ਗੁਰਮੀਤ ਸਿੰਘ*
ਰਾਜ ਘੁੱਗੀ ਕਬੂਤਰ ਪਰਿਵਾਰ ਨਾਲ ਸਬੰਧਿਤ ਸੋਹਣਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘The Asian emerald dove’ ਅਤੇ ਹਿੰਦੀ ਵਿੱਚ ਰਾਜ ਕਾਫ਼ਤਾ ਜਾਂ ਪਨਾ ਕਾਫ਼ਤਾ ਕਹਿੰਦੇ ਹਨ। ਇਹ ਘੁੱਗੀ, ਕਬੂਤਰ ਪਰਿਵਾਰ ਦਾ ਇੱਕ ਹਿੱਸਾ ਹੈ। ਇਹ ਆਮ ਤੌਰ ’ਤੇ ਭਾਰਤ, ਬੰਗਲਾ ਦੇਸ਼, ਨੇਪਾਲ, ਭੂਟਾਨ, ਸ੍ਰੀਲੰਕਾ, ਮਾਲਦੀਵ, ਪਾਕਿਸਤਾਨ, ਦੱਖਣੀ ਚੀਨ, ਇੰਡੋਨੇਸ਼ੀਆ, ਮਲੇਸ਼ੀਆ, ਮਿਆਂਮਾਰ, ਥਾਈਲੈਂਡ, ਲਾਓਸ, ਵੀਅਤਨਾਮ, ਕੰਬੋਡੀਆ ਅਤੇ ਸਿੰਗਾਪੁਰ ਵਿੱਚ ਮਿਲਦੀ ਹੈ। ਇਸ ਨੂੰ ਪੰਜਾਬ ਵਿੱਚ ਹੁਸ਼ਿਆਰਪੁਰ ਅਤੇ ਹਰਿਆਣਾ ਵਿੱਚ ਥੋੜ੍ਹੀ ਗਿਣਤੀ ਵਿੱਚ ਵੇਖਿਆ ਗਿਆ ਹੈ।
ਰਾਜ ਘੁੱਗੀ ਆਮ ਘੁੱਗੀ ਵਰਗੀ ਦਿਖਾਈ ਦਿੰਦੀ ਹੈ, ਪਰ ਇਸ ਦੇ ਖੰਭ ਚਮਕਦਾਰ ਹਰੇ ਰੰਗ ਦੇ ਹੁੰਦੇ ਹਨ। ਇਹ ਬਹੁਤ ਸੁੰਦਰ ਦਿਖਦੀ ਹੈ। ਇਹ ਘੁੱਗੀ ਦਰਮਿਆਨੇ ਆਕਾਰ ਦੀ ਹੁੰਦੀ ਹੈ, ਜਿਸ ਦੀ ਲੰਬਾਈ 25 ਤੋਂ 30 ਸੈਂਟੀਮੀਟਰ ਅਤੇ ਭਾਰ 90 ਤੋਂ 170 ਗ੍ਰਾਮ ਹੁੰਦਾ ਹੈ, ਭਾਵ ਇਹ ਆਮ ਘੁੱਗੀ ਨਾਲੋਂ ਥੋੜ੍ਹੀ ਛੋਟੀ ਹੁੰਦੀ ਹੈ। ਇਸ ਦੇ ਉੁੱਡਣ ਵਾਲੇ ਖੰਭ ਅਤੇ ਪੂਛ ਕਾਲੇ ਰੰਗ ਦੇ ਹੁੰਦੇ ਹਨ। ਇਸ ਦੀ ਉਡਾਣ ਦੌਰਾਨ ਪਿੱਠ ਦੇ ਹੇਠਲੇ ਪਾਸੇ ਚੌੜੀਆਂ ਕਾਲੀਆਂ ਅਤੇ ਚਿੱਟੀਆਂ ਪੱਟੀਆਂ ਦਿਖਾਈ ਦਿੰਦੀਆਂ ਹਨ। ਸਿਰ ਅਤੇ ਹੇਠਲੇ ਹਿੱਸੇ ਗੂੜ੍ਹੇ ਗੁਲਾਬੀ ਹੁੰਦੇ ਹਨ। ਹੇਠਾਂ ਤੋਂ ਢਿੱਡ ਸਲੇਟੀ ਰੰਗਾ ਭਾਹ ਮਾਰਦਾ ਹੈ। ਅੱਖਾਂ ਗੂੜ੍ਹੀਆਂ ਭੂਰੀਆਂ, ਚੁੰਝ ਚਮਕਦਾਰ ਲਾਲ ਅਤੇ ਲੱਤਾਂ ਅਤੇ ਪੈਰ ਗੂੜ੍ਹੇ ਹੁੰਦੇ ਹਨ। ਨਰ ਦੇ ਮੋਢਿਆਂ ਦੇ ਕਿਨਾਰੇ ’ਤੇ ਇੱਕ ਚਿੱਟਾ ਧੱਬਾ ਅਤੇ ਇੱਕ ਸਲੇਟੀ ਤਾਜ ਹੁੰਦਾ ਹੈ, ਮਾਦਾ ਵਿੱਚ ਇਹ ਵਿਖਾਈ ਨਹੀਂ ਦਿੰਦਾ।
ਇਹ ਘੁੱਗੀ ਆਮ ਤੌਰ ’ਤੇ ਇਕੱਲੇ, ਜੋੜਿਆਂ ਜਾਂ ਛੋਟੇ ਸਮੂਹਾਂ ਵਿੱਚ ਦਿਖਾਈ ਦਿੰਦੀ ਹੈ। ਇਹ ਅਕਸਰ ਜ਼ਮੀਨ ’ਤੇ ਡਿੱਗੇ ਹੋਏ ਫ਼ਲਾਂ ਦੀ ਖੋਜ ਕਰਦੇ ਹਨ ਅਤੇ ਰੁੱਖਾਂ ਵਿੱਚ ਥੋੜ੍ਹਾ ਸਮਾਂ ਬਿਤਾਉਂਦੇ ਹਨ। ਇਨ੍ਹਾਂ ਦੀ ਖੁਰਾਕ ਅਤੇ ਖਾਣ ਦੀਆਂ ਆਦਤਾਂ ਵਿੱਚ ਬੀਜ, ਬੇਰੀਆਂ, ਫ਼ਲ, ਕੀੜੇ ਅਤੇ ਘੋਗੇ ਆਦਿ ਵਰਤੇ ਜਾਂਦੇ ਹਨ।
ਇਹ ਘੁੱਗੀ ਪ੍ਰਜਾਤੀ ਆਪਣੀ ਪ੍ਰਜਣਨ ਸ਼੍ਰੇਣੀ ਵਿੱਚ ਅਕਸਰ ਸਾਲ ਭਰ ਪ੍ਰਜਣਨ ਕਰਦੀ ਹੈ। ਪ੍ਰਜਣਨ ਦੌਰਾਨ ਨਰ ਆਪਣਾ ਸਿਰ ਝੁਕਾ ਕੇ ਡਾਂਸ ਕਰਦਾ ਹੈ। ਘੁੱਗੀ ਜ਼ਮੀਨ ਤੋਂ ਪੰਜ ਮੀਟਰ ਦੀ ਦੂਰੀ ਤੱਕ ਰੁੱਖਾਂ ਦੇ ਕੰਢਿਆਂ ’ਤੇ ਆਲ੍ਹਣਾ ਬਣਾਉਂਦੀ ਹੈ। ਇਨ੍ਹਾਂ ਦਾ ਆਲ੍ਹਣਾ ਡੰਡਿਆਂ ਅਤੇ ਟਾਹਣੀਆਂ ਨਾਲ ਬਣਿਆ ਕਮਜ਼ੋਰ ਢਾਂਚਾ ਹੁੰਦਾ ਹੈ। ਇਸ ਵਿੱਚ ਮਾਦਾ ਕਰੀਮ ਰੰਗ ਦੇ ਦੋ ਆਂਡੇ ਦਿੰਦੀ ਹੈ। ਨਰ ਤੇ ਮਾਦਾ ਦੋਵੇਂ ਆਲ੍ਹਣਾ ਬਣਾਉਣ, ਅੰਡੇ ਦੇਣ ਅਤੇ ਬੱਚਿਆਂ ਨੂੰ ਸੰਭਾਲਣ ਵਿੱਚ ਹਿੱਸਾ ਲੈਂਦੇ ਹਨ। ਚੂਚਿਆਂ ਨੂੰ ਸ਼ੁਰੂ ਵਿੱਚ ਨਰ ਤੇ ਮਾਦਾ ਦੋਵਾਂ ਵੱਲੋਂ ਮੌਜੂਦਾ ਫ਼ਸਲਾਂ ਅਤੇ ਬੀਜਾਂ ਦਾ ਪੀਸਿਆ ਹੋਇਆ ਦੁੱਧ ਪਿਲਾਇਆ ਜਾਂਦਾ ਹੈ। ਰਾਜ ਘੁੱਗੀ ਦੀਆਂ ਕਿਸਮਾਂ ਗੈਰ-ਪਰਵਾਸੀ, ਨਿਵਾਸੀ ਪੰਛੀ ਹਨ। ਸਰਦੀਆਂ ਵਿੱਚ ਉਚਾਈ ਵਾਲੇ ਪੰਛੀ, ਹੇਠਲੇ ਪੱਧਰਾਂ ਅਤੇ ਮੈਦਾਨਾਂ ਵਿੱਚ ਚਲੇ ਜਾਂਦੇ ਹਨ।
ਇਨ੍ਹਾਂ ਦੇ ਰਹਿਣ ਦੇ ਟਿਕਾਣਿਆਾਂ ਵਿੱਚ ਤਬਦੀਲੀ ਅਤੇ ਵਿਨਾਸ਼, ਜੰਗਲੀ ਬਿੱਲੀਆਂ ਦੁਆਰਾ ਸ਼ਿਕਾਰ ਕਰਨਾ ਅਤੇ ਪਾਲਤੂ ਜਾਨਵਰਾਂ ਦੇ ਵਪਾਰ ਲਈ ਇਨ੍ਹਾਂ ਪੰਛੀਆਂ ਨੂੰ ਚੋਰੀ ਫੜਨਾ ਆਦਿ ਮੁੱਖ ਖ਼ਤਰੇ ਹਨ ਜੋ ਰਾਜ ਘੁੱਗੀ ਦੀ ਨਸਲ ਦੇ ਬਚਾਅ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਰਾਜ ਘੁੱਗੀ ਦੀਆਂ ਪ੍ਰਜਾਤੀਆਂ ਨੂੰ ਸ਼੍ਰੇਣੀਬੱਧ ਅਤੇ ਮੁਲਾਂਕਣ ਕੀਤਾ ਹੈ ਅਤੇ ਇਸ ਨੂੰ ‘ਘੱਟ ਤੋਂ ਘੱਟ ਚਿੰਤਾ’ ਵਜੋਂ ਸੂਚੀਬੱਧ ਕੀਤਾ ਹੈ। ਬੇਸ਼ੱਕ ਦੇਸ਼ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਕੀਤਾ ਗਿਆ ਹੈ, ਫਿਰ ਵੀ ਪਿੰਡਾਂ ਤੇ ਸ਼ਹਿਰਾਂ ਦੇ ਆਲੇ-ਦੁਆਲੇ ਉਨ੍ਹਾਂ ਦੇ ਨਿਵਾਸ ਦੇ ਪ੍ਰਮੁੱਖ ਸਥਾਨਾਂ ਨੂੰ ਨਸ਼ਟ ਹੋਣ ਤੋਂ ਬਚਾਉਣਾ ਚਾਹੀਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910