ਜੱਗਾ ਸਿੰਘ ਆਦਮਕੇ
ਪੰਜਾਬੀ ਵਿਆਹ ਵਿਚ ਨਾਨਕਿਆਂ ਦਾ ਖ਼ਾਸ ਮਹੱਤਵ ਹੁੰਦਾ ਹੈ। ਵਿਆਹ ਵਿਚ ਨਾਨਕ ਸ਼ੱਕ ਭਰਨ ਆਏ ਨਾਨਕੇ ਮੇਲ ਦੀ ਪੂਰੀ ਚੜ੍ਹਤ ਹੁੰਦੀ ਹੈ। ਨਾਨਕੇ ਮੇਲ ਵਿਚ ਆਈਆਂ ਮੇਲਣਾਂ ਘੱਗਰੇ ਤੇ ਗਹਿਣੇ ਗੱਟੇ ਪਾ ਕੇ ਖ਼ੂਬ ਸਜੀਆਂ ਫਬੀਆਂ ਹੁੰਦੀਆਂ ਹਨ। ਨਾਨਕੇ ਮੇਲ ਦਾ ਵਿਆਹ ਵਾਲੇ ਪਿੰਡ ਵਿਚ ਦਾਖਲਾ ਪੂਰੀ ਸ਼ਾਨੋ ਸ਼ੌਕਤ ਨਾਲ ਹੁੰਦਾ। ਇਹ ਮੇਲ ਵਿਆਹ ਵਾਲੇ ਘਰ ਜਾਣ ਤੋਂ ਪਹਿਲਾਂ ਪਿੰਡ ਦੇ ਫਲ੍ਹੇ (ਸੱਥ) ਵਿਚ ਜਾਂਦਾ ਤੇ ਫਲ੍ਹੇ ਜਾਂ ਧਰਮਸ਼ਾਲਾ ’ਤੇ ਖੇਸ ਪਾਉਣ ਦੀ ਰਸਮ ਅਦਾ ਕਰਦਾ। ਨਾਨਕੇ ਮੇਲ ਦੀਆਂ ਮੇਲਣਾਂ ਵੱਲੋਂ ਇਸ ਸਮੇਂ ਬੰਬੀਹਾ ਬੁਲਾਇਆ ਜਾਂਦਾ:
ਬੋਲੇ ਨੀਂ ਬੰਬੀਹਾ ਬੋਲੇ
ਬੋਲੇ ਤਾਂ ਬੋਲੇ ਸਾਰੀ ਰਾਤ
ਨੀਂ ਬੰਬੀਹਾ ਬੋਲੇ
ਬੋਲੇ ਨੀਂ ਬੰਬੀਹਾ ਬੋਲੇ
ਬੋਲੇ ਭੈਣ ਦੇ ਬਾਰ
ਨੀਂ ਬੰਬੀਹਾ ਬੋਲੇ ਸਾਰੀ ਰਾਤ,
ਨੀਂ ਬੰਬੀਹਾ ਬੋਲੇ
ਅੰਦਰ ਤੇਰਾ ਪਤੰਦਰ
ਬੋਲੇ ਨੀਂ ਬੰਬੀਹਾ ਬੋਲੇ
ਬੰਬੀਹੇ ਨੂੰ ਵੱਜ ਗਏ ਬਾਰਾਂ
ਇੱਥੇ ਖੜ੍ਹੀਆਂ ਦੇਖਣ ਨਾਰਾਂ
ਇਸ ਸਮੇਂ ਨਾਨਕਿਆਂ ਵੱਲੋਂ ਲਿਆਂਦਾ ਖੇਸ ਪਿੰਡ ਦੇ ਨੰਬਰਦਾਰ, ਸਰਪੰਚ ਨੂੰ ਦਿੱਤਾ ਜਾਂਦਾ। ਨਾਨਕੀਆਂ ਵੱਲੋਂ ਕੁੱਤੀ ਦੇ ਘੱਗਰੀ ਪਾਈ ਜਾਂਦੀ ਤੇ ਖ਼ੂਬ ਹਾਸਾ ਮਜ਼ਾਕ ਹੁੰਦਾ। ਅੱਗੇ ਵਧਦੀਆਂ ਨਾਨਕੇ ਮੇਲ ਦੀਆਂ ਮੇਲਣਾਂ ਗੀਤ ਗਾਉਣੇ ਜਾਰੀ ਰੱਖਦੀਆਂ ਜਿਨ੍ਹਾਂ ਵਿਚ ਸਬੰਧਤ ਪਿੰਡ ਦੇ ਲੋਕਾਂ ’ਤੇ ਵਿਅੰਗ ਵੀ ਹੁੰਦਾ:
ਆਉਂਦੀ ਕੁੜੀਏ ਜਾਂਦੀ ਕੁੜੀਏ
ਭਰ ਲਿਆ ਟੋਕਰਾ ਨੜਿਆਂ ਦਾ ਨੀਂ
ਕਿੱਥੇ ਲਾਹੇਗੀ, ਕਿੱਥੇ ਲਾਹੇਗੀ ਨੀਂ
ਸਾਰਾ ਪਿੰਡ ਛੜਿਆਂ ਦਾ ਨੀਂ
ਕਿੱਥੇ ਲਾਹੇਗੀ…।
ਮੇਲ ਵੱਲੋਂ ਕੁਝ ਗੀਤਾਂ ਰਾਹੀਂ ਇਸ ਤਰ੍ਹਾਂ ਵੀ ਸੁਣਾਇਆ ਜਾਂਦਾ:
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਦੋਹਣਾ
ਨੀਂ ਇੱਥੋਂ ਦੀਆਂ ਰੋਣ ਕੁੜੀਆਂ
ਮੁੰਡਾ ਦੇਖ ਕੇ ਨਾਨਕੇ ਮੇਲ ਦਾ ਸੋਹਣਾ
ਇਸ ਸਮੇਂ ਨਾਨਕੇ ਮੇਲ ਵੱਲੋਂ ਗਾਏ ਜਾਂਦੇ ਗੀਤਾਂ ਵਿਚ ਪਿੰਡ ਵਾਲਿਆਂ ਦੀ ਪ੍ਰਸੰਸਾ ਵੀ ਹੁੰਦੀ:
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਨੀਂ ਦੋਹਣੇ
ਇਹ ਪਿੰਡ ਸਰਦਾਰਾਂ ਦਾ ਨੀਂ
ਗੱਭਰੂ ਅੰਤਾਂ ਦੇ ਸੋਹਣੇ।
ਇਸ ਤਰ੍ਹਾਂ ਗੀਤ ਗਾਉਂਦੀਆਂ ਮੇਲਣਾ ਵਿਆਹ ਵਾਲੇ ਘਰ ਨੇੜੇ ਆਉਂਦੀਆਂ। ਉਨ੍ਹਾਂ ਦੇ ਸਵਾਗਤ ਲਈ ਵਿਆਹ ਵਾਲੇ ਘਰ ਦੀਆਂ ਔਰਤਾਂ ਤੇ ਪੁਰਸ਼ ਦਰਵਾਜ਼ੇ ਅੱਗੇ ਆ ਜਾਂਦੇ ਤੇ ਉਨ੍ਹਾਂ ਕੋਲ ਲੱਡੂਆਂ ਵਾਲੀ ਪਰਾਂਤ ਹੁੰਦੀ। ਲਾਗਣ ਵੱਲੋਂ ਦਰਵਾਜ਼ੇ ਅੱਗੇ ਤੇਲ ਚੋਇਆ ਜਾਂਦਾ। ਨਾਨਕੇ ਮੇਲ ਨਾਲ ਆਏ ਹਰ ਮੈਂਬਰ ਨੂੰ ਵਿਆਹ ਵਾਲੇ ਮੁੰਡੇ/ਕੁੜੀ ਦੀ ਮਾਂ ਵੱਲੋਂ ਦੋ ਲੱਡੂ ਅਤੇ ਕੁਝ ਰੁਪਏ ਦੇ ਕੇ ਸ਼ਗਨ ਕੀਤਾ ਜਾਂਦਾ। ਨਾਨਕੀਆਂ ਵੱਲੋਂ ਗਾਇਆ ਜਾਂਦਾ:
ਅਸੀਂ ਤੇਰੇ ਆਈਆਂ ਨੀਂ ਬੀਬੀ
ਮੰਜਾ ਪੀੜ੍ਹੀ ਹਾਜ਼ਰ ਕਰ
ਦਾਦਕੇ ਪਰਿਵਾਰ ਦੀਆਂ ਔਰਤਾਂ ਵੱਲੋਂ ਜਵਾਬ ਦਿੱਤਾ ਜਾਂਦਾ:
ਤੁਸੀਂ ਸਾਡੇ ਆਈਓ ਨੀਂ
ਪਲੰਘ ਰੰਗੀਲੇ ਨਿੰਮਾਂ ਦੀਆਂ ਛਾਵਾਂ
ਇਸ ਤਰ੍ਹਾਂ ਖਾਣ ਪੀਣ ਸਬੰਧੀ ਵੀ ਨਾਨਕੀਆਂ ਵੱਲੋਂ ਕੁਝ ਇਸ ਤਰ੍ਹਾਂ ਗੀਤ ਗਾਏ ਜਾਂਦੇ:
ਅਸੀਂ ਆਈਆਂ ਨੀਂ ਬੀਬੀ ਰਸਤਾ ਤੈਅ ਕਰ
ਨੀਂ ਬੀਬੀ ਸਾਨੂੰ ਦਾਣਾ ਪਾਣੀ ਹਾਜ਼ਰ ਕਰ
ਅਸੀਂ ਨੀਂ ਖਾਣੀ ਥੋਡੀ ਜਮਾਰ ਕਣਕ
ਕੋਈ ਨੀਂ ਪ੍ਰਬੰਧ ਕਰ।
ਵਿਆਹ ਵਿਚ ਨਾਨਕੇ ਮੇਲ ਦੀ ਪੂਰੀ ਚੜ੍ਹਤ ਹੁੰਦੀ। ਨਾਨਕੀਆਂ ਦਾਦਕੀਆਂ ਵੱਲੋਂ ਇਕ ਦੂਸਰੇ ਨੂੰ ਦਿੱਤੀਆਂ ਜਾਂਦੀਆਂ ਸਿੱਠਣੀਆਂ ਤੇ ਹੇਅਰਾਂ ਖ਼ੂਬ ਰੌਣਕ ਲਗਾਉਂਦੀਆਂ। ਨਾਨਕਿਆਂ ਵੱਲੋਂ ਨਾਨਕ ਸ਼ੱਕ ਭਰਨ ਲਈ ਲਿਆਂਦਾ ਸਾਮਾਨ, ਗਹਿਣੇ ਆਦਿ ਵਿਖਾਏ ਜਾਂਦੇ। ਰਾਤ ਨੂੰ ਜਾਗੋ ਕੱਢਣ ਤੇ ਛੱਜ ਭੰਨਣ, ਗਿੱਧੇ, ਗੋਰੇ ਬਣਨ ਆਦਿ ਵਰਗੇ ਮੌਕਿਆਂ ਸਮੇਂ ਖ਼ੂਬ ਧਮਾਲਾਂ ਪਾਈਆਂ ਜਾਂਦੀਆਂ। ਨਿਉਂਦਾ ਪਾਉਣ ਸਮੇਂ ਵੀ ਨਾਨਕਿਆਂ ਵੱਲੋਂ ਸ਼ੁਰੂਆਤ ਕੀਤੀ ਜਾਂਦੀ। ਨਹਾਈ ਧੋਈ, ਮਿਲਣੀ ਆਦਿ ਵਰਗੇ ਮੌਕਿਆਂ ’ਤੇ ਨਾਨਕੇ ਆਪਣੀ ਭੂਮਿਕਾ ਨਿਭਾਉਂਦੇ। ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਉਣ ਤੋਂ ਬਾਅਦ ਜਦੋਂ ਨਾਨਕਾ ਮੇਲ ਵਾਪਸ ਜਾਂਦਾ ਤਾਂ ਕੁਝ ਇਸ ਤਰ੍ਹਾਂ ਦਾ ਵਿਅੰਗ ਕੀਤਾ ਜਾਂਦਾ :
ਨਾਲੇ ਮੁੱਕ ਗਿਆ ਕਣਕ ਦਾ ਆਟਾ
ਨਾਲੇ ਥੋਡੀ ਦਾਲ ਮੁੱਕ ਗਈ
ਵਿਆਹ ਦੀ ਰੌਣਕ ਵਿਚੋਂ ਜਾਣ ਨੂੰ ਕਿਸ ਦਾ ਜੀ ਕਰਦਾ, ਪਰ ਇਸਦੇ ਲਈ ਨਾਨਕੇ ਮੇਲ ਵੱਲੋਂ ਕਾਰਨ ਕੁਝ ਇਸ ਤਰ੍ਹਾਂ ਦੱਸਿਆ ਜਾਂਦਾ:
ਗੰਢਾਂ ਦੇ ਦੇ ਮੇਲ ਸਦਾਇਆ
ਹੁਣ ਕਿਉਂ ਮੇਲ ਟਾਹੀਂ ਦਾ
ਭੈਣੋਂ ਸਾਡਾ ਤਾਰਾ ਮੀਰਾ ਗਾਹੀਂ ਦਾ
ਨਾਨਕੇ ਮੇਲ ਦੀਆਂ ਮੇਲਣਾਂ ਵਿਆਹ ਦੇ ਕਾਰਜ ਸੰਪੂਰਨ ਹੋਣ ਦੀ ਗੱਲ ਵੀ ਗੀਤ ਵਿਚ ਕਹਿੰਦੀਆਂ :
ਲੱਡੂ ਪੱਕੇ ਮੱਠੇ ਪੱਕੇ
ਨਾਲ ਪਕਾਏ ਪੂੜੇ
ਬੀਬੀ ਨੀਂ ਸਾਨੂੰ ਜਾਣ ਦਿਓ
ਕਾਰਜ ਹੋ ਗਏ ਪੂਰੇ
ਸਮਾਂ ਬਦਲਣ ਨਾਲ ਇਸ ਸਬੰਧੀ ਕਾਫ਼ੀ ਤਬਦੀਲੀ ਆਈ ਹੈ। ਹੁਣ ਨਾਨਕਾ ਮੇਲ ਪਹਿਲਾਂ ਪਿੰਡ ਵਿਚ ਨਹੀਂ ਜਾਂਦਾ, ਸਗੋਂ ਵਿਆਹ ਵਾਲੇ ਘਰ ਦੇ ਨਜ਼ਦੀਕੋਂ ਬੰਬੀਹਾ ਬਲਾਉਣਾ ਸ਼ੁਰੂ ਕੀਤਾ ਜਾਂਦਾ ਹੈ। ਬਹੁਗਿਣਤੀ ਰਸਮਾਂ ਇਕ ਰਿਵਾਜ ਵਜੋਂ ਤੇ ਇਕ ਖਾਨਾ ਪੂਰਤੀ ਵਜੋਂ ਬਹੁਤ ਹੀ ਸੰਖੇਪ ਰੂਪ ਵਿਚ ਨਿਭਾਈਆਂ ਜਾਂਦੀਆਂ ਹਨ।
ਸੰਪਰਕ: 94178-32908