ਗੁਰਮੀਤ ਸਿੰਘ*
ਵੱਡਾ ਕਿਲਕਿਲਾ ਬਹੁਤ ਹੀ ਖ਼ੂੁਬਸੂਰਤ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ਸਟੌਰਕ ਬਿਲਡ ਕਿੰਗਫਿਸ਼ਰ (Stork-billed kingfisher) ਅਤੇ ਹਿੰਦੀ ਵਿੱਚ “ਟੁਣਕ ਕਿਲਕਿਲਾ” ਕਹਿੰਦੇ ਹਨ। ਵੱਡਾ ਕਿਲਕਿਲਾ ਰੁੱਖਾਂ ’ਤੇ ਰਹਿਣ ਵਾਲਾ ਪੰਛੀ ਹੈ ਜੋ ਭਾਰਤੀ ਉਪ ਮਹਾਂਦੀਪ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਵੇਖਣ ਨੂੰ ਮਿਲਦਾ ਹੈ। ਇਹ ਆਮਤੌਰ ’ਤੇ ਪਾਣੀ ਦੇ ਨੇੜੇ ਜੰਗਲੀ ਸਥਾਨਾਂ ਵਿੱਚ ਰਹਿਣਾ ਪਸੰਦ ਕਰਦਾ ਹੈ। ਦਰਿਆਵਾਂ, ਝੀਲਾਂ, ਨਹਿਰਾਂ ਅਤੇ ਛੱਪੜਾਂ ਦੇ ਨਾਲ ਕਿਸੇ ਰੁੱਖ ਜਾਂ ਟਾਹਣੀ ਉੱਤੇ ਇਨ੍ਹਾਂ ਦਾ ਨਿਵਾਸ ਸਥਾਨ ਹੁੰਦਾ ਹੈ। ਇਨ੍ਹਾਂ ਨੂੰ ਪਾਣੀ ਦੇ ਖੇਤਰਾਂ ਜਿਵੇਂ ਝੀਲਾਂ, ਨਹਿਰਾਂ, ਛੱਪੜਾਂ ਅਤੇ ਟੋਭਿਆਂ ਦੇ ਨੇੜੇ ਵੀ ਵੇਖਿਆ ਜਾ ਸਕਦਾ ਹੈ। ਇਸ ਨੂੰ ਚੰਡੀਗੜ੍ਹ, ਨੀਲੋਂ (ਲੁਧੀਆਣਾ) ਅਤੇ ਮੋਹਾਲੀ ਨੇੜੇ ਸੀਸਵਾਂ ਵੇਖੇ ਦੇਖਿਆ ਗਿਆ ਹੈ।
ਇਸ ਦੇ ਨਰ ਤੇ ਮਾਦਾ ਦੇ ਆਕਾਰ ਵਿੱਚ ਫ਼ਰਕ ਹੋਣ ਦੇ ਬਾਵਜੂਦ ਇਹ ਦੋਵੇਂ ਇੱਕੋ ਜਿਹੇ ਦਿਖਾਈ ਦਿੰਦੇ ਹਨ। ਸਿਰ ਫਿੱਕਾ ਜੈਤੂਨੀ ਭੂਰਾ ਅਤੇ ਪਿੱਠ ਹਰੇ ਰੰਗ ਦੀ ਹੁੰਦੀ ਹੈ। ਗਰਦਨ, ਛਾਤੀ ਅਤੇ ਹੇਠਲੇ ਹਿੱਸੇ ਹਲਕੇ ਭੂਰੇ ਹੁੰਦੇ ਹਨ। ਖੰਭ ਅਤੇ ਪੂਛ ਨੀਲੇ ਰੰਗ ਦੀ ਭਾਹ ਮਾਰਦੀ ਹੈ। ਇਹ ਕਿਲਕਿਲਾ (ਕਿੰਗਫਿਸ਼ਰ) ਅਕਸਰ ਆਪਣੀ ਹੱਦ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ। ਇਸ ਦੀ ਚੁੰਜ ਲੰਮੀ ਅਤੇ ਲੱਤਾਂ ਚਮਕਦਾਰ ਲਾਲ ਹੁੰਦੀਆਂ ਹਨ। ਇਸ ਦੀ ਲੰਬਾਈ 35 ਸੈਂਟੀਮੀਟਰ ਹੁੰਦੀ ਹੈ। ਨਰ ਦਾ ਭਾਰ ਲਗਭਗ 140 ਤੋਂ 180 ਗ੍ਰਾਮ ਅਤੇ ਮਾਦਾ ਦਾ ਭਾਰ ਲਗਭਗ 180 ਤੋਂ 220 ਗ੍ਰਾਮ ਹੁੰਦਾ ਹੈ। ਅੱਖਾਂ ਗੂੜ੍ਹੇ ਕਾਲੇ ਭੂਰੇ ਰੰਗ ਦੀਆਂ ਹੁੰਦੀਆਂ ਹਨ। ਅੱਖਾਂ ਦੇ ਆਲੇ ਦੁਆਲੇ ਦੀ ਨੰਗੀ ਚਮੜੀ ਫਿੱਕੇ ਲਾਲ ਰੰਗ ਦੀ ਹੁੰਦੀ ਹੈ। ਵੱਡੇ ਕਿਲਕਿਲੇ ਦੀ ਆਵਾਜ਼ ਵਿਲੱਖਣ ਕੁੜਕੁੜਾਹਟ ਭਰੀ ‘‘ਕੇ-ਕੇ-ਕੇ-ਕੇ’’ ਕਰਦੀ ਹੁੰਦੀ ਹੈ।
ਇਨ੍ਹਾਂ ਦੀ ਖੁਰਾਕ ਵਿੱਚ ਜ਼ਿਆਦਾਤਰ ਡੱਡੂ, ਮੱਛੀ, ਕੇਕੜੇ ਅਤੇ ਝੀਂਗਾ ਆਦਿ ਹੁੰਦੇ ਹਨ। ਉਹ ਕਿਰਲੀਆਂ, ਚੂਹੇ, ਪੰਛੀਆਂ ਦੇ ਬੱਚੇ, ਵੱਡੇ ਕੀੜੇ-ਮਕੌੜੇ ਅਤੇ ਕਈ ਜ਼ਮੀਨੀ ਅਤੇ ਜਲ ਜੀਵਾਂ ਨੂੰ ਵੀ ਖਾਂਦੇ ਹਨ। ਇਹ ਮੱਛੀਆਂ ਦੀ ਖੋਜ ਕਰਦੇ ਸਮੇਂ ਪਾਣੀ ਦੇ ਉੱਪਰ ਘੁੰਮਣ ਘੇਰੀਆਂ ਕੱਢਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਭਾਰਾ ਸਰੀਰ ਪਾਣੀ ਦੀ ਸਤ੍ਵਾ ਦੇ ਨੇੜੇ ਮੱਛੀ ’ਤੇ ਤੇਜ਼ੀ ਨਾਲ ਝਪਟਣ ਲਈ ਲੋੜੀਂਦੀ ਵਾਹ ਲਗਾ ਦਿੰਦਾ ਹੈ। ਇਨ੍ਹਾਂ ਦਾ ਪ੍ਰਜਣਨ ਭਾਰਤ ਵਿੱਚ ਜਨਵਰੀ ਤੋਂ ਸਤੰਬਰ ਤੱਕ ਹੁੰਦਾ ਹੈ। ਕਿਲਕਿਲਾ ਨਹਿਰਾਂ, ਦਰਿਆਵਾਂ ਦੇ ਆਲੇ- ਦੁਆਲੇ ਕਿਨਾਰਿਆਂ ਉੱਤੇ ਮੋਰੀਆਂ ਕੱਢ ਕੇ ਆਂਡੇ ਦਿੰਦਾ ਹੈ। ਕਈ ਥਾਵਾਂ ’ਤੇ ਉਹ ਸੜ ਰਹੇ ਪੁਰਾਣੇ ਰੁੱਖਾਂ ਜਾਂ ਰੁੱਖਾਂ ’ਤੇ ਦੀਮਕ ਦੇ ਟਿਕਾਣਿਆਂ ਵਿੱਚ ਸੁਰੰਗ ਬਣਾ ਕੇ ਵੀ ਆਂਡੇ ਦਿੰਦੇ ਹਨ। ਮਾਦਾ 2 ਤੋਂ 5 ਚਿੱਟੇ ਗੋਲ ਆਂਡੇ ਦਿੰਦੀ ਹੈ। ਬੱਚੇ ਵੱਡੇ ਹੋ ਕੇ ਉੱਡ ਜਾਂਦੇ ਹਨ ਅਤੇ ਆਲੇ ਦੁਆਲੇ ਸੀਮਾ ਦੇ ਅੰਦਰ ਨਵੀਆਂ ਥਾਵਾਂ ’ਤੇ ਵਸੇਬਾ ਬਣਾ ਲੈਂਦੇ ਹਨ।
ਵੱਡੇ ਕਿਲਕਿਲੇ ਦੀ ਸਮੁੱਚੀ ਆਬਾਦੀ ਦਾ ਆਕਾਰ ਘਟਦਾ ਜਾ ਰਿਹਾ ਹੈ। ਇਸ ਲਈ ਜੰਗਲਾਂ ਦੀ ਕਟਾਈ ਅਤੇ ਇਨ੍ਹਾਂ ਦੇ ਵਾਸ ਦਾ ਨੁਕਸਾਨ ਮੁੱਖ ਖ਼ਤਰੇ ਸਮਝੇ ਜਾਂਦੇ ਹਨ। ਆਈ.ਯੂ.ਸੀ.ਐੱਨ. ਨੇ ਵੱਡੇ ਕਿਲਕਿਲੇ ਨੂੰ ‘ਘੱਟ ਤੋਂ ਘੱਟ ਚਿੰਤਾ’ ਵਜੋਂ ਸੂਚੀਬੱਧ ਕੀਤਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910