ਮੁੰਬਈ: ਫਿਲਮਸਾਜ਼ ਆਰ. ਬਾਲਕੀ ਨੇ ਅੱਜ ਮਹਾਨ ਨਿਰਦੇਸ਼ਕ ਅਤੇ ਅਦਾਕਾਰ ਗੁਰੂ ਦੱਤ ਦੀ ਬਰਸੀ ’ਤੇ ਆਪਣੀ ਆਉਣ ਵਾਲੀ ਫਿਲਮ ‘ਚੁੱਪ’ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ। ਇਸ ਵਿੱਚ ਸਨੀ ਦਿਓਲ, ਪੂਜਾ ਭੱਟ, ਦੁਲਕਰ ਸਲਮਾਨ ਅਤੇ ਸ਼੍ਰੇਆ ਧਨਵੰਤਰੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ ਹੋਪ ਪ੍ਰੋਡਕਸ਼ਨਜ਼ ਤੇ ਰਾਕੇਸ਼ ਝੁਨਝੁਨਵਾਲਾ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਇਸ ਬਾਰੇ ਬਾਲਕੀ ਨੇ ਕਿਹਾ, ‘‘ ਫਿਲਮ ‘ਚੁੱਪ’ ਸੰਵੇਦਨਸ਼ੀਲ ਕਲਾਕਾਰਾਂ ਨੂੰ ਸਮਰਪਿਤ ਹੈ ਅਤੇ ਅਜਿਹੇ ਕਲਾਕਾਰਾਂ ਦੀ ਸੂਚੀ ਵਿੱਚ ਗੁਰੂ ਦੱਤ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ। ਮੇਰੇ ਦਿਮਾਗ ਵਿੱਚ ਇਹ ਕਹਾਣੀ ਕਾਫੀ ਚਿਰ ਤੋਂ ਘੁੰਮ ਰਹੀ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਅਖੀਰ ਅਸੀਂ ਇਸ ਨੂੰ ਲਿਖ ਲਿਆ ਤੇ ਇਸ ਦੀ ਸ਼ੂਟਿੰਗ ਵੀ ਲਗਪਗ ਮੁਕੰਮਲ ਹੋ ਗਈ ਹੈ।’’ ‘ਚੀਨੀ ਕਮ’, ‘ਕੀ ਐਂਡ ਕਾ’ ਅਤੇ ‘ਪੈਡਮੈਨ’ ਜਿਹੀਆਂ ਫਿਲਮਾਂ ਲਈ ਮਸ਼ਹੂਰ ਇਸ 57 ਸਾਲਾ ਫਿਲਮ ਨਿਰਦੇਸ਼ਕ ਨੇ ਅਗਸਤ ਵਿੱਚ ਫਿਲਮ ਦਾ ਐਲਾਨ ਕੀਤਾ ਸੀ। ਫਿਲਮ ਦਾ ਸਕਰੀਨਪਲੇਅ ਅਤੇ ਸੰਵਾਦ ਬਾਲਕੀ, ਰਾਜਾ ਸੇਨ ਅਤੇ ਰਿਸ਼ੀ ਵਰਮਾਨੀ ਨੇ ਲਿਖੇ ਹਨ ਅਤੇ ਸੰਗੀਤ ਅਮਿਤ ਤ੍ਰਿਵੇਦੀ ਨੇ ਦਿੱਤਾ ਹੈ। ਪ੍ਰਣਬ ਕਪਾਡੀਆ ਅਤੇ ਅਨਿਰੁਧ ਸ਼ਰਮਾ ਫਿਲਮ ਦੇ ਸਹਿ-ਨਿਰਮਾਤਾ ਹਨ। -ਪੀਟੀਆਈ