ਭੋਲਾ ਸਿੰਘ ਸ਼ਮੀਰੀਆ
ਬਾਬੂ ਸਿੰਘ ਮਾਨ ਨੂੰ ਜੁਆਨੀ ਦੇ ਵੇਗ, ਅੱਲ੍ਹੜਾਂ ਦੀਆਂ ਰੀਝਾਂ ਅਤੇ ਚੋਬਰਾਂ ਦੇ ਵਲਵਲਿਆਂ ਨੂੰ ਮਾਪਣਾ ਆਉਂਦਾ ਹੈ। ਉਸ ਦੇ ਗੀਤ ਉਸ ਦੀ ਦਾੜ੍ਹੀ ਵਰਗੇ ਤਾਜ਼ੇ-ਤਾਜ਼ੇ ਅਤੇ ਸਦਾ ਹੀ ਜੁਆਨ ਰਹਿਣ ਵਾਲੇ ਹਨ। ਉਹ ਆਪਣੇ ਗੀਤਾਂ ਵਾਂਗ ਸਦਾ ਜੁਆਨ ਤੇ ਤਰੋ-ਤਾਜ਼ਾ ਹੈ। ਬਾਬੂ ਸਿੰਘ ਮਾਨ ਅਜਿਹਾ ਦਰੱਖਤ ਸਾਬਤ ਹੋਇਆ ਹੈ ਜਿਸ ਦੀਆਂ ਟਾਹਣੀਆਂ ਨੂੰ ਫੜ ਕੇ ਅਨੇਕਾਂ ਕਲਾਕਾਰ ਆਕਾਸ਼ੀ ਜਾ ਲੱਗੇ। ਕਿਸੇ ਪਰਤਾਪੀ ਸਾਧ ਵਾਂਗ ਉਸ ਨੇ ਜਿਸ ਵੀ ਸ਼ਖ਼ਸ ਦੇ ਸਿਰ ‘ਤੇ ਮਿਹਰ ਭਰਿਆ ਹੱਥ ਰੱਖਿਆ, ਉਹ ਨਿਹਾਲ ਹੋ ਗਿਆ। ਉਸ ਨੇ ਗੀਤਕਾਰੀ ਦੇ ਇਤਿਹਾਸ ਨੂੰ ਵਾਚਿਆ ਨਹੀਂ, ਸਗੋਂ ਉਹ ਖ਼ੁਦ ਇੱਕ ਇਤਿਹਾਸ ਹੋ ਨਿੱਬੜਿਆ ਹੈ। ਉਸ ਨੇ ਸਾਰੀ ਜ਼ਿੰਦਗੀ ਨਾ ਹੀ ਕਲਮ ਰੱਖੀ ਹੈ ਤੇ ਨਾ ਹੀ ਪਿਆਲੀ ਵਿੱਚੋਂ ਦਾੜ੍ਹੀ ‘ਤੇ ਲਾਉਣ ਵਾਲੀ ਡਾਈ ਮੁੱਕਣ ਦਿੱਤੀ ਹੈ।
ਜਦੋਂ ਉਸ ਦੀ ਕਲਮ ਭੁੱਬਾਂ ਮਾਰਨ ਵਰਗੇ ਸ਼ਬਦ ਉਲੀਕਦੀ ਹੈ ਤਾਂ ਉਸ ਦੇ ਗੀਤਾਂ ਵਿਚਲਾ ਸਾਹਿਤਕ-ਪੱਖ ਵੀ ਪ੍ਰਤੱਖ ਧੜਕਦਾ ਦਿਖਾਈ ਦਿੰਦਾ ਹੈ। ਹਾਂ, ਕੁਝ ਕੁ ਗੀਤ ਅਜਿਹੇ ਹਨ ਜਿਨ੍ਹਾਂ ਵੱਲ ਸ਼ੱਕ ਦੀ ਉਂਗਲ ਉਠਾਈ ਜਾ ਰਹੀ ਹੈ, ਪਰ ਹਕੀਕਤ ਵਿੱਚ ਇਹ ਵੀ ਉਸ ਸਮੇਂ ਦਾ ਸੱਚ ਹਨ। ਇਨ੍ਹਾਂ ਨੂੰ ਭਾਵਨਾਵਾਂ ਦਾ ਵੇਗ ਕਿਹਾ ਜਾ ਸਕਦਾ ਹੈ। ਇਨ੍ਹਾਂ ਭਾਵਨਾਵਾਂ ਦੇ ਉਛਾਲ ਨੂੰ ਜ਼ਿੰਦਗੀ ਵਿੱਚੋਂ ਮਨਫੀ ਕਰਕੇ ਨਹੀਂ ਦੇਖਿਆ ਜਾ ਸਕਦਾ। ਉਸ ਦੇ ਗੀਤਾਂ ਵਿਚਲੀ ਸਾਹਿਤਕ ਪ੍ਰਤਿਭਾ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਉਸ ਦੇ ਗੀਤਾਂ ਵਿਚਲੀਆਂ ਕਈ ਤੁਕਾਂ ਲੋਕਾਂ ਲਈ ਮੁਹਾਵਰੇ ਤੇ ਅਖਾਣ ਬਣੀਆਂ ਹਨ। ਉਸ ਦੇ ਗੀਤਾਂ ਵਿੱਚ ਸਮੁੱਚੇ ਪੰਜਾਬ ਦੇ ਦਰਸ਼ਨ ਹੁੰਦੇ ਹਨ। ਉਸ ਦੇ ਗੀਤਾਂ ਵਿੱਚ ਪੰਜਾਬ ਦੀਆਂ ਰਸਮਾਂ, ਤਿਉਹਾਰ, ਫ਼ਸਲਾਂ, ਖੂਹ, ਟੋਭੇ ਤੇ ਅੱਲ੍ਹੜ ਉਮਰ ਦੇ ਜਜ਼ਬਾਤ ਧੜਕਦੇ ਦਿਖਾਈ ਦਿੰਦੇ ਹਨ। ਉਸ ਨੇ ਸਾਰੀ ਜ਼ਿੰਦਗੀ ਪਿੰਡਾਂ ਵਿੱਚ ਹੰਢਾਈ ਹੈ। ਪਿੰਡ ਦਾ ਸਰਪੰਚ ਹੋਣ ਕਰਕੇ ਹਰ ਕਿਰਦਾਰ ਨਾਲ ਹੰਢਿਆ ਵਰਤਿਆ ਹੈ, ਪਰ ਜੀਵਨ ਦਾ ਅਨੁਭਵ, ਸਮਾਜਿਕ ਰਹੁ-ਰੀਤਾਂ, ਰਿਸ਼ਤਿਆਂ ਦੀ ਟੁੱਟ-ਭੱਜ, ਪਰਿਵਾਰਕ ਸਬੰਧ, ਆਰਥਿਕ-ਥੁੜ੍ਹਾਂ, ਤਾਅਨੇ-ਮਿਹਣੇ, ਤੰਗੀਆਂ-ਤੁਰਸ਼ੀਆਂ, ਵਿਅੰਗ ਤੇ ਚੋਭਾਂ ਆਦਿ ਉੁਸ ਨੇ ਅਜਿਹੇ ਢੰਗ ਨਾਲ ਬਿਆਨੇ ਹਨ ਕਿ ਲੋਕਾਂ ਨੇ ਉਸ ਦੇ ਗੀਤਾਂ ਨੂੰ ਲੋਕ ਗੀਤਾਂ ਵਾਂਗ ਮਾਣਿਆ ਹੈ। ਕਾਗਜ਼ ਦੀ ਹਿੱਕ ‘ਤੇ ਉੱਕਰੀ ਉਸ ਦੀ ਹਰ ਝਰੀਟ, ਹਰ ਪਾਤਰ ਨੂੰ ਆਪਣੀ ਹਿੱਕ ‘ਤੇ ਉੱਕਰੀ ਸ਼ਿਲਾਲੇਖ ਜਾਪਦੀ ਹੈ। ਜੇਕਰ ਉਹ ਵਿਛੋੜੇ ਦੀ ਗੱਲ ਕਰਦਾ ਹੈ ਤਾਂ ਹਰ ਆਸ਼ਕ ਨੂੰ ਉਸ ਦੇ ਸ਼ਬਦਾਂ ਵਿੱਚੋਂ ਆਪਣੀ ਮਾਸ਼ੂਕਾ ਦਾ ਝਾਉਲਾ ਪੈਂਦਾ ਹੈ। ਵਿਛੋੜੇ ਨੂੰ ਬਿਆਨ ਕਰਨ ਲਈ ਉਸ ਕੋਲ ਅਥਾਹ ਸ਼ਬਦ ਭੰਡਾਰ ਹੈ। ਹਰ ਸਤਰ ਨੂੰ ਉਹ ਬਿੰਬਾਂ ਤੇ ਅਲੰਕਾਰਾਂ ਨਾਲ ਅਜਿਹਾ ਸ਼ਿੰਗਾਰਦਾ ਹੈ ਕਿ ਪੜ੍ਹਨ ਵਾਲੇ ਦੀ ਕਲਪਨਾ, ਉਡਾਰੀ ਮਾਰ ਕੇ ਕਿਤੋਂ ਦੀ ਕਿਤੋਂ ਜਾ ਪੁੱਜਦੀ ਹੈ। ਉਸ ਨੂੰ ਭਾਵਨਾਵਾਂ ਤੇ ਸੁਪਨਿਆਂ ਦੀ ਗਹਿਰਾਈ ਵਿੱਚ ਡੁੱਬਣਾ ਆਉਂਦਾ ਹੈ। ਜਿਵੇਂ:
ਕਾਲਜੇ ਨੂੰ ਵਿੱਚੋਂ ਵਿੱਚ ਵਲ ਪੈਂਦੇ ਰਾਤੀਂ
ਜਦੋਂ ਅੰਬਰਾਂ ‘ਚ ਬੋਲਣ ਟਟੀਰ੍ਹੀਆਂ।
ਚੰਗਾ-ਚੰਗਾ ਲੱਗਦਾ ਏ ਚੁੱਪ-ਚੁੱਪ ਰਹਿਣਾ
ਪਈਆਂ ਸੁਪਨੇ ਦੇ ਦੇਸ਼ ‘ਚ ਸਕੀਰੀਆਂ।
ਇਸੇ ਤਰ੍ਹਾਂ ਸੱਸੀ ਦੇ ਕੀਰਨੇ ਹਰ ਮੁਟਿਆਰ ਦੇ ਆਪਣੇ ਵੈਣਾਂ ਵਿੱਚ ਤਬਦੀਲ ਹੋ ਜਾਂਦੇ ਹਨ। ਕਦੇ-ਕਦੇ ਇਉਂ ਲੱਗਦਾ ਹੈ ਜਿਵੇਂ ਬਾਬੂ ਸਿੰਘ ਮਾਨ ਦੀ ਕਲਮ ਹੁਣੇ ਹੀ ਭੁੱਬਾਂ ਮਾਰ ਕੇ ਹਟੀ ਹੋਵੇ। ਗੀਤਾਂ ਦਾ ਵੇਗ ਕੀਰਨੇ ਬਣਕੇ ਉਸ ਦੇ ਅੰਦਰੋਂ ਉੱਠਦਾ ਹੈ ਤੇ ਕਲਮ ਦੀ ਨੋਕ ਰਾਹੀਂ ਸ਼ਬਦਾਂ ਦੇ ਰੂਪ ਵਿੱਚ ਪਸਰ ਜਾਂਦਾ ਹੈ। ਪੇਸ਼ਕਾਰੀ ਸਮੇਂ ਉਹ ਇਤਿਹਾਸਕ ਬਿਰਤਾਂਤ ਨੂੰ ਚਿੰਨ੍ਹ ਦੇ ਰੂਪ ਵਿੱਚ ਵਰਤਦਾ ਹੋਇਆ ਕਰੁਣਾਮਈ ਦ੍ਰਿਸ਼ ਇਉਂ ਉਕਾਰਦਾ ਹੈ:
ਫਿਰਦੀ ਭਟਕਦੀ ਉਜਾੜਾਂ ‘ਚ ਇਕੱਲੀ
ਜਿਵੇਂ ਦੋਜ਼ਖਾਂ ‘ਚ ਰਿਸ਼ੀਆਂ ਦੀ ਆਤਮਾ
ਸੁੱਤਿਆਂ ਯਸ਼ੋਧਰਾਂ ਨੂੰ
ਛੱਡ ਜਾਣ ਵਾਲਿਆ ਵੇ
ਧੰਨ ਤੇਰਾ ਜਿਗਰਾ ਮਹਾਤਮਾ।
ਉਸ ਦੇ ਗੀਤਾਂ ਦੀ ਨਾਇਕਾ ਸੁਪਨੇ ਲੈਣ ਤੋਂ ਵੀ ਵਾਂਝੀ ਹੋ ਜਾਂਦੀ ਹੈ। ਸੁਪਨਿਆਂ ਨੂੰ ਉਲੀਕਣ ਲਈ ਉਸ ਦੇ ਗੀਤ ਇੱਕ ਸੇਜ ਬਣਦੇ ਹਨ। ਉਸ ਦੀ ਬੇਵੱਸ ਹੋਈ ਉਡੀਕ ਨੂੰ ਬਾਬੂ ਸਿੰਘ ਮਾਨ ਆਪਣੇ ਪੋਟਿਆਂ ਵਿੱਚ ਘੁੱਟ ਲੈਂਦਾ ਹੈ। ‘ਨੀਂਦ’ ਦੇ ‘ਸਦਾ ਲਈ ਸੌਂ ਜਾਣ’ ਨਾਲ ਸੁਪਨਿਆਂ ਦੀ ਧਰਾਤਲ ਕਿਵੇਂ ਖੁਸਦੀ ਹੈ, ਕੋਈ ਬਾਬੂ ਸਿੰਘ ਮਾਨ ਵਰਗਾ ਅਨੁਭਵੀ ਕਵੀ ਹੀ ਲਿਖ ਸਕਦਾ ਹੈ:
ਨੀਂਦ ਸਦਾ ਦੀ ਸੌਂ ਗਈ ਨੀਂਦਰ
ਸੁਪਨੇ ਕਿਵੇਂ ਉਲੀਕਾਂ।
ਕਿਦ੍ਹੇ ਆਸਰੇ ਉਮਰ ਗੁਜ਼ਾਰਨ
ਹੁਣ ਬੇਆਸ ਉਡੀਕਾਂ।
ਬਨੇਰੇ ਉੱਤੇ ਕਾਂ ਦਾ ਬੋਲਣਾ ਇੱਕ ਫ਼ੌਜੀ ਦੀ ਪਤਨੀ ਦੇ ਸ਼ਾਂਤ ਸਾਗਰਾਂ ਵਿੱਚ ਇੱਟ ਵਾਂਗ ਵੱਜਣ ਵਰਗੀ ਸਥਿਤੀ ਪੈਦਾ ਕਰ ਜਾਂਦਾ ਹੈ। ਜਿਵੇਂ ਖੜ੍ਹੇ ਪਾਣੀਆਂ ਵਿੱਚ ਅਚਾਨਕ ਛੱਲ ਆ ਗਈ ਹੋਵੇ। ਕਾਂ ਦੀ ‘ਕਾਂ-ਕਾਂ’ ਵਿੱਚੋਂ ਉਸ ਨੂੰ ਆਸਾਂ ਦੇ ਦੀਪ ਜਗਦੇ ਦਿਖਾਈ ਦਿੰਦੇ ਹਨ। ਇੱਕ ਗੀਤ ਵਿੱਚ ਉਸ ਨੇ ਇੱਕ ਫ਼ੌਜਣ ਦੇ ਬਿਰਹੋਂ ਭਿੱਜੇ ਬੋਲਾਂ ਨੂੰ ਹਉਕਿਆਂ ਰਾਹੀਂ ਇਉਂ ਦਰਸਾਇਆ ਜਿਵੇਂ ਉਹ ਗੀਤ ਨੂੰ ਬੂਹੇ ਦੀ ਦੇਹਲੀ ‘ਤੇ ਖੜ੍ਹੀ ਅੱਡੀਆਂ ਚੁੱਕ-ਚੁੱਕ ਕੇ ਬੱਦਲਾਂ ਰਾਹੀਂ ਆਪਣੇ ਜੀਵਨ-ਸਾਥੀ ਨੂੰ ਇੱਕ ਮਿਹਣੇ ਵਰਗਾ ਉਲਾਂਭਾ ਦਿੰਦੀ ਹੋਵੇ:
ਬੋਲ ਹੰਭ ਗਏ ਬਨੇਰੇ ਉਤੋਂ ਕਾਗ ਵੇ
ਬੁਝ ਜਾਣ ਨਾ ਉਮੀਦਾਂ ਦੇ ਚਿਰਾਗ ਵੇ
ਝੂਠਾ ਲਾਰਾ ਨਹੀਂ ਸੀ ਲਾਉਣਾ
ਜੇ ਤੂੰ ਆਪ ਨਹੀਂ ਸੀ ਆਉਣਾ
ਕੋਈ ਚਿੱਠੀ ਚੀਰਾ ਈ ਤਾਂ ਦਿੰਦਾ ਪਾ
ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ
ਛੋਟੀ ਉਮਰ ਵਿੱਚ ਕੀਤਾ ਹਲਕਾ-ਫੁਲਕਾ ਰੁਮਾਂਸ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ‘ਤੇ ਆ ਕੇ ਇੱਕ ਚੀਸ ਬਣ ਜਾਂਦਾ ਹੈ। ਉਹ ਆਪਣੇ ਗੀਤਾਂ ਦੀ ਖਿਆਲੀ ਨਾਇਕਾ ਨੂੰ ਆਪਣੇ ਕੋਲ ਬਿਠਾ ਕੇ ਕਲਮ ਦੀ ਨੋਕ ਨਾਲ ਪਹਿਲਾਂ ਉਸ ਦੇ ਦਿਲ ਵਿੱਚ ਉਤਰਦਾ ਹੈ ਤੇ ਫਿਰ ਉਸ ਦੀਆਂ ਭਾਵਨਾਵਾਂ ਵਿੱਚ ਡੁੱਬਦਾ ਹੈ। ਭਾਵਨਾਵਾਂ ਵਿੱਚ ਡੁੱਬੇ ਤੋਂ ਬਿਨਾਂ ਸ਼ਬਦਾਂ ਦੇ ਮੋਤੀਆਂ ਨਾਲ ਖੇਡਿਆ ਨਹੀਂ ਜਾ ਸਕਦਾ। ਅਜਿਹੀ ਸਥਿਤੀ ਨੂੰ ਬਿਆਨਣਾ ਕਿਸੇ ਅਨੁਭਵੀ ਕਵੀ ਦੇ ਹਿੱਸੇ ਹੀ ਆਉਂਦਾ ਹੈ:
ਨੈਣਾਂ ‘ਤੇ ਵੀ ਬੁੱਲ੍ਹਾਂ ਵਾਂਗੂੰ ਬਖੇ ਫੇਰ ਲਵਾਂ
ਪਰ ਅੱਥਰੂ ਤਾਂ ਫੇਰ ਵੀ ਨਈ ਰੁਕਦੇ।
ਜ਼ਿੰਦਗੀ ਦੇ ਮਾਰਿਆਂ ਦੇ
ਠੰਢੇ-ਠੰਢੇ ਸਾਹਾਂ ਰਾਹੀਂ
ਜਾਂਦੇ ਨੇ ਪਰਾਣ ਜਾਣੀ ਮੁੱਕਦੇ।
ਸ਼ਬਦਾਂ ਦੀ ਚੋਣ ਤੇ ਕਿਸੇ ਦ੍ਰਿਸ਼ ਦਾ ਚਿਤਰਣ ਉਹ ਬੜੀ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ। ਬੇਬੇ ਦੇ ਸੰਦੂਕ ਖੁੱਲ੍ਹਣ ਦੀ ਇੱਕ ਆਪਣੀ ਹੀ ਅਵੱਲੀ ਖੂਸ਼ਬੋ ਹੁੰਦੀ ਹੈ। ਇਹ ਇੱਕ ਬਹੁਤ ਹੀ ਸੂਖਮ ਜਿਹਾ ਅਨੁਭਵ ਹੈ, ਜੋ ਮਾਨ ਨੇ ਆਪਣੇ ਇੱਕ ਗੀਤ ਦੇ ਘੰਧੇੜੇ ਚੜ੍ਹਾ ਕੇ ਸਾਡੇ ਸਨਮੁੱਖ ਕੀਤਾ ਹੈ। ਇੱਕ ਵੀਰ ਆਪਣੀ ਭੈਣ ਦੇ ਘਰ ਸੰਧਾਰਾ ਲੈ ਕੇ ਜਾਂਦਾ ਹੈ ਤਾਂ ਭੈਣ ਵੱਲੋਂ ਪ੍ਰਗਟਾਈ ਖੁਸ਼ੀ ਉਸ ਨੇ ਇੱਕ ਗੀਤ ਰਾਹੀਂ ਬਿਆਨ ਕੀਤੀ ਹੈ। ਇੱਥੇ ਸ਼ਬਦਾਂ ਦੀ ਖ਼ੂਬਸੂਰਤੀ ਤੇ ਅਨੁਭਵ ਦੇ ਸੁਮੇਲ ਦਾ ਇੱਕ ਵਧੀਆ ਨਮੂਨਾ ਪੇਸ਼ ਹੈ:
ਫੁੱਲਾਂ ਵਾਲੀ ਫੁਲਕਾਰੀ ਵੇਖ
ਫੁੱਲੀ ਨਾ ਸਮਾਈ।
ਵਿੱਚੋਂ ਬੇਬੇ ਦੇ ਸੰਦੂਕ ਦੀ
ਸੁਗੰਧ ਜਿਹੀ ਆਈ।
ਪਾਤਰ ਉਸਾਰੀ ਸਮੇਂ ਬਾਬੂ ਸਿੰਘ ਮਾਨ ਲੋੜੀਂਦੇ
ਪਾਤਰ ਨੂੰ ਸਾਡੇ ਕੋਲ ਲਿਆ ਕੇ ਖੜ੍ਹਾ ਕਰ ਦਿੰਦਾ
ਹੈ। ਖੂਹਾਂ, ਟੋਭਿਆਂ, ਸੱਥਾਂ, ਹੱਟੀਆਂ, ਭੱਠੀਆਂ, ਹਲ਼ ਵਾਹੁੰਦੇ ਗੱਭਰੂਆਂ ਦੇ ਜਜ਼ਬਾਤ, ਛੜਿਆਂ ਦੀਆਂ ਕਾਮੁਕ ਥੁੜ੍ਹਾਂ, ਅਮਲੀਆਂ ਦੇ ਚਸਕਦੇ ਹੱਡਾਂ ਦੀ ਪੀੜ, ਪਾਣੀ ਭਰਦੀਆਂ ਮੁਟਿਆਰਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਆਦਿ ਦਾ ਅਨੁਭਵ ਉਸ ਨੇ ਖ਼ੁਦ ਹੰਢਾਇਆ ਤੇ ਨਿਰਖਿਆ-ਪਰਖਿਆ ਹੋਣ ਕਰਕੇ
ਇਨ੍ਹਾਂ ਦ੍ਰਿਸ਼ਾਂ ਦੀ ਪੇਸ਼ਕਾਰੀ ਕਰਦਾ ਹੋਇਆ ਉਹ ਕਮਾਲ ਕਰ ਦਿੰਦਾ ਹੈ। ਨਕਸ਼ਾ ਇੰਜ ਬਣ ਜਾਂਦਾ ਹੈ ਕਿ ਜਿਵੇਂ ਉਹ ਪਾਤਰ ਖੂਹ, ਟੋਭੇ ਜਾਂ ਪਿੱਪਲ ਹੇਠ ਖੜ੍ਹਾ ਹੋਵੇ। ਕਈ ਵਾਰ ਤਾਂ ਇਉਂ ਭੁਲੇਖਾ ਪੈ ਜਾਂਦਾ ਹੈ ਕਿ ਜਿਵੇਂ ਉਸ ਨੇ ਇਹ ਪਾਤਰ-ਉਸਾਰੀ ਕਲਮ ਨਾਲ ਨਹੀਂ, ਕਿਸੇ ਬੁਰਸ਼ ਨਾਲ ਕੀਤੀ ਹੋਵੇ:
ਪੂਰੀ ਡੇਢ ਗਿੱਠ ਲੰਮੀ ਉਹਦੀ
ਕੂੰਜ ਵਾਂਗ ਧੌਣ।
ਉਹਦੇ ਕੰਨਾਂ ਦੀਆਂ ਵਾਲੀਆਂ ਤੇ
ਮੋਰ ਪੈਲ ਪਾਉਣ।
ਪਾਇਆ ਪਾਣੀਆਂ ਦੇ ਘੜੇ ਉੱਤੇ
ਘੁੱਗੀਆਂ ਦਾ ਜੋੜਾ
ਮਹਿੰਦੀ ਵਾਲਿਆਂ ਹੱਥਾਂ ਦੇ ਹੇਠ ਵਾਸਾ।
ਬਾਬੂ ਸਿੰਘ ਮਾਨ ਦੀ ਇੱਕ ਹੋਰ ਖਾਸੀਅਤ ਹੈ ਕਿ
ਉਹ ਗੀਤਾਂ ਦੀ ਸਿਰਜਣਾ ਸਮੇਂ ਗੀਤ ਦੀਆਂ
ਸਤਰਾਂ ਵਿੱਚ ਤੋਲ ਤੇ ਤੁਕਾਂਤ ਨੂੰ ਬਣਾਈ ਰੱਖਣ ਲਈ ਵਾਧੂ ਦੇ ਸ਼ਬਦ ਨਹੀਂ ਵਰਤਦਾ। ਹਰ ਸਤਰ ਵਿੱਚ ਪਰੋਏ ਹੋਏ ਸ਼ਬਦ ਚੂਨੇ ਵਿੱਚ ਲੱਗੀ ਏਸੇ ਤਰ੍ਹਾਂ ਰਵਾਨਗੀ ਦੀ ਇੱਕ ਹੋਰ ਵੰਨਗੀ ਦੇਖੋ ਜਿਸ ਵਿੱਚ ਗੀਤਕਾਰ ਇੱਕ ਵਾਰਤਕ ਵਰਗੀ ਵਿਧਾ ਨੂੰ ਕਾਵਿ-ਰੂਪ ਵਿੱਚ ਬਿਆਨ ਕੇ ਅੱਗੇ ਵੀ ਤੋਰੀ ਜਾ ਰਿਹਾ ਹੈ ਤੇ ਉਸ ਦੇ ਤੁਕਾਂਤ ਨੂੰ ਵੀ ਮਿਲਾਈ ਜਾ ਰਿਹਾ ਹੈ। ਸਤਰਾਂ ਵਿੱਚ ਕੋਈ ਵਾਧੂ ਦੀ ਘੁਸਪੈਠ ਨਹੀਂ ਕਰਦਾ:
ਮੈਂ ਤੇ ਮੇਰੀ ਭੈਣ, ਦੋਵੇਂ ਗਈਆਂ ਪਾਣੀ ਲੈਣ
ਇੱਕ ਦੂਜੀ ਨਾਲੋਂ ਵੱਧ ਤਿੱਖੇ ਛੁਰੀਆਂ ਤੋਂ ਨੈਣ।
ਉਸ ਦੇ ਗੀਤ ਵਾਰਤਕ ਵਾਂਗ ਕਹਾਣੀ ਪਾਉਂਦੇ ਹੋਏ, ਤੋਲ ਤੇ ਲੈਅ ਦੇ ਮਾਪਦੰਡਾਂ ਨੂੰ ਕਾਇਮ ਰੱਖਦੇ ਹੋਏ ਤੁਕਾਂਤ ਮੇਲਦੇ ਤੁਰੇ ਆਉਂਦੇ ਹਨ। ਸਿਰਫ਼ ਤੁਰਦੇ ਹੀ ਨਹੀਂ, ਸਗੋਂ ਪਾਣੀ ਵਾਂਗ ਰਿੜ੍ਹਦੇ ਆਉਂਦੇ ਹਨ। ਏਸੇ ਕਰਕੇ ਕਲਾਕਾਰਾਂ ਨੂੰ ਕੰਪੋਜੀਸ਼ਨ ਸਮੇਂ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ। ਘੁੰਡ ਸਾਡੇ ਸਮਾਜ ਦੀ ਇੱਕ ਪ੍ਰਥਾ ਹੈ। ਇੱਕ ਘੁੰਡ ਕੱਢੀਂ ਖੜ੍ਹੀ ਮੁਟਿਆਰ ਦੀ ਇੱਕ ਗੱਭਰੂ ‘ਤੇ ਕੀ ਪ੍ਰਤੀਕਿਰਿਆ ਹੁੰਦੀ ਹੈ। ਵੰਨਗੀ ਦੇ ਤੌਰ ‘ਤੇ ਬਾਬੂ ਸਿੰਘ ਮਾਨ ਦੀ ਕਲਾਤਮਿਕ ਦ੍ਰਿਸ਼ਟੀ ਇਉਂ ਪੇਸ਼ ਕਰਦੀ ਹੈ:
ਜਿਉਂ ਸ਼ੀਸ਼ੇ ਵਿੱਚ ਲਾਟ ਹੁਸਨ ਦੀ
ਕੈਦ ਕਿਸੇ ਨੇ ਕੀਤੀ।
ਕੀ ਜਾਣੇ ਉਹ ਕਿਸੇ ਭਮੱਕੜ ਦੇ
ਦਿਲ ‘ਤੇ ਕੀ ਬੀਤੀ।
ਬਾਬੂ ਸਿੰਘ ਮਾਨ ਦੀ ਮਨੋਵਿਗਿਆਨਕ ਤੌਰ ‘ਤੇ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ। ਉਹ ਖ਼ੁਦ ਮਰਦ ਹੋ ਕੇ ਔਰਤ ਜਾਤੀ ਦੇ ਅੰਤਰੀਵ ਭਾਵਾਂ ਅਤੇ ਨਾਜ਼ੁਕ ਜਜ਼ਬਿਆਂ ਨੂੰ ਬੜੀ ਬਾਰੀਕੀ ਨਾਲ ਕਲਾਤਮਿਕ ਢੰਗ ਨਾਲ ਬਿਆਨ ਕਰਦਾ ਹੈ। ਉਹ ਔਰਤ ਦੀਆਂ ਪਿਆਰ ਪੀੜਾਂ, ਹਿਜ਼ਰ ਪੀੜਾਂ, ਦੀਦਾਰ ਪੀੜਾਂ, ਸੋਜ਼ ਪੀੜਾਂ ਆਦਿ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਬਿਆਨ ਕਰਦਾ ਹੈ। ਇਸਤਰੀ ਜਾਤੀ ਬਾਰੇ ਉਸ ਦੇ ਵਿਚਾਰਾਂ ਨੂੰ ਕਿਸੇ ਵਿਸ਼ੇਸ਼ ਦ੍ਰਿਸ਼ਟੀਕੋਣ ਵਿੱਚ ਕੈਦ ਤਾਂ ਨਹੀਂ ਕੀਤਾ ਜਾ ਸਕਦਾ, ਪਰ ਔਰਤ ਦੇ ਅੰਦਰਲੇ ਵਲਵਲਿਆਂ ਦਾ ਪ੍ਰਗਟਾਅ ਉਸ ਦੀ ਕਾਵਿ-ਕਲਾ ਦੀ ਵਿਸ਼ੇਸ਼ਤਾ ਹੈ। ਇੱਕ ਮੁਟਿਆਰ ਆਪਣੇ ਵਿਚਾਰਾਂ ਨੂੰ ਆਪਣੀ ਮਾਂ ਨਾਲ ਸਾਂਝਾ ਕਰਦੀ ਹੋਈ ਕਹਿੰਦੀ ਹੈ:
ਕੂਲੇ-ਕੂਲੇ ਸੁੱਚੇ-ਸੁੱਚੇ
ਮਹਿਕ-ਭਿੰਨੇ ਖਿਆਲ
ਮੇਰੇ ਸਿਰ ਉਤੇ ਹੋਏ ਅਸਵਾਰ।
ਅੱਸੂ ਦੇ ਮਹੀਨੇ ਜਿਵੇਂ
ਬਾਜਰੇ ਦੇ ਸਿੱਟਿਆਂ ‘ਤੇ
ਹਰੇ-ਹਰੇ ਤੋਤਿਆਂ ਦੀ ਡਾਰ।
ਮਿੱਠੀ-ਮਿੱਠੀ, ਨਿੱਘੀ-ਨਿੱਘੀ
ਅੱਸੂ ਦੀ ਦੁਪਹਿਰ ਵਿੱਚ
ਉਡੂੂੰ-ਉਡੂੰ ਕਰੇ ਮੇਰਾ ਜੀਅ।
ਨੀਂ ਅੰਮੀਏ ਬੁੱਝ ਮੇਰੀ ਮੁੱਠੀ ਵਿੱਚ ਕੀ।
ਪੇਂਡੂ ਜ਼ਿੰਦਗੀ ਵਿੱਚ ਮੱਧਵਰਗੀ ਕਿਸਾਨ ਦੀ ਆਰਥਿਕਤਾ ਮੁੱਢ ਕਦੀਮ ਤੋਂ ਹੀ ਡਾਵਾਂਡੋਲ ਰਹੀ ਹੈ। ਬਾਬੂ ਸਿੰਘ ਮਾਨ ਇਸ ਖੇਤਰ ਵਿੱਚ ਪਲਿਆ ਤੇ ਵਿਚਰਿਆ ਹੋਣ ਕਰਕੇ ਅਨੁਭਵੀ ਹੈ। ਖੇਤੀ ਨਾਲ ਜੁੜੇ ਲਗਭਗ ਸਾਰੇ ਹੀ ਕਿਰਦਾਰ ਉਸ ਨੇ ਆਪਣੇ ਗੀਤਾਂ ਵਿੱਚ ਉਸਾਰੇ ਹਨ। ‘ਕਪਾਹ ਦੀ ਵਾਰੀ’, ‘ਵੱਟੇ-ਵੱਟ ਆਉਣਾ’, ‘ਨਰਮਾ ਪੁੱਟਕੇ ਗੁਆਰਾ ਬੀਜਣਾ’, ‘ਜੱਟ ਦਾ ਸੁਹਾਗੇ ‘ਤੇ ਚੜ੍ਹਨਾ’, ‘ਡੰਡੀ ਆਉਣਾ’, ‘ਬਾਜਰੇ ਦੇ ਸਿੱਟਿਆਂ ‘ਤੇ ਤੋਤਿਆਂ ਦੀ ਡਾਰ ਦਾ ਬੈਠਣਾ’, ‘ਹਾਲ਼ੀਆਂ ਨੇ ਹਲ਼ਾਂ ਨੂੰ ਛੱਡਣਾ’, ‘ਕਿੱਕਰ ‘ਤੇ ਕਾਟੋ ਰਹਿੰਦੀ’ ਆਦਿ ਖੇਤੀ ਨਾਲ ਜੁੜੇ ਹੋਏ ਮੁੱਦੇ ਹਨ। ਬਾਬੂ ਸਿੰਘ ਮਾਨ ਦੇ ਅਨੁਭਵ ਖੇਤਰ ਨਾਲ ਜੁੜੇ ਹੋਣ ਕਰਕੇ ਵਾਰ-ਵਾਰ ਇਨ੍ਹਾਂ ਦਾ ਜ਼ਿਕਰ ਉਨ੍ਹਾਂ ਦੇ ਗੀਤਾਂ ਵਿੱਚ ਆਉਂਦਾ ਹੈ। ਆਰਥਿਕ ਤੰਗੀਆਂ-ਤੁਰਸ਼ੀਆਂ ਦਾ ਝਲਕਾਰਾ ਵੀ ਉਸ ਦੇ ਗੀਤਾਂ ਵਿੱਚੋਂ ਭਲੀ-ਭਾਂਤ ਦੇਖਣ ਨੂੰ ਮਿਲਦਾ ਹੈ। ਉਹ ਪੈਸੇ ਦੀ ਥੋੜ੍ਹ ਅਤੇ ਕਿਰਤੀ ਬੰਦਿਆਂ ਦੀ ਕਮਜ਼ੋਰ ਦਸ਼ਾ ਨੂੰ ਵੀ ਆਪਣੇ ਘੇਰੇ ਵਿੱਚ ਲਿਆਉਂਦਾ ਹੈ:
ਏਥੇ ਸਭ ਕੁਝ ਬਣ ਸਕਦਾ ਏ
ਬੰਦਾ ਪੈਸੇ ਵਾਲਾ।
ਪੈਸਿਉਂ ਟੁੱਟੇ ਜੀਜਾ ਜੀ ਨੂੰ
ਸਾਲੇ ਆਖਣ ਸਾਲਾ।
ਕਿਰਤੀ ਕਾਮੇ ਭੁੱਖੇ ਮਰਦੇ
ਮੌਜਾਂ ਲੈਣ ਮਕਾਰ।
ਦੁੁਨੀਆ ਮਤਲਬ ਦੀ
ਮਤਲਬ ਦਾ ਸੰਸਾਰ।
ਸਮਾਜਿਕ ਰਿਸ਼ਤਿਆਂ ਬਾਰੇ ਉਸ ਨੇ ਜ਼ਿੰਦਗੀ ਦੇ ਲਗਭਗ ਸਾਰੇ ਵਿਸ਼ਿਆਂ ਨੂੰ ਕਲਮਬੱਧ ਕੀਤਾ ਹੈ। ਉਹ ਰਿਸ਼ਤਿਆਂ ਵਿਚਲੀ ਨੋਕ-ਝੋਕ ਬੜੇ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕਰਦਾ ਹੈ। ਉਸ ਦੀ ਵਾਰਤਾਲਾਪੀ ਬਿਆਨਬਾਜ਼ੀ ਬੇਬਾਕ ਤੇ ਕਮਾਲ ਦੀ ਹੁੰਦੀ ਹੈ। ਪਤਨੀ ਮਸ਼ਕਰੀ ਦੇ ਮੂਡ ਵਿੱਚ ਹੈ ਤੇ ਪਤੀ ਆਪਣੇ ਮਾਤਾ-ਪਿਤਾ ਦੇ ਇੱਕ ਹੋਰ ਪੁੱਤਰ ਜੰਮਣ ਤੋਂ ਦੁਖੀ ਹੈ। ਜਿੱਥੇ ਇਹ ਵਿਸ਼ਾ ਆਰਥਿਕਤਾ ਨਾਲ ਬੱਝਦਾ ਹੈ, ਉੱਥੇ ਇਹ ਸਮਾਜਿਕ ਮਹਾਨਤਾ ਦਰਸਾਉਂਦਾ ਹੋਇਆ ਹਾਸਰਸ ਦੀ ਵੰਨਗੀ ਵਜੋਂ ਵੀ ਪੇਸ਼ ਹੁੰਦਾ ਹੈ:
ਪਤਨੀ: ਸੱਸ ਮੇਰੀ ਨੇ ਕਾਕਾ ਜਾਇਆ
ਬਹਿਕੇ ਜਸ਼ਨ ਮਨਾਈਏ।
ਮੈਨੂੰ ਮੌਜ ਲੱਗ ਗਈ
ਜੱਟਾ ਲਿਆ ਪੰਜੀਰੀ ਖਾਈਏ।
ਪਤੀ: ਨੀਂ ਸ਼ਰੀਕ ਜੰਮ ਪਿਆ
ਬਿੱਲੋ ਹੁਣ ਕੀ ‘ਲਾਜ ਬਣਾਈਏ।
ਵੈਸੇ ਤਾਂ ਬਾਬੂ ਸਿੰਘ ਮਾਨ ਦੇ ਗੀਤਾਂ ਨੂੰ ਲਗਭਗ ਸਾਰੇ ਹੀ ਕਲਾਕਾਰਾਂ ਨੇ ਗਾਇਆ ਹੈ, ਪਰ ਉਸ ਦੇ ਗੀਤਾਂ ਵਿੱਚ ਜੋ ਜਾਨ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਪਾਈ ਹੈ, ਹੋਰ ਕਿਸੇ ਕਲਾਕਾਰ ਤੋਂ ਨਹੀਂ ਪਈ। ਇੰਜ ਕਹਿ ਲਵੋ ਕਿ ਮੁਹੰਮਦ ਸਦੀਕ-ਰਣਜੀਤ ਕੌਰ ਦੀ ਜੋੜੀ ਬਾਬੂ ਸਿੰਘ ਮਾਨ ਦੇ ਗੀਤਾਂ ਦਾ ਸਿਖਰ ਸੀ। ਵਿਸ਼ਿਆਂ ਦੀ ਚੋਣ ਤੋਂ ਇਲਾਵਾ ਤਰਜਾਂ ਵਿੱਚ ਵੰਨ-ਸੁਵੰਨਤਾ ਵੀ ਉਸ ਦੇ ਗੀਤਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਉਸ ਦੇ ਕੁਝ ਗੀਤ ਪਾਕਿਸਤਾਨੀ ਕਲਾਕਾਰਾਂ ਨੂੰ ਵੀ ਬੁਲੰਦੀਆਂ ਤੀਕ ਲੈ ਗਏ। ਸੋ ਬਾਬੂ ਸਿੰਘ ਮਾਨ ਪੰਜਾਬੀ ਸੱਭਿਆਚਾਰ ਦਾ ਇੱਕ ਸਿਰਮੌਰ ਲੇਖਕ ਹੈ, ਜਿਸ ਦੀ ਕਲਮ ਵਿੱਚੋਂ ਪੰਜਾਬ ਦੀਆਂ ਰਸਮਾਂ, ਰੀਤਾਂ, ਸਮਾਜਿਕ ਪ੍ਰਸਿਥਿਤੀਆਂ, ਰਿਸ਼ਤਿਆਂ ਦੇ ਤਾਣੇ-ਬਾਣੇ, ਆਰਥਿਕ ਟੁੱਟ-ਭੱਜ, ਵਿਅੰਗ ਤੇ ਚੋਭਾਂ ਉੱਭਰ ਕੇ ਰੂਪਮਾਨ ਹੁੰਦੀਆਂ ਹਨ। ਸਭ ਤੋਂ ਵੱਧ ਵਰਨਣਯੋਗ ਹੈ ਉਸ ਦੀ ਸ਼ੈਲੀ। ਉਸ ਨੇ ਆਪਣੇ ਗੀਤਾਂ ਨੂੰ ਲੋਕ-ਬੋਲੀ ਵਿੱਚ ਹੀ ਬਿਆਨਿਆ ਹੈ। ਉਹ ਬੋਲੀ ਜੋ ਸੱਥਾਂ ਵਿੱਚ, ਖੁੰਢਾਂ ‘ਤੇ, ਖੇਤਾਂ ਦੇ ਬੰਨਿਆਂ ‘ਤੇ, ਚੁੱਲ੍ਹਿਆਂ ਮੂਹਰੇ ਅਤੇ ਹੱਟੀਆਂ ਭੱਠੀਆਂ ‘ਤੇ ਬਹਿ ਕੇ ਬੋਲੀ ਜਾਂਦੀ ਹੈ। ਜਿਵੇਂ:
ਪਤਨੀ:- ਲੈ ਮੈਂ ਚੱਲੀ ਦੇਖਾਂ ਮੈਨੂੰ ਕਿਹੜਾ ਆ ਕੇ ਰੋਕੂ।
ਪਤੀ : ਬੁੜ੍ਹਾ ਸੁਭਾਅ ਦਾ ਭੈੜਾ ਖੂੰਡਾ ਮੌਰਾਂ ਦੇ ਵਿੱਚ ਠੋਕੂ।
ਪਹਿਲੀ ਨਾਲ ਚਕਾਦੂ ਛਾਲਾਂ ਦੇਊਗਾ ਮੇਲੇ ਘੱਲ।
ਪਤਨੀ : ਬੁੜੀ ਨੂੰ ਭੌਂਕਣ ਦੇ ਮੇਲਾ ਵੇਖਣ ਚੱਲ।
ਲੋਕਾਂ ਵਿੱਚ ਹਰਮਨ ਪਿਆਰਾ ਹੋਣ ਦਾ ਕਾਰਨ, ਉਸ ਦੇ ਗੀਤਾਂ ਦੀ ਸ਼ੈਲੀ ਹੈ। ਇਸੇ ਕਰਕੇ ਲੋਕ ਉਸ ਦੇ ਗੀਤਾਂ ਨੂੰ ਝੱਟ ਪ੍ਰਵਾਨ ਕਰ ਲੈਂਦੇ ਹਨ। ਉਸ ਦੇ ਕੁਝ ਗੀਤਾਂ ਵਿੱਚ ਵਾਰਿਸ਼ ਸ਼ਾਹ ਵਾਂਗ ਅਟੱਲ ਸੱਚਾਈਆਂ ਵੀ ਝਲਕਦੀਆਂ ਹਨ। ਜਿਵੇਂ:
ਧੁੱਪਾਂ ਦੀ ਸੁਗੰਧ ਉਤੇ
ਭੌਰੇ ਕਿਵੇਂ ਜੀਣ ਨੀਂ।
ਛੱਪੜਾਂ ਦਾ ਪਾਣੀ ਨਾ
ਪਪੀਹੇ ਕਦੇ ਪੀਣ ਨੀਂ।
ਬਾਬੂ ਸਿੰਘ ਮਾਨ ਇੱਕ ਸੁਚੇਤ ਗੀਤਕਾਰ ਹੈ। ਉਸ ਦੇ ਗੀਤ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਹਨ। ਉਸ ਦੇ ਗੀਤ ਕਾਵਿ-ਜਗਤ ਵਿੱਚ ਇੱਕ ਮੀਲ ਪੱਥਰ ਸਾਬਤ ਹੋਏ ਹਨ। ਭਵਿੱਖ ਵਿੱਚ ਉਸ ਦੇ ਗੀਤਾਂ ਦੇ ਹਵਾਲਿਆਂ ਨਾਲ ਪੰਜਾਬੀ ਸਾਹਿਤ ਵਿਚਲੇ ਕਾਵਿ-ਰੂਪ ਦੇ ਇਤਿਹਾਸ ਨੂੰ ਵਾਚਿਆ ਜਾਵੇਗਾ ਅਤੇ ਪਿੰਡਾਂ ਵਿਚਲੇ ਸੱਭਿਆਚਾਰ ਨੂੰ ਬਾਬੂ ਸਿੰਘ ਮਾਨ ਦੇ ਗੀਤਾਂ ਰਾਹੀਂ ਤਲਾਸ਼ਿਆ ਜਾਵੇਗਾ। ਕੁਝ ਫਿਲਮਾਂ ਦੇ ਰੁਝੇਵਿਆਂ ਕਾਰਨ ਬੇਸ਼ੱਕ ਉਸ ਦੀ ਗੀਤਕਾਰੀ ਕੁਝ ਮੱਧਮ ਚਾਲ ਨਾਲ ਤੁਰਨ ਲੱਗੀ ਹੈ, ਪਰ ਅਜੇ ਵੀ ਉਸ ਦੀ ਕਲਮ ਵਿੱਚ ਓਨਾ ਹੀ ਦਮ ਹੈ। ਉਸ ਦੀ ਕਲਮ ਵਿਚਲੇ ਸਾਹਿਤਕ ਗੁਣਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਸ ਦੀ ਕਲਮ ਅਜੇ ਵੀ ਉਸ ਦੀ ਦਾੜ੍ਹੀ ਵਰਗੀ ਤਾਜ਼ਾ ਤੇ ਪੂਰੇ ਦਮ-ਖਮ ਵਾਲੀ ਹੈ। ਦੁਆ ਕਰਦੇ ਹਾਂ ਕਿ ਉਹ ਸਦਾ ਹੀ ਇਉਂ ਰਹੇ ਕਿਉਂਕਿ ਪੰਜਾਬੀ ਸਰੋਤੇ ਉਸ ਨੂੰ ਸਦਾ ਹੀ ਜਵਾਨ ਦੇਖਣਾ ਚਾਹੁੰਦੇ ਹਨ।
ਸੰਪਰਕ: 95010-12199