ਨਵੀਂ ਦਿੱਲੀ, 28 ਦਸੰਬਰ
ਆਸਕਰ ਅਤੇ ਗਰੈਮੀ ਜੇਤੂ ਭਾਰਤੀ ਕੰਪੋਜ਼ਰ ਏਆਰ ਰਹਿਮਾਨ ਦਾ ਕਹਿਣਾ ਹੈ ਕਿ ਬਾਫਟਾ (ਬੀਏਐੱਫਟੀਏ) ਨੇ ਪਹਿਲਕਦਮੀ ਕਰਦਿਆਂ ਭਾਰਤ ਵਿੱਚ ਕੰਮ ਕਰਨ ਦੀ ਜੋ ਯੋਜਨਾ ਬਣਾਈ ਹੈ, ਉਹ ਬੌਲੀਵੁੱਡ ਤੋਂ ਕਿਤੇ ਵੱਡੀ ਛਾਪ ਛੱਡੇਗੀ। ਰਹਿਮਾਨ ਨੂੰ ਭਾਰਤ ਵਿੱਚ ਬਾਫਟਾ ਦੇ ਅੰਬੈਸਡਰ ਵਜੋਂ ਚੁਣਿਆ ਗਿਆ ਹੈ। ਰਹਿਮਾਨ ਨੇ ਕਿਹਾ,‘‘ਉਹ ਕੰਮ, ਜੋ ਬਾਫਟਾ ਭਾਰਤ ਵਿੱਚ ਬਰੇਕਥਰੂਅ ਨਾਲ ਮਿਲ ਕੇ ਕਰਨ ਦੀ ਯੋਜਨਾ ਬਣਾ ਰਿਹਾ ਹੈ, ਉਹ ਬੌਲੀਵੁੱਡ ਤੋਂ ਕਿਤੇ ਅੱਗੇ ਦਾ ਹੈ। ਬਾਫਟਾ ਅਤੇ ਮੇਰੇ ’ਚ ਨਵੇਂ ਹੁਨਰ ਖੋਜਣ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦਾ ਜਨੂੰਨ ਸਾਂਝਾ ਹੈ ਅਤੇ ਇਸ ਸਾਂਝੇ ਨਜ਼ਰੀਏ ਕਾਰਨ ਇਸ ਸੰਸਥਾ ਨਾਲ ਮੋਹ ਹੋਣਾ ਸੁਭਾਵਿਕ ਹੈ।’’ ਉਨ੍ਹਾਂ ਕਿਹਾ, ‘‘ਭਾਰਤੀ ਸਿਨੇਮਾ ਦੀ ਸੁੰਦਰਤਾ ਉਸ ਦੇ ਵੱਖ ਵੱਖ ਫ਼ਿਲਮ ਉਦਯੋਗਾਂ ਵਿੱਚ ਸਮੋਈ ਹੋਈ ਹੈ। ਇਸ ਪਹਿਲ ਨਾਲ ਭਾਰਤੀ ਫ਼ਿਲਮ, ਖੇਡਾਂ ਅਤੇ ਟੀਵੀ ਉਦਯੋਗ ਦੇ ਹਰ ਕੋਨੇ ’ਚੋਂ ਹੁਨਰ ਨੂੰ ਖੋਜਿਆ ਜਾਵੇਗਾ ਅਤੇ ਉਸ ਨੂੰ ਦੁਨੀਆ ਸਾਹਮਣੇ ਲਿਆਂਦਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਕੋਨੋ-ਕੋਨੇ ’ਚੋਂ ਹੀਰੇ ਲੱਭਣ ਲਈ ਤਤਪਰ ਹਨ ਅਤੇ ਬਾਫਟਾ ਉਭਰਦੇ ਹੁਨਰ ਨੂੰ ਚਮਕਣ ਦਾ ਮੌਕਾ ਦੇਵੇਗੀ। -ਆਈਏਐੱਨਐੱਸ