾਨ ਨੇ ਫ਼ਿਲਮ ਦੇ ਦੋ ਸ਼ਾਹਕਾਰ ਗੀਤਾਂ ਦਾ ਸੰਗੀਤ ਤਾਮੀਰ ਕੀਤਾ, ਜਿਨ੍ਹਾਂ ਦੇ ਖ਼ੂਬਸੂਰਤ ਬੋਲ ਹਨ ‘ਗਾਉਣੇ ਛੱਡ ਦੇ ਗੀਤ ਪੰਛੀਆਂ’ (ਸ਼ਮਸ਼ਾਦ ਬੇਗ਼ਮ) ਅਤੇ ‘ਉੱਠ ਜਾਗ ਮੁਸਾਫ਼ਰ ਭੋਰ੍ਹ ਭਈ ਤੇਰੀ ਰਾਤ ਗ਼ਮਾਂ ਵਿੱਚ ਬੀਤ ਗਈ’ (ਉਸਤਾਦ ਬਰਕਤ ਅਲੀ ਖ਼ਾਨ) ਜੋ ਬੇਹੱਦ ਮਕਬੂਲ ਹੋਏ। ਫ਼ਿਲਮ ਦੇ ਸਿਤਾਰਿਆਂ ’ਚ ਰਾਗਿਨੀ, ਐੱਸ. ਡੀ. ਨਾਰੰਗ, ਵੀਨਾ, ਸਲੀਮ ਰਜ਼ਾ, ਰਾਮੇਸ਼ ਠਾਕੁਰ ਆਦਿ ਸ਼ਾਮਲ ਸਨ। ਇਹ ਕਾਮਯਾਬ ਫ਼ਿਲਮ 11 ਅਕਤੂਬਰ 1942 ਨੂੰ ਰਾਇਲ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।
ਮਹੇਸ਼ਵਰੀ ਪਿਕਚਰਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਫ਼ਿਲਮ ‘ਪਗਲੀ’ (1943) ’ਚ ਉਸਤਾਦ ਝੰਡੇ ਖ਼ਾਨ ਤੋਂ ਇਲਾਵਾ 3 ਸੰਗੀਤਕਾਰ ਹੋਰ ਸਨ, ਜਿਨ੍ਹਾਂ ’ਚ ਪੰਡਤ ਗੋਬਿੰਦਰਾਮ ਨੇ 3 ਗੀਤ, ਅਮੀਰ ਅਲੀ ਨੇ 3 ਗੀਤ, ਰਸ਼ੀਦ ਅੱਤਰੇ ‘ਅੰਮ੍ਰਿਤਸਰੀ’ ਨੇ ਇੱਕ ਗੀਤ ਦਾ ਸੰਗੀਤ ਤਿਆਰ ਕੀਤਾ। ਬਾਕੀ 3 ਗੀਤਾਂ ਦਾ ਸ਼ਾਨਦਾਰ ਸੰਗੀਤ ਝੰਡੇ ਖ਼ਾਨ ਨੇ ਮੁਰੱਤਬਿ ਕੀਤਾ, ਜਿਨ੍ਹਾਂ ਦੇ ਖ਼ੂਬਸੂਰਤ ਬੋਲ ਹਨ ‘ਜ਼ਮਾਨੇ ਸੇ ਰਸਮੇ ਵਫ਼ਾ ਉਠ ਗਈ’, ‘ਯੇਹ ਗੀਤ ਪਪੀਹਾ ਗਾਤਾ ਹੈ’ ਤੇ ‘ਗਾ ਰੀ ਸਖੀ ਮਨ ਕੇ ਤਾਰੋਂ ਸੇ’ (ਸ਼ਮਸ਼ਾਦ ਬੇਗ਼ਮ) ਜੋ ਖ਼ੂਬ ਪਸੰਦ ਕੀਤੇ ਗਏ। ਇਹ ਫ਼ਿਲਮ ਰਿਟਜ਼ ਸਿਨਮਾ, ਲਾਹੌਰ ਤੇ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਣ ਵਾਲੀ ਉਸਤਾਦ ਝੰਡੇ ਖ਼ਾਨ ਦੀ ਆਖ਼ਰੀ ਫ਼ਿਲਮ ਕਰਾਰ ਪਾਈ।
ਜ਼ਾਤੀ ਜ਼ਿੰਦਗੀ ਵਿੱਚ ਉਸਤਾਦ ਝੰਡੇ ਖ਼ਾਨ ਇੰਤਹਾਈ ਨਫ਼ੀਸ, ਧਾਰਮਿਕ ਖ਼ਿਆਲਾਤ ਵਾਲੇ ਨਵਾਜ਼ ਪਾਬੰਦ ਇਨਸਾਨ ਸਨ। ਉਨ੍ਹਾਂ ਨੇ ਕਦੇ ਵੀ ਆਪਣੀ ਤਸਵੀਰ ਨਹੀਂ ਖਿਚਵਾਈ ਸੀ। ਇਨ੍ਹਾਂ ਗੱਲਾਂ ਦਾ ਜ਼ਿਕਰ ਨੌਸ਼ਾਦ ਅਲੀ ਸਾਹਬ, ਅਨਿਲ ਬਿਸਵਾਸ ਤੇ ਕੇਦਾਰ ਸ਼ਰਮਾ ਵੀ ਕਰ ਚੁੱਕੇ ਹਨ। ਉਨ੍ਹਾਂ ਦੀਆਂ ਜਿਹੜੀਆਂ ਵੀ ਤਸਵੀਰਾਂ ਉਨ੍ਹਾਂ ਦੇ ਨਾਮ ਉੱਤੇ ਦਰਜ ਹਨ, ਉਹ ਸਾਰੀਆਂ ਫ਼ਰਜ਼ੀ ਹਨ। ਉਸਤਾਦ ਝੰਡੇ ਖ਼ਾਨ ਫ਼ਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰਨ ਤੋਂ ਬਾਅਦ ਆਪਣੇ ਆਬਾਈ ਸ਼ਹਿਰ ਗੁੱਜਰਾਂਵਾਲਾ ਆਣ ਵੱਸੇ ਜਿੱਥੇ 11 ਅਕਤੂਬਰ 1951 ਨੂੰ 80 ਸਾਲ ਦੀ ਉਮਰ ਵਿੱਚ ਉਹ ਫ਼ੌਤ ਹੋ ਗਏ। ਜਦੋਂ ਕਦੇ ਵੀ ਭਾਰਤੀ ਸਿਨਮਾ ਦੇ ਮੁੱਢਲੇ ਦੌਰ ਦੇ ਫ਼ਿਲਮੀ ਸੰਗੀਤ ਦੀ ਗੱਲ ਹੋਵੇਗੀ ਤਾਂ ਸੰਗੀਤ ਦੇ ਬਾਬਾ ਬੋਹੜ ਉਸਤਾਦ ਝੰਡੇ ਖ਼ਾਨ ਦਾ ਨਾਮ ਇੰਤਹਾਈ ਅਦਬ ਨਾਲ ਲਿਆ ਜਾਵੇਗਾ। ਉਨ੍ਹਾਂ ਦੀ ਵਫ਼ਾਤ ਦੇ ਬਾਅਦ ਪਾਕਿਸਤਾਨੀ ਫ਼ਿਲਮ ਸਨਅਤ ਵਿੱਚ ਅਦਾਕਾਰ ਸੁਧੀਰ ਦੇ ਫ਼ਿਲਮਸਾਜ਼ ਅਦਾਰੇ ਐੱਸ. ਐੱਸ. ਪ੍ਰੋਡਕਸ਼ਨਜ਼, ਲਾਹੌਰ ਦੀ ਐੱਸ. ਫ਼ਜ਼ਲੀ ਨਿਰਦੇਸ਼ਿਤ ਅਤੇ ਆਗਾ ਹਸ਼ਰ ਕਸ਼ਮੀਰੀ ਦੇ ਲਿਖੇ ਸਟੇਜ ਡਰਾਮੇ ’ਤੇ ਆਧਾਰਿਤ ਉਰਦੂ ਫ਼ਿਲਮ ‘ਆਂਖ ਕਾ ਨਸ਼ਾ’ (1957) ਰਿਲੀਜ਼ ਹੋਈ। ਜਿਸ ਦੀਆਂ ਸਟੇਜ ਧੁੰਨਾਂ ਉਸਤਾਦ ਝੰਡੇ ਖ਼ਾਨ ਨੇ ਬਣਾਈਆਂ ਜਦੋਂਕਿ ਗੀਤਾਂ ਦੀਆਂ ਤਰਜ਼ਾਂ ਮਾਸਟਰ ਇਨਾਇਤ ਹੁਸੈਨ (ਸਹਾਇਕ ਇਜਾਜ਼ ਤੇ ਮਨਜ਼ੂਰ) ਨੇ ਮੁਰੱਤਬਿ ਕੀਤੀਆਂ ਸਨ।
ਸੰਪਰਕ: 97805-09545