ਮੁੰਬਈ, 8 ਨਵੰਬਰ
ਅਦਾਕਾਰ ਅਭਿਸ਼ੇਕ ਬਚਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਉਣ ਵਾਲੀ ਫ਼ਿਲਮ ‘ਲੂਡੋ’ ਵਿਚ ਆਪਣੇ ਕਿਰਦਾਰ ਬਾਰੇ ਪਹਿਲਾਂ ਕੁਝ ਪਤਾ ਨਹੀਂ ਸੀ, ਪਟਕਥਾ ਬਾਰੇ ਵੀ ਜ਼ਿਆਦਾ ਜਾਣਕਾਰੀ ਨਹੀਂ ਸੀ, ਪਰ ਅਨੁਰਾਗ ਬਾਸੂ ਦੇ ਵਿਲੱਖਣ ਤੇ ਮਾਸੂਮੀਅਤ ਭਰੇ ਸੰਸਾਰ ਵੱਲ ਉਹ ਖਿੱਚੇ ਚਲੇ ਗਏ। ਇਹ ਫ਼ਿਲਮ ਕ੍ਰਾਈਮ-ਕਾਮੇਡੀ ਦਾ ਸੁਮੇਲ ਹੈ। ਬਾਸੂ ਇਸ ਨਾਲ ਮਿਲਦੀ-ਜੁਲਦੀ ਫ਼ਿਲਮ ‘ਬਰਫ਼ੀ’ ਤੇ ‘ਜੱਗਾ ਜਾਸੂਸ’ ਵੀ ਪਹਿਲਾਂ ਬਣਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਬਾਸੂ ਆਪਣੀਆਂ ਫ਼ਿਲਮਾਂ ਵਿਚ ਖਿੱਚਪਾਊ ਕਹਾਣੀਆਂ ਨੂੰ ਬਿਹਤਰੀਨ ਸੰਗੀਤ ਦੇ ਮਾਧਿਅਮ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਰਹਿੰਦੇ ਹਨ।
ਅਭਿਸ਼ੇਕ ਨੇ ਕਿਹਾ ਕਿ ਅਨੁਰਾਗ ਬਾਸੂ ਸਾਧਾਰਨ ਢੰਗ ਨਾਲ ਡੂੰਘਾ ਸੁਨੇਹਾ ਦੇ ਜਾਂਦੇ ਹਨ। ਉਨ੍ਹਾਂ ਦੀਆਂ ਫ਼ਿਲਮਾਂ ਵਿਚ ਜ਼ਿੰਦਗੀ ਨੂੰ ਵਿਲੱਖਣ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਇਹ ਬੜਾ ਖ਼ੁਸ਼ਨੁਮਾ ਤਜਰਬਾ ਹੈ। ਜੂਨੀਅਰ ਬਚਨ ਨੇ ਕਿਹਾ ਕਿ ਅਨੁੁਰਾਗ ਤੁਹਾਨੂੰ ਵਿਸ਼ੇ ਦੀ ਗੰਭੀਰਤਾ ਦਾ ਅਹਿਸਾਸ ਨਹੀਂ ਹੋਣ ਦਿੰਦੇ ਕਿਉਂਕਿ ਡੂੰਘੀਆਂ ਗੱਲਾਂ ਵੀ ਉਹ ਚਿਹਰੇ ’ਤੇ ਮੁਸਕਾਨ ਰੱਖ ਕੇ ਕਹਿ ਦਿੰਦੇ ਹਨ ਜੋ ਕਿ ਸ਼ਾਇਦ ਆਪਣੀ ਗੱਲ ਰੱਖਣ ਦਾ ਸਭ ਤੋਂ ਵਧੀਆ ਤੇ ਪ੍ਰਭਾਵੀ ਤਰੀਕਾ ਹੈ। ‘ਲੂਡੋ’ ਵਿਚ ਕਈ ਕਹਾਣੀਆਂ ਨਾਲੋ-ਨਾਲ ਚੱਲਦੀਆਂ ਹਨ। ਫ਼ਿਲਮ ਵਿਚ ਆਦਿੱਤਿਆ ਰੌਏ ਕਪੂਰ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਰੋਹਿਤ ਸਰਾਫ਼, ਫ਼ਾਤਿਮਾ ਸਨਾ ਸ਼ੇਖ਼, ਸਾਨਿਆ ਮਲਹੋਤਰਾ, ਆਸ਼ਾ ਨੇਗੀ ਤੇ ਹੋਰ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। -ਪੀਟੀਆਈ