ਗੁਰਮੀਤ ਸਿੰਘ*
ਬਾਹਮਣੀ ਮੈਨਾ ਆਮ ਤੌਰ ’ਤੇ ਭਾਰਤੀ ਉਪ ਮਹਾਂਦੀਪ ਦੇ ਮੈਦਾਨੀ ਇਲਾਕਿਆਂ ਵਿੱਚ ਜੋੜਿਆਂ ਜਾਂ ਛੋਟੇ ਝੁੰਡਾਂ ਵਿੱਚ ਦਿਖਾਈ ਦਿੰਦੇ ਹਨ। ਬਾਹਮਣੀ ਮੈਨਾ ਪੂਰਬੀ ਅਫ਼ਗਾਨਿਸਤਾਨ, ਨੇਪਾਲ, ਭਾਰਤ ਅਤੇ ਸ਼੍ਰੀਲੰਕਾ ਵਿੱਚ ਸੰਤਾਨ ਉਤਪਤੀ ਕਰਦੇ ਹਨ। ਆਮ ਮਿਲਣ ਵਾਲੀਆਂ ਗੁਟਾਰਾਂ (ਸ਼ਾਰਕਾਂ), ਡੱਬੀ ਮੈਨਾ, ਗੰਗਾ ਮੈਨਾ (ਬੈਂਕ ਮੈਨਾ) ਅਤੇ ਤਿਲੀਅਰ ਇਸ ਦੇ ਪਰਿਵਾਰਕ ਮੈਂਬਰ ਹਨ। ਇਹ ਪੰਜਾਬ ਵਿੱਚ ਮਿਲਣ ਵਾਲੀਆਂ ਸਾਰੀਆਂ ਮੈਨਾ ਦੀਆਂ ਪ੍ਰਜਾਤੀਆਂ ਨਾਲੋਂ ਆਕਾਰ ਵਿੱਚ ਛੋਟੀ ਹੈ। ਨਰ ਅਤੇ ਮਾਦਾ ਇੱਕ ਸਮਾਨ ਦਿਖਾਈ ਦਿੰਦੇ ਹਨ।
ਇਸ ਦੇ ਸਿਰ ’ਤੇ ਪਿੱਛੇ ਨੂੰ ਇੱਕ ਲੰਮੀ ਬੋਦੀ ਹੁੰਦੀ ਹੈ। ਇਸ ਦੇ ਕਾਲੇ ਸਿਰ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਇਸ ਨੇ ਆਪਣੇ ਵਾਲਾਂ ਵਿੱਚ ਕੰਘੀ ਕੀਤੀ ਹੋਵੇ। ਇਸ ਦੀ ਵਿਸ਼ੇਸ਼ਤਾ ਜਾਂ ਇਸ ਦੀ ਪਛਾਣ ਅੱਧੀ-ਪੀਲੀ, ਅੱਧੀ-ਸਲੇਟੀ-ਨੀਲੀ ਚੁੰਝ ਅਤੇ ਨੀਲੀਆਂ ਪੁਤਲੀਆਂ ਨਾਲ ਘਿਰੀਆਂ ਤਿੱਖੀਆਂ ਅੱਖਾਂ ਨਾਲ ਹੁੰਦੀ ਹੈ। ਇਨ੍ਹਾਂ ਦੇ ਉਡਾਰੂ ਖੰਭ ਅਤੇ ਪੂੰਝਾ ਵੀ ਕਾਲਾ ਹੁੰਦਾ ਹੈ। ਇਸ ਦਾ ਆਕਾਰ 20 ਤੋਂ 21 ਸੈਂਟੀਮੀਟਰ ਹੁੰਦਾ ਹੈ। ਇਹ ਖੁੱਲ੍ਹੇ ਪੱਤਝੜ ਵਾਲੇ ਜੰਗਲ, ਝਾੜੀਆਂ ਅਤੇ ਮਨੁੱਖੀ ਨਿਵਾਸ ਦੇ ਨੇੜੇ, ਕਾਸ਼ਤ ਵਾਲੇ ਖੇਤਰਾਂ ਵਿੱਚ ਪਾਇਆ ਜਾਂਦਾ ਹੈ। ਇਹ ਪੰਛੀ ਫੁੱਲਾਂ ਦਾ ਰਸ ਪੀਂਦਾ ਹੈ ਅਤੇ ਕੀੜੇ-ਮਕੌੜੇ, ਸੁੰਡੀਆਂ, ਟਿੱਡੇ, ਭਮੱਕੜ, ਗੰਡੋਏ, ਦੀਮਕ ਅਤੇ ਸ਼ਹਿਦ ਦੀਆਂ ਮੱਖੀਆਂ ਨੂੰ ਖਾਂਦਾ ਹੈ। ਇਹ ਅਕਸਰ ਦੂਜੀਆਂ ਮੈਨਾ ਦੇ ਨਾਲ ਮਿਲ ਕੇ ਵੀ ਖਾਂਦਾ ਹੈ।
ਇਹ ਉੱਤਰੀ ਭਾਰਤ ਵਿੱਚ ਫਰਵਰੀ ਤੋਂ ਸਤੰਬਰ ਤੱਕ ਬੱਚੇ ਪੈਦਾ ਕਰਦੇ ਹਨ। ਇਹ ਦਰੱਖਤਾਂ, ਕੰਧਾਂ ਅਤੇ ਛੱਤਾਂ ਵਿੱਚ ਛੋਟੀਆਂ ਮੋਰੀਆਂ ਵਿੱਚ ਆਲ੍ਹਣਾ ਬਣਾਉਂਦੇ ਹਨ। ਆਲ੍ਹਣਾ ਨਰ ਮਾਦਾ ਦੋਵਾਂ ਵੱਲੋਂ ਬਣਾਇਆ ਜਾਂਦਾ ਹੈ। ਮਾਦਾ 3 ਤੋਂ 5 ਆਂਡੇ ਦਿੰਦੀ ਹੈ। ਚੂਚਿਆਂ ਨੂੰ ਪ੍ਰਫੁੱਲਤ ਨਰ ਅਤੇ ਮਾਦਾ ਦੋਵਾਂ ਵੱਲੋਂ ਮਿਲ ਕੇ ਕੀਤਾ ਜਾਂਦਾ ਹੈ, ਪਰ ਇਸ ਮਾਦਾ ਦੀ ਭੂਮਿਕਾ ਵਧੇਰੇ ਹੁੰਦੀ ਹੈ। ਨਰ ਆਲ੍ਹਣੇ ਵਿੱਚ ਹੀ ਮਾਦਾ ਨੂੰ ਭੋਜਨ ਦਿੰਦਾ ਹੈ। ਚੂਚਿਆਂ ਨੂੰ ਪ੍ਰਫੁੱਲਤ ਕਰਨ ਦੀ ਮਿਆਦ 12 ਦਿਨਾਂ ਦੇ ਲਗਭਗ ਹੁੰਦੀ ਹੈ। ਚੂਚਿਆਂ ਨੂੰ ਨਰ-ਮਾਦਾ ਦੋਵਾਂ ਵੱਲੋਂ ਖੁਆਇਆ ਜਾਂਦਾ ਹੈ।
ਬਾਹਮਣੀ ਮੈਨਾ ਨੂੰ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ ਨੇ ਸ਼੍ਰੇਣੀਬੱਧ ਅਤੇ ਮੁਲਾਂਕਣ ਕੀਤਾ ਹੈ ਅਤੇ ਉਨ੍ਹਾਂ ਨੂੰ ‘ਘੱਟ ਤੋਂ ਘੱਟ ਚਿੰਤਾ’ ਵਾਲੀ ਸੂਚੀ ਵਿੱਚ ਰੱਖਿਆ ਹੈ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ-IV ਅਨੁਸਾਰ ਬਾਹਮਣੀ ਮੈਨਾ ਸੁਰੱਖਿਅਤ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910